ਹਰਜਿੰਦਰ ਸਿੰਘ ਧਾਮੀ ਨੇ ਆਰੋਪੀ ਪਿ੍ਰੰਸੀਪਲ ਖਿਲਾਫ ਕਾਰਵਾਈ ਦੀ ਕੀਤੀ ਮੰਗ
ਅੰਮਿ੍ਰਤਸਰ/ਬਿਊਰੋ ਨਿਊਜ਼
ਵਿਦੇਸ਼ਾਂ ਦੇ ਨਾਲ-ਨਾਲ ਹੁਣ ਭਾਰਤ ਦੇ ਕਈ ਸੂਬਿਆਂ ਵਿਚ ਵੀ ਸਿੱਖ ਭਾਈਚਾਰੇ ਨਾਲ ਵਿਤਕਰੇ ਦੀਆਂ ਘਟਨਾਵਾਂ ਸੁਣਨ ਅਤੇ ਦੇਖਣ ਨੂੰ ਮਿਲ ਰਹੀਆਂ ਹਨ। ਇਸੇ ਦੌਰਾਨ ਝਾਰਖੰਡ ਵਿਚ ਵੀ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਅਤੇ ਜਿੱਥੇ ਬੋਕਾਰੋ ਦੇ ਇਕ ਸਕੂਲ ਵਿਚ ਅੰਮਿ੍ਰਤਧਾਰੀ ਸਿੱਖ ਵਿਦਿਆਰਥੀ ਕਰਨਦੀਪ ਸਿੰਘ ਨੂੰ 10ਵੀਂ ਜਮਾਤ ਦੀ ਪ੍ਰੀਖਿਆ ਵਿਚ ਬੈਠਣ ਤੋਂ ਰੋਕ ਦਿੱਤਾ ਗਿਆ ਸੀ। ਇਸ ਤੋਂ ਬਾਅਦ ਝਾਰਖੰਡ ਦੀ ਸਿੱਖ ਵੈਲਫੇਅਰ ਸੁਸਾਇਟੀ ਨੇ ਪ੍ਰਧਾਨ ਮੰਤਰੀ ਦਫਤਰ ਨੂੰ ਪੱਤਰ ਲਿਖ ਕੇ ਸੀ ਬੀ ਐਸ ਈ ਦੇ ਅਧੀਨ ਆਉਂਦੇ ਇਸ ਸਕੂਲ ਅਤੇ ਸਕੂਲ ਦੇ ਪਿ੍ਰੰਸੀਪਲ ਖਿਲਾਫ ਕਾਰਵਾਈ ਦੀ ਮੰਗੀ ਕੀਤੀ ਹੈ। ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਝਾਰਖੰਡ ਦੇ ਬੋਕਾਰੋ ਵਿਚ ਅੰਮਿ੍ਰਤਧਾਰੀ ਸਿੱਖ ਵਿਦਿਆਰਥੀ ਨੂੰ ਦਸਵੀਂ ਦੀ ਪ੍ਰੀਖਿਆ ਵਿਚ ਬੈਠਣ ਤੋਂ ਰੋਕਣ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਝਾਰਖੰਡ ਦੀ ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਕਰਵਾ ਕੇ ਆਰੋਪੀ ਪਿ੍ਰੰਸੀਪਲ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ।