ਨਕੋਦਰ/ਬਿਊਰੋ ਨਿਊਜ਼ : ਵਿਧਾਨ ਸਭਾ ਹਲਕਾ ਨਕੋਦਰ ਦੇ ਪਿੰਡ ਸ਼ਰੀਂਹ ਵਿਚ ਵਿਧਾਇਕਾ ਇੰਦਰਜੀਤ ਕੌਰ ਮਾਨ ਦੀ ਅਗਵਾਈ ਵਿਚ ਕੀਤੀ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਔਰਤਾਂ ਨੂੰ ਦਿੱਤੇ ਜਾਣ ਵਾਲੇ 1000 ਤੇ 1500 ਰੁਪਏ ਦੀ ਗੱਲ ਕਰਦਿਆਂ ਕਿਹਾ ਕਿ ਤੁਹਾਡੇ ਟੈਕਸਾਂ ਦਾ ਦਿੱਤਾ ਪੈਸਾ ਹੀ ਤੁਹਾਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਨਵੰਬਰ ਨੂੰ ਪੰਜਾਬ ਦਿਵਸ ਮੌਕੇ ਔਰਤਾਂ ਦੇ ਫੋਨਾਂ ‘ਤੇ ਮੁੜ ਟੂੰ-ਟੂੰ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਅਤੇ ਭਾਰਤੀ ਜਨਤਾ ਪਾਰਟੀ ਨੇ ਮਿਲ ਕੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਸੀ ਪਰ ਤੁਹਾਡੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਮੁੜ ਲੀਹ ‘ਤੇ ਲਿਆਂਦਾ ਹੈ। ਇਨ੍ਹਾਂ ਦਾ ਪੰਜ ਨੁਕਾਤੀ ਪ੍ਰੋਗਰਾਮ ‘ਮੈਂ, ਮੇਰਾ ਮੁੰਡਾ, ਮੇਰਾ ਭਤੀਜਾ, ਜੀਜਾ ਅਤੇ ਸਾਲੇ ਬਾਰੇ ਸੋਚਣ ਵਾਲੇ ਇਹ ਲੋਕਾਂ ਬਾਰੇ ਕਦੇ ਨਹੀਂ ਸੋਚਦੇ। ਸਰਕਾਰ ਨੇ ਬਿਨਾਂ ਰਿਸ਼ਵਤ ਤੇ ਬਿਨਾਂ ਸਿਫਾਰਸ਼ ਤੋਂ 70865 ਨੌਕਰੀਆਂ ਦਿਤੀਆਂ। ਅਕਾਲੀ ਦਲ ਦੀ ਸਰਕਾਰ ਸਮੇਂ ਨਹਿਰਾਂ ਦਾ ਪਾਣੀ ਬਾਦਲ ਦੇ ਖੇਤਾਂ, ਰਾਜਸਥਾਨ ਅਤੇ ਹਰਿਆਣੇ ਨੂੰ ਜਾਂਦਾ ਸੀ ਜੋ ਹੁਣ 18000 ਕਿਊਸਕ ਪਾਣੀ ਪੰਜਾਬ ਦੇ ਕਿਸਾਨਾਂ ਨੂੰ ਜਾ ਰਿਹਾ ਹੈ।
ਸਿੱਖਿਆ ਦੇ ਖੇਤਰ ਵਿਚ ਵੱਡੇ ਸੁਧਾਰ ਕਰਕੇ 27ਵੇਂ ਨੰਬਰ ‘ਤੇ ਗਏ ਸੂਬੇ ਨੂੰ ਪਿਛਲੇ ਸਾਲ ਪਹਿਲੇ ਨੰਬਰ ‘ਤੇ ਲਿਆਂਦਾ ਗਿਆ ਹੈ। ਸਿੱਖਿਆ ਵਿਚ ਕੀਤੇ ਸੁਧਾਰਾਂ ਕਾਰਨ ਇਸ ਵਾਰ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਨੀਟ ਪਾਸ ਕੀਤੀ ਹੈ। ਮੁਫਤ ਬਿਜਲੀ ਦੇ ਕੇ ਆਮ ਆਦਮੀ ਕਲੀਨਿਕ ਬਣਾ ਕੇ, 18 ਫੁੱਟੀਆਂ ਸੜਕਾਂ ਬਣਾ ਕੇ, ਸਕੂਲੀ ਢਾਂਚੇ ਵਿਚ ਵੱਡੇ ਸੁਧਾਰ ਕਰਕੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ‘ਤੇ ਮੁੜ ਲਿਆਂਦਾ ਗਿਆ ਹੈ।
ਸ਼੍ਰੋਮਣੀ ਅਕਾਲੀ ‘ਤੇ ਨਿਸ਼ਾਨਾ ਸੇਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ 25 ਸਾਲ ਤੱਕ ਰਾਜ ਕਰਨ ਦਾ ਹੰਕਾਰ ਕਰਨ ਵਾਲੇ ਅਕਾਲੀ ਦਲ ਕੋਲ ਇਸ ਸਮੇਂ 25 ਬੰਦੇ ਵੀ ਨਹੀਂ ਰਹਿ ਗਏ। ਲੋਕਾਂ ਵੱਲੋਂ ਨਕਾਰੇ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਇਕ ਹੋਰ ਮੌਕਾ ਦੇਣ ਦੇ ਤਰਲੇ ਮਾਰ ਰਿਹਾ ਹੈ। ਕਾਂਗਰਸ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਕੋਲ ਇਸ ਸਮੇਂ ਵਰਕਰ ਘਟ, ਮੁੱਖ ਮੰਤਰੀ ਵਧ ਗਏ ਹਨ। ਕਾਂਗਰਸੀ ਤਾਂ ਇਸ ਸਮੇਂ ਇਕ ਦੂਜੇ ਦੀਆਂ ਲੱਤਾਂ ਹੀ ਖਿੱਚੀ ਜਾਂਦੇ ਹਨ ਜਿਸ ਕਾਰਨ ਉਸ ਦੀ ਹਾਲਤ 80 ਸਾਲ ਵਰਗੇ ਬਜ਼ੁਰਗ ਵਰਗੀ ਹੋ ਗਈ ਹੈ। ਇਸ ਮੌਕੇ ਉਨ੍ਹਾਂ ਪਿੰਡ ਦੀ ਪੰਚਾਇਤ ਨੂੰ ਵਿਕਾਸ ਵਾਸਤੇ 51 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਵੀ ਦਿੱਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁੜ ‘ਆਪ’ ਦੀ ਸਰਕਾਰ ਬਣਾਉਣ ਵਿਚ ਬਣਦਾ ਯੋਗਦਾਨ ਪਾਉਣ। ਇਸ ਮੌਕੇ ਮੌਕੇ ਵੱਖ ਵਿਭਾਗਾਂ ਦੇ ਚੇਅਰਮੈਨ, ਸਰਕਾਰੀ ਅਧਿਕਾਰੀ ਅਤੇ ਪਾਰਟੀ ਵਰਕਰ ਵੀ ਮੌਜੂਦ ਸਨ।

