ਉਤਰਖੰਡ ਤੋਂ ਗਿ੍ਰਫ਼ਤਾਰ ਕੀਤਾ ਗਿਆ ਪਤੀ ਪਤਨੀ ਨੂੰ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ’ਚ ਏਟੀਐਮ ’ਚ ਕੈਸ਼ ਪਾਉਣ ਵਾਲੀ ਕੰਪਨੀ ਸੀਐਮਐਸ ’ਚੋਂ 8 ਕਰੋੜ 49 ਲੱਖ ਰੁਪਏ ਦੀ ਲੁੱਟ ਦੀ ਮਾਸਟਰ ਮਾਈਂਡ ਮਨਦੀਪ ਕੌਰ ਉਰਫ ਮੋਨਾ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਨੇ ਮੋਨਾ ਨੂੰ ਉਸ ਦੇ ਪਤੀ ਜਸਵਿੰਦਰ ਸਿਘ ਦੇ ਨਾਲ ਉਤਰਖੰਡ ਤੋਂ ਗਿ੍ਰਫ਼ਤਾਰ ਕੀਤਾ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਉਸ ਨੂੰ ਓਪਨ ਚੈਲੇਂਜ ਦਿੱਤਾ ਸੀ। ਲੁਧਿਆਣਾ ਪੁਲਿਸ ਨੇ ਸ਼ੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲਿਖਿਆ ਸੀ ਕਿ ਮਨਦੀਪ ਕੌਰ ਉਰਫ ਮੋਨਾ ਅਤੇ ਜਸਵਿੰਦਰ ਸਿੰਘ ਤੁਸੀਂ ਜਿੰਨਾ ਤੇਜ ਭੱਜਣਾ ਹੈ ਭੱਜ ਲਓ ਪ੍ਰੰਤੂ ਤੁਸੀਂ ਬਚ ਨਹੀਂ ਸਕਦੇ ਅਤੇ ਤੁਹਾਨੂੰ ਜਲਦੀ ਹੀ ਸਲਾਖਾ ਪਿੱਛੇ ਕੈਦ ਕਰ ਦਿੱਤਾ ਜਾਵੇਗਾ। ਮੋਨਾ ਅਤੇ ਉਸ ਦੇ ਪਤੀ ਨੂੰ ਗਿ੍ਰਫਤਾਰ ਕਰਨ ਲਈ ਪੰਜਾਬ ਪੁਲਿਸ ਦੀਆਂ 10 ਟੀਮਾਂ ਕੰਮ ਕਰ ਰਹੀਆਂ ਸਨ। ਨੇਪਾਲ ਬਾਰਡਰ ਤੱਕ ਪੁਲਿਸ ਨੇ ਟੀਮਾਂ ਭੇਜੀਆਂ ਹੋਈਆਂ ਹਨ। ਉਥੇ ਹੀ ਦੋਵੇਂ ਪਤੀ-ਪਤਨੀ ਦੇ ਖਿਲਾਫ ਪੁਲਿਸ ਨੇ ਲੁੱਕ ਆਊਟ ਸਰਕੂਲਰ ਵੀ ਜਾਰੀ ਕੀਤਾ ਹੋਇਆ ਹੈ ਤਾਂ ਕਿ ਉਹ ਵਿਦੇਸ਼ ਨਾ ਭੱਜ ਸਕਣ। ਮੋਨਾ ਦੀ ਮਾਂ ਅਤੇ ਭਰਾ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲਿਆ ਹੋਇਆ ਹੈ। ਧਿਆਨ ਰਹੇ ਲੰਘੇ ਦਿਨੀਂ ਲੁਧਿਆਣਾ ’ਚ ਏਟੀਐਮ ਵਿਚ ਕੈਸ਼ ਪਾਉਣ ਵਾਲੀ ਕੰਪਨੀ ਸੀਐਮਐਸ ਵਿਚੋਂ 8 ਕਰੋੜ 49 ਲੱਖ ਰੁਪਏ ਲੁੱਟ ਲਏ ਗਏ ਸਨ। ਇਸ ਲੁੱਟ ਦੀ ਘਟਨਾ ਨੂੰ 10 ਵਿਅਕਤੀਆਂ ਵੱਲੋਂ ਅੰਜ਼ਾਮ ਦਿੱਤਾ ਗਿਆ ਸੀ ਅਤੇ ਪੰਜਾਬ ਪੁਲਿਸ ਨੇ ਇਨ੍ਹਾਂ ਵਿਚੋਂ 6 ਨੂੰ ਗਿ੍ਰਫ਼ਤਾਰ ਕਰ ਲਿਆ ਸੀ। ਪ੍ਰੰਤੂ ਘਟਨਾ ਦੀ ਮੁੱਖ ਮਾਸਟਰ ਮਾਈਂਡ ਮੋਨਾ ਉਰਫ ਮਨਦੀਪ ਕੌਰ ਅਤੇ ਉਸ ਦਾ ਪਤੀ ਜਸਵਿੰਦਰ ਸਿੰਘ ਫਰਾਰ ਚੱਲ ਰਹੇ ਸਨ ਜਿਨ੍ਹਾਂ ਨੂੰ ਅੱਜ ਪੰਜਾਬ ਪੁਲਿਸ ਨੇ ਉਤਰਾਖੰਡ ਤੋਂ ਗਿ੍ਰਫ਼ਤਾਰ ਕਰ ਲਿਆ ਹੈ।