Breaking News
Home / ਪੰਜਾਬ / ਪਾਵਨ ਸਰੂਪ ਮਾਮਲਾ

ਪਾਵਨ ਸਰੂਪ ਮਾਮਲਾ

ਅਕਾਲ ਤਖਤ ਸਾਹਿਬ ਤੋਂ ਸਾਬਕਾ ਤੇ ਮੌਜੂਦਾ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਲਾਈ ਤਨਖ਼ਾਹ
ਸ਼੍ਰੋਮਣੀ ਕਮੇਟੀ ਦੀ 2016 ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਇਕ ਸਾਲ ਲਈ ਅਹੁਦਿਆਂ ਤੋਂ ਕੀਤੇ ਲਾਂਭੇ
ਅੰਮ੍ਰਿਤਸਰ/ਬਿਊਰੋ ਨਿਊਜ਼
ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਕਮੇਟੀ ਦੀ 2016 ਵਾਲੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੂੰ ਉਸ ਵੇਲੇ ਪਾਵਨ ਸਰੂਪ ਅਗਨਦਾਹ ਹੋਣ ਮਗਰੋਂ ਪਸ਼ਚਾਤਾਪ ਨਾ ਕਰਨ ਦੇ ਦੋਸ਼ ਹੇਠ ਅਤੇ ਮੌਜੂਦਾ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੂੰ ਸਵੈ ਇੱਛਾ ਨਾਲ ਖਿਮਾ ਯਾਚਨਾ ਕਰਨ ‘ਤੇ ਇਸ ਸਮੁੱਚੇ ਮਾਮਲੇ ਵਿੱਚ ਧਾਰਮਿਕ ਤਨਖਾਹ ਲਾਈ ਹੈ। ਇਸ ਤੋਂ ਇਲਾਵਾ ਪੰਥ ਵਿੱਚੋਂ ਛੇਕੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨਾਲ ਸਬੰਧ ਰੱਖਣ ਵਾਲਿਆਂ ਨੂੰ ਵੀ ਤਨਖਾਹ ਲਾਈ ਗਈ ਹੈ।
ਪੰਜ ਸਿੰਘ ਸਾਹਿਬਾਨ ਦੀ ਹੋਈ ਇਸ ਸਬੰਧੀ ਇਕੱਤਰਤਾ ਵਿੱਚ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗੌਹਰ-ਏ-ਮਸਕੀਨ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ, ਗਿਆਨੀ ਗੁਰਮਿੰਦਰ ਸਿੰਘ ਅਤੇ ਪੰਜ ਪਿਆਰਿਆਂ ਵਿਚੋਂ ਭਾਈ ਮੰਗਲ ਸਿੰਘ ਸ਼ਾਮਲ ਸਨ। ਲਗਪਗ ਇਕ ਘੰਟਾ ਚੱਲੀ ਇਸ ਕਾਰਵਾਈ ਦੌਰਾਨ ਸਭ ਤੋਂ ਪਹਿਲਾਂ 2016 ਵਾਲੀ ਅੰਤ੍ਰਿੰਗ ਕਮੇਟੀ ਨੂੰ ਸਪੱਸ਼ਟੀਕਰਨ ਦੇਣ ਲਈ ਸੱਦਿਆ ਗਿਆ। ਉਸ ਵੇਲੇ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਦੇਹਾਂਤ ਹੋਣ ਕਾਰਨ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਕੋਲੋਂ ਪੁੱਛ ਪੜਤਾਲ ਕੀਤੀ ਗਈ। ਉਨ੍ਹਾਂ ਪਸ਼ਚਾਤਾਪ ਨਾ ਕਰਨ ਦੀ ਗਲਤੀ ਸੰਗਤ ਸਾਹਮਣੇ ਕਬੂਲ ਕੀਤੀ। ਜਥੇਦਾਰ ਹਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਆਦੇਸ਼ ਦਿੱਤਾ ਕਿ ਉਹ ਇਕ ਸਾਲ ਤੱਕ ਸ਼੍ਰੋਮਣੀ ਕਮੇਟੀ ਦਾ ਕੋਈ ਅਹੁਦਾ ਨਹੀਂ ਲੈਣਗੇ, ਇਕ ਸਹਿਜ ਪਾਠ ਕਰਨਗੇ ਜਾਂ ਕਰਾਉਣਗੇ। ਸਹਿਜ ਪਾਠ ਕਰਾਉਣ ਦੀ ਸੂਰਤ ਵਿੱਚ ਉਸ ਨੂੰ ਸੁਣਨਗੇ। ਸਹਿਜ ਪਾਠ ਦੌਰਾਨ ਇਕ ਮਹੀਨੇ ਦੇ ਇਸ ਸਮੇਂ ਵਿੱਚ ਉਹ ਨੇੜਲੇ ਗੁਰਦੁਆਰੇ ਵਿਚ ਆਪਣੀ ਸਰੀਰਕ ਸਮਰੱਥਾ ਮੁਤਾਬਕ ਸੇਵਾ ਕਰਨਗੇ। ਪੁਰਾਣੀ ਅੰਤ੍ਰਿੰਗ ਕਮੇਟੀ ਦੇ 15 ਮੈਂਬਰਾਂ ਵਿਚੋਂ 12 ਮੈਂਬਰ ਇਸ ਮੌਕੇ ਹਾਜ਼ਰ ਸਨ।
ਮੌਜੂਦਾ ਅੰਤ੍ਰਿੰਗ ਕਮੇਟੀ ਨੇ ਸਵੈ ਇੱਛਾ ਨਾਲ ਖਿਮਾ ਯਾਚਨਾ ਕੀਤੀ। ਜਥੇਦਾਰ ਨੇ ਉਨ੍ਹਾਂ ਨੂੰ ਆਦੇਸ਼ ਦਿੱਤਾ ਗਿਆ ਕਿ ਸਰੂਪ ਅਗਨਦਾਹ ਹੋਣ ਦੇ ਮਾਮਲੇ ਵਿੱਚ ਉਹ ਇਕ ਅਖੰਡ ਪਾਠ ਗੁਰਦੁਆਰਾ ਰਾਮਸਰ ਅਤੇ ਇਕ ਅਖੰਡ ਪਾਠ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਾਉਣਗੇ। ਸ੍ਰੀ ਅਕਾਲ ਤਖ਼ਤ ਵਿਖੇ ਅਖੰਡ ਪਾਠ ਦੌਰਾਨ ਤਿੰਨ ਦਿਨ ਸਾਰਾਗੜ੍ਹੀ ਨਿਵਾਸ ਤੋਂ ਘੰਟਾ ਘਰ ਤਕ ਰੋਜ਼ਾਨਾ ਝਾੜੂ ਮਾਰਨਗੇ ਅਤੇ ਇਕ ਮਹੀਨਾ ਜਨਤਕ ਸਮਾਗਮਾਂ ਵਿੱਚ ਸੰਗਤ ਨੂੰ ਸੰਬੋਧਨ ਨਹੀਂ ਕਰਨਗੇ। ਇਸ ਦੌਰਾਨ 28 ਸਤੰਬਰ ਨੂੰ ਹੋਣ ਵਾਲੇ ਬਜਟ ਸਮਾਗਮ ਵਿਚ ਇਸ ਆਦੇਸ਼ ਤੋਂ ਛੋਟ ਦਿੱਤੀ ਗਈ ਹੈ। ਇਹ ਵੀ ਆਦੇਸ਼ ਕੀਤਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਆਪਣੇ ਫੈਸਲੇ ਇਕੋ ਵਾਰ ਕਰੇ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਸਵੈ ਇੱਛਾ ਨਾਲ ਖਿਮਾ ਯਾਚਨਾ ਕਰਨ ਆਏ ਹਨ।
ਪੰਥ ਵਿਚੋਂ ਛੇਕੇ ਸੁੱਚਾ ਸਿੰਘ ਲੰਗਾਹ ਨਾਲ ਸਬੰਧ ਰੱਖਣ ਦੇ ਦੋਸ਼ ਹੇਠ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੈਂਬਰ ਰਤਨ ਸਿੰਘ ਜਫਰਵਾਲ ਅਤੇ ਸਿਖ ਆਗੂ ਪ੍ਰੋ. ਸਰਚਾਂਦ ਸਿੰਘ ਨੂੰ ਧਾਰਮਿਕ ਤਨਖ਼ਾਹ ਲਾਈ ਗਈ ਹੈ। ਸੰਗਤ ਨੂੰ ਆਦੇਸ਼ ਦਿੱਤਾ ਹੈ ਕਿ ਜਦੋਂ ਤਕ ਇਹ ਸੇਵਾ ਪੂਰੀ ਨਹੀਂ ਕਰਦੇ, ਇਨ੍ਹਾਂ ਨਾਲ ਸਬੰਧ ਨਾ ਰੱਖਿਆ ਜਾਵੇ। ਜ਼ਿਕਰਯੋਗ ਹੈ ਕਿ 328 ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜਾਂਚ ਕਮੇਟੀ ਵੱਲੋਂ ਦੋਸ਼ੀ ਠਹਿਰਾਏ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵੀ ਖਿਮਾ ਯਾਚਨਾ ਲਈ ਪੇਸ਼ ਹੋਣ ਵਾਸਤੇ ਅਪੀਲ ਕੀਤੀ ਸੀ ਪਰ ਉਨ੍ਹਾਂ ਵਿਚੋਂ ਕੋਈ ਵੀ ਇੱਥੇ ਨਹੀਂ ਪੁੱਜਾ ਸੀ।

ਲੌਂਗੋਵਾਲ ਨੂੰ ਅਕਾਲ ਤਖ਼ਤ ਸਾਹਿਬ ਤੋਂ ਦੂਜੀ ਵਾਰ ਮਿਲੀ ਧਾਰਮਿਕ ਸਜ਼ਾ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਅਕਾਲ ਤਖਤ ਸਾਹਿਬ ਤੋਂ ਦੂਸਰੀ ਵਾਰ ਤਨਖਾਹ (ਧਾਰਮਿਕ ਸਜ਼ਾ) ਲੱਗੀ ਹੈ। ਦੂਸਰੀ ਵਾਰ ਤਨਖਾਹ ਲੱਗਣ ਦਾ ਕਾਰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਭਾਲ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਨ ਕੀਤੇ ਜਾ ਰਹੇ 328 ਪਾਵਨ ਸਰੂਪਾਂ ਦੇ ਰਿਕਾਰਡ ਵਿਚ ਮੁਲਾਜ਼ਮਾਂ ਵਲੋਂ ਕੀਤੀ ਛੇੜਖਾਨੀ ਅਤੇ ਭੇਟਾ ਵੀ ਜਮ੍ਹਾ ਨਾ ਕਰਵਾਉਣ ਦੇ ਦੋਸ਼ ਵਿਚ ਲੱਗੀ ਹੈ। ਭਾਵੇਂ ਲੌਂਗੋਵਾਲ ਨੇ ਇਕਲਾਖੀ ਤੌਰ ‘ਤੇ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਪੰਜ ਸਿੰਘ ਸਾਹਿਬ ਨੂੰ ਇਸ ਕੇਸ ਵਿਚ ਖਿਮਾ ਯਾਚਨਾ ਲਈ ਬੇਨਤੀ ਪੱਤਰ ਦਿੱਤਾ ਸੀ, ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਚੁਣੇ ਜਾਂਦੇ ਜਥੇਦਾਰਾਂ ਨੇ ਹੀ ਅੰਤ੍ਰਿਗ ਕਮੇਟੀ ਨੂੰ ਹੀ ਤਨਖਾਹੀਆ ਕਰਾਰ ਦੇ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਨੂੰ 17 ਅਪ੍ਰੈਲ 2017 ਵਿਚ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਤਨਖਾਹ ਲੱਗੀ ਸੀ, ਜਿਸ ਦਾ ਕਾਰਨ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਸੀ। ਇਸ ਹੁਕਮਨਾਮੇ ਵਿਚ ਡੇਰਾ ਸਿਰਸਾ ਮੁਖੀ ਤੇ ਉਸ ਦੇ ਪੈਰੋਕਾਰਾਂ ਦੇ ਨਾਲ ਮਿਲਵਰਤਣ ਨਾ ਰੱਖਣ ਦਾ ਹੁਕਮਨਾਮਾ ਜਾਰੀ ਸੀ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …