19.7 C
Toronto
Monday, May 25, 2026
spot_img
Homeਪੰਜਾਬਸ਼੍ਰੋਮਣੀ ਕਮੇਟੀ ਵੱਲੋਂ 988 ਕਰੋੜ ਰੁਪਏ ਤੋਂ ਵੱਧ ਦਾ ਬਜਟ ਪਾਸ

ਸ਼੍ਰੋਮਣੀ ਕਮੇਟੀ ਵੱਲੋਂ 988 ਕਰੋੜ ਰੁਪਏ ਤੋਂ ਵੱਧ ਦਾ ਬਜਟ ਪਾਸ

ਆਮਦਨ ਨਾਲੋਂ ਖਰਚੇ ਲਗਪਗ 29.70 ਕਰੋੜ ਰੁਪਏ ਵੱਧ ਹੋਣ ਦੀ ਸੰਭਾਵਨਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿੱਤੀ ਵਰ੍ਹੇ 2022-23 ਵਾਸਤੇ 988 ਕਰੋੜ 15 ਲੱਖ 53,780 ਰੁਪਏ ਦਾ ਅਨੁਮਾਨਿਤ ਬਜਟ ਪਾਸ ਕੀਤਾ ਹੈ ਜੋ ਲਗਪਗ 29 ਕਰੋੜ 70 ਲੱਖ ਰੁਪਏ ਘਾਟੇ ਦਾ ਬਜਟ ਹੈ। ਇਸ ਦੌਰਾਨ ਵਿਰੋਧੀ ਧਿਰ ਨਾਲ ਸਬੰਧਤ ਕੁਝ ਸ਼੍ਰੋਮਣੀ ਕਮੇਟੀ ਮੈਂਬਰ ਬਜਟ ਤੋਂ ਪਹਿਲਾਂ ਬੋਲਣ ਦੀ ਮੰਗ ਪੂਰੀ ਨਾ ਹੋਣ ‘ਤੇ ਬਜਟ ਇਜਲਾਸ ਦਾ ਬਾਈਕਾਟ ਕਰ ਕੇ ਚਲੇ ਗਏ। ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸਾਲਾਨਾ ਬਜਟ ਲਈ ਸੱਦੇ ਗਏ ਜਨਰਲ ਇਜਲਾਸ ਵਿੱਚ ਸ਼੍ਰੋਮਣੀ ਕਮੇਟੀ ਦੇ ਲਗਪਗ 101 ਮੈਂਬਰ ਹਾਜ਼ਰ ਸਨ। ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਬਜਟ ਮੈਂਬਰਾਂ ਅੱਗੇ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਵਿੱਤੀ ਵਰ੍ਹੇ 2022-23 ਦੌਰਾਨ ਸ਼੍ਰੋਮਣੀ ਕਮੇਟੀ ਨੂੰ ਧਰਮ ਪ੍ਰਚਾਰ ਕਮੇਟੀ, ਸੈਕਸ਼ਨ 85 ਹੇਠ ਆਉਂਦੇ ਗੁਰਦੁਆਰੇ, ਵਿੱਦਿਅਕ ਅਦਾਰਿਆਂ, ਜਨਰਲ ਬੋਰਡ ਫੰਡ, ਪ੍ਰਿੰਟਿੰਗ ਪ੍ਰੈੱਸਾਂ ਆਦਿ ਤੋਂ 958 ਕਰੋੜ 45 ਲੱਖ 34,985 ਰੁਪਏ ਦੀ ਸਾਲਾਨਾ ਆਮਦਨ ਹੋਣ ਦਾ ਅਨੁਮਾਨ ਹੈ ਜਦੋਂਕਿ ਵਿੱਤੀ ਵਰ੍ਹੇ ਦੌਰਾਨ ਕੁੱਲ ਖਰਚੇ 988 ਕਰੋੜ 15 ਲੱਖ 53,780 ਰੁਪਏ ਹੋਣ ਦਾ ਅਨੁਮਾਨ ਹੈ। ਇਸ ਵਰ੍ਹੇ ਖਰਚੇ ਲਗਪਗ 29 ਕਰੋੜ 70 ਲੱਖ 18,780 ਰੁਪਏ ਵਧੇਰੇ ਹੋਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਇਹ ਖਰਚੇ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਵਿੱਚ ਰੱਖੇ ਏਡਿਡ ਅਮਲੇ ਦੇ ਫੰਡ ਅਤੇ ਵਿਦਿਆਰਥੀਆਂ ਦੀ ਐੱਸਸੀ ਸਕਾਲਰਸ਼ਿਪ ਦੀ ਰਾਸ਼ੀ ਨਾ ਮਿਲਣ ਕਾਰਨ ਵਧਿਆ ਹੈ।

RELATED ARTICLES
POPULAR POSTS