Breaking News
Home / ਪੰਜਾਬ / ਪਾਕਿ ‘ਚ ਗੁਰਦੁਆਰੇ ਦੀ ਇਮਾਰਤ ਢਾਹੁਣ ‘ਤੇ ਓਕਾਫ਼ ਬੋਰਡ ਦਾ ਚੇਅਰਮੈਨ ਤਲਬ

ਪਾਕਿ ‘ਚ ਗੁਰਦੁਆਰੇ ਦੀ ਇਮਾਰਤ ਢਾਹੁਣ ‘ਤੇ ਓਕਾਫ਼ ਬੋਰਡ ਦਾ ਚੇਅਰਮੈਨ ਤਲਬ

ਸਾਹੀਵਾਲ ਦੇ ਨਰਿੰਦਰ ਸਿੰਘ ਨੇ ਲਾਹੌਰ ਹਾਈਕੋਰਟ ‘ਚ ਦਾਇਰ ਕੀਤੀ ਸੀ ਪਟੀਸ਼ਨ
ਅੰਮ੍ਰਿਤਸਰ/ਬਿਊਰੋ ਨਿਊਜ਼ :ਪਾਕਿਸਤਾਨ ਦੇ ਸ਼ਹਿਰ ਸਾਹੀਵਾਲ (ਲਹਿੰਦਾ ਪੰਜਾਬ) ਦੇ ਵਪਾਰਕ ਇਲਾਕੇ ਸੌਰੀ ਗਲੀ ਬਾਜ਼ਾਰ ਵਿਚਲੇ ਢਾਈ ਮੰਜ਼ਿਲਾ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਦੀ ਆਲੀਸ਼ਾਨ ਇਮਾਰਤ ਦੇ ਵੱਡੇ ਹਿੱਸੇ ਨੂੰ ਢਾਹ ਕੇ ਉੱਥੇ ਪਲਾਜ਼ਾ ਉਸਾਰੇ ਜਾਣ ਨੂੰ ਲੈ ਕੇ ਲਾਹੌਰ ਹਾਈਕੋਰਟ ਵਲੋਂ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਸਾਦਿਕ ਉੱਲ ਫ਼ਾਰੂਕ ਨੂੰ ਤਲਬ ਹੋਣ ਲਈ ਆਦੇਸ਼ ਜਾਰੀ ਕੀਤੇ ਗਏ ਹਨ। ਲਾਹੌਰ ਹਾਈਕੋਰਟ ਦੇ ਜੱਜ ਮੁਹੰਮਦ ਇਕਬਾਲ ਵਲੋਂ ਇਹ ਆਦੇਸ਼ ਸਾਹੀਵਾਲ ਦੇ ਨਿਵਾਸੀ ਨਰਿੰਦਰ ਸਿੰਘ ਤਰਫੋਂ ਈ. ਟੀ. ਪੀ. ਬੀ. ਦੇ ਚੇਅਰਮੈਨ ਵਿਰੁੱਧ ਦਾਇਰ ਕੀਤੀ ਗਈ ਪਟੀਸ਼ਨ ਦੇ ਆਧਾਰ ‘ਤੇ ਜਾਰੀ ਕੀਤੇ ਗਏ ਹਨ। ਪਟੀਸ਼ਨ ‘ਚ ਦੋਸ਼
ਲਗਾਇਆ ਗਿਆ ਹੈ ਕਿ ਇਵੈਕੁਈ ਟਰੱਸਟ ਪ੍ਰਾਪਰਟੀਜ਼ (ਮੈਨੇਜਮੈਂਟ ਡਿਸਪੋਜ਼ਲ) ਐਕਟ 1975 ਦੀ ਧਾਰਾ 4 ਅਧੀਨ ਪਾਕਿਸਤਾਨ ‘ਚ ਰਹਿੰਦੇ ਕਿਸੇ ਵੀ ਘੱਟ-ਗਿਣਤੀ ਭਾਈਚਾਰੇ ਦੀਆਂ ਧਾਰਮਿਕ ਜਾਇਦਾਦਾਂ ਦੇ ਢਾਂਚੇ ‘ਚ ਫੇਰ-ਬਦਲ ਕਰਨਾ ਜਾਂ ਉਨ੍ਹਾਂ ਨੂੰ ਢਾਹੁਣਾ ਕਾਨੂੰਨੀ ਅਪਰਾਧ ਹੈ ਅਤੇ ਈ. ਟੀ. ਪੀ. ਬੀ. ਦੇ ਚੇਅਰਮੈਨ ਨੇ ਉਕਤ ਕਾਨੂੰਨੀ ਨਿਯਮਾਂ ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਛਿੱਕੇ ‘ਤੇ ਟੰਗਦਿਆਂ ਇਕ ਪੁਰਾਤਨ ਸਿੱਖ ਯਾਦਗਾਰ ਨੂੰ ਨੁਕਸਾਨ ਪਹੁੰਚਾਇਆ ਹੈ। ਜਾਣਕਾਰੀ ਅਨੁਸਾਰ ਸਾਹੀਵਾਲ (ਪੁਰਾਣਾ ਨਾਂ ਮਿੰਟਗੁਮਰੀ) ਵਿਚਲੇ ਉਕਤ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਨੂੰ ਜੂਨ 2013 ‘ਚ ਵੀ ਪੰਜ ਕਰੋੜ ਰੁਪਏ ‘ਚ ਵੇਚੇ ਜਾਣ ਦਾ ਮਾਮਲਾ ਜਨਤਕ ਹੋਇਆ ਸੀ। ਜਿਸ ਦੇ ਚਲਦਿਆਂ ਉਕਤ ਸ਼ਿਕਾਇਤਕਰਤਾ ਨਰਿੰਦਰ ਸਿੰਘ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ‘ਚ ਰਹਿੰਦੇ ਭਰਾ ਸਵ. ਰਾਜਵਿੰਦਰ ਸਿੰਘ ਵਲੋਂ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਕਾਰਨ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਢਾਹੇ ਜਾਣ ‘ਤੇ ਰੋਕ ਲਗਾ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਉਕਤ ਸੌਦਾ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਜਵਾਈ ਕੈਪਟਨ (ਰਿਟਾ:) ਮੁਹੰਮਦ ਸਫ਼ਦਰ ਦੀ ਮਾਰਫ਼ਤ ਪੀ. ਐਮ.ਐਲ-ਐਨ.ਪਾਰਟੀ ਦੀ ਸਰਗਰਮ ਮੈਂਬਰ ਸਾਬਕਾ ਕਾਸਲਰ ਰੋਮਾਨਾ ਸਫ਼ਦਰ ਗੁਜ਼ਰੀ ਅਤੇ ਈ. ਟੀ. ਪੀ. ਬੀ. ਵਿਚ ਹੋਇਆ ਸੀ। ਬੋਰਡ ਦੇ ਸਾਬਕਾ ਚੇਅਰਮੈਨ ਆਸਿਫ਼ ਹਾਸ਼ਮੀ ਨਾਲ ਮਿਲੀਭੁਗਤ ਕਰ ਕੇ ਰੋਮਾਨਾ ਸਫ਼ਦਰ ਨੇ ਗੁਰਦੁਆਰਾ ਦੀ 18 ਮਰਲੇ ਭੂਮੀ ਲੀਜ਼ ‘ਤੇ ਲਈ ਸੀ। ਜਦੋਂ ਉਸ ਨੇ ਕੁਝ ਹੋਰਨਾਂ ਔਰਤਾਂ ਦੀ ਸਹਾਇਤਾ ਨਾਲ ਗੁਰਦੁਆਰੇ ਦਾ ਤਾਲਾ ਤੋੜ ਕੇ ਜ਼ਬਰਦਸਤੀ ਉਸ ‘ਤੇ ਕਬਜ਼ਾ ਕਰਕੇ ਇਮਾਰਤ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਤਾਂ ਇਹ ਮਾਮਲਾ ਜਨਤਕ ਹੋਣ ‘ਤੇ ਸਵ: ਰਾਜਵਿੰਦਰ ਸਿੰਘ ਵਲੋਂ ਆਰੰਭੀ ਅਦਾਲਤੀ ਕਾਰਵਾਈ ਨਾਲ ਭੂਮੀ ਮਾਫ਼ੀਆ ਦੀ ਇਹ ਯੋਜਨਾ ਠੱਪ ਹੋ ਕੇ ਰਹਿ ਗਈ। ਇਧਰ ਭਾਰਤ ਵਾਲੇ ਪਾਸੇ ਇਸ ਮਾਮਲੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਪੱਤਰ ਭੇਜ ਕੇ ਮੰਗ ਕੀਤੀ ਸੀ ਕਿ ਪਾਕਿਸਤਾਨ ‘ਚ ਸਿੱਖ ਗੁਰਧਾਮਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਗੁਰਦੁਆਰਾ ਸਿੰਘ ਸਭਾ ਸਾਹੀਵਾਲ ਨੂੰ ਭੂਮੀ ਮਾਫ਼ੀਏ ਵਲੋਂ ਵੇਚਣ ਅਤੇ ਖ਼ਰੀਦਣ ਵਾਲਿਆਂ ਨੂੰ ਰੋਕਦਿਆਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਕਮੇਟੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੂੰ ਵੀ ਪੱਤਰ ਲਿਖ਼ ਕੇ ਪਾਕਿਸਤਾਨ ਸਰਕਾਰ ਨਾਲ ਕੂਟਨੀਤਕ ਪੱਧਰ ‘ਤੇ ਇਸ ਮਾਮਲੇ ਬਾਰੇ ਗੱਲਬਾਤ ਕਰਨ ਦੀ ਮੰਗ ਕੀਤੀ ਸੀ, ਪਰ ਇਸ ਮਾਮਲੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਸਰਕਾਰ ਵਲੋਂ ਕੋਈ ਗੰਭੀਰਤਾ ਨਾ ਵਿਖਾਏ ਜਾਣ ਕਰਕੇ ਪਾਕਿ ਦਾ ਬੇਲਗਾਮ ਹੋ ਚੁੱਕਿਆ ਭੂਮੀ ਮਾਫ਼ੀਆ ਈ. ਟੀ. ਪੀ. ਬੀ. ਦੀ ਮਾਰਫ਼ਤ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ‘ਚ ਕਾਮਯਾਬ ਹੋ ਗਿਆ।

Check Also

ਪਟਿਆਲਾ ’ਚ ਈਟੀਟੀ ਤੇ ਟੈੱਟ ਪਾਸ ਅਧਿਆਪਕ ਯੂਨੀਅਨ ’ਤੇ ਪੁਲਿਸ ਦਾ ਕਹਿਰ

ਲਾਠੀਚਾਰਜ ਕਰਕੇ ਕਈਆਂ ਨੂੰ ਕੀਤਾ ਗਿ੍ਰਫਤਾਰ ਪਟਿਆਲਾ/ਬਿਊਰੋ ਨਿਊਜ਼ ਪਟਿਆਲਾ ਵਿਚ ਆਪਣੀਆਂ ਮੰਗਾਂ ਲਈ ਮੁੱਖ ਮੰਤਰੀ …