Breaking News
Home / ਪੰਜਾਬ / ਪੰਜਾਬ ਦੀਆਂ ਤਿੰਨ ਵਿਰੋਧੀ ਧਿਰਾਂ ਦੀਆਂ ਸਿਆਸੀ ਸਰਗਰਮੀਆਂ ਠੱਪ

ਪੰਜਾਬ ਦੀਆਂ ਤਿੰਨ ਵਿਰੋਧੀ ਧਿਰਾਂ ਦੀਆਂ ਸਿਆਸੀ ਸਰਗਰਮੀਆਂ ਠੱਪ

ਫਗਵਾੜਾ ਅਤੇ ਜਲਾਲਾਬਾਦ ਦੀਆਂ ਉਪ ਚੋਣਾਂ ‘ਚ ਕਾਂਗਰਸ ਅਤੇ ਅਕਾਲੀ-ਭਾਜਪਾ ‘ਚ ਹੋਵੇਗੀ ਟੱਕਰ
ਚੰਡੀਗੜ੍ਹ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀਆਂ ਤਿੰਨ ਵਿਰੋਧੀ ਧਿਰਾਂ ਦੀਆਂ ਸਿਆਸੀ ਸਰਗਰਮੀਆਂ ਤਕਰੀਬਨ ਠੱਪ ਹਨ। ਇਸ ਕਰਕੇ ਪੰਜਾਬ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਘੱਟੋ-ਘੱਟ ਦੋ ਵਿਧਾਨ ਸਭਾ ਹਲਕਿਆਂ ਫਗਵਾੜਾ ਅਤੇ ਜਲਾਲਾਬਾਦ ਦੀਆਂ ਉਪ ਚੋਣਾਂ ਵਿਚ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ-ਭਾਜਪਾ ਵਿਚਕਾਰ ਹੀ ਟੱਕਰ ਹੋਣ ਦੇ ਆਸਾਰ ਹਨ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਬਣੇ ਪੰਜਾਬ ਜ਼ਮਹੂਰੀ ਗੱਠਜੋੜ (ਪੀਡੀਏ) ਦੀਆਂ ਸਾਂਝੀਆਂ ਸਿਆਸੀ ਸਰਗਰਮੀਆਂ ਹੁਣ ਪੂਰੀ ਤਰ੍ਹਾਂ ਠੱਪ ਹਨ। ਦੱਸਣਯੋਗ ਹੈ ਕਿ ਪੀਡੀਏ ਵਿਚ ਆਮ ਆਦਮੀ ਪਾਰਟੀ (ਆਪ) ਤੋਂ ਅਸਤੀਫ਼ਾ ਦੇ ਚੁੱਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ, ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਲੋਕ ਇਨਸਾਫ਼ ਪਾਰਟੀ, ‘ਆਪ’ ਦੇ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੀ ਨਵਾਂ ਪੰਜਾਬ ਪਾਰਟੀ, ਬਹੁਜਨ ਸਮਾਜ ਪਾਰਟੀ (ਬਸਪਾ), ਸੀਪੀਆਈ ਤੇ ਕਾਮਰੇਡ ਮੰਗਤ ਰਾਮ ਪਾਸਲਾ ਦੀ ਪਾਰਟੀ ਸ਼ਾਮਲ ਸਨ।
ਪੀਡੀਏ ਦੇ ਕੇਵਲ ਤਿੰਨ ਉਮੀਦਵਾਰਾਂ ਲੁਧਿਆਣਾ ਤੋਂ ਬੈਂਸ, ਪਟਿਆਲਾ ਤੋਂ ਡਾ. ਗਾਂਧੀ ਅਤੇ ਖਡੂਰ ਸਾਹਿਬ ਤੋਂ ਪਰਮਜੀਤ ਕੌਰ ਖਾਲੜਾ ਨੂੰ ਹੀ ਸਨਮਾਨਯੋਗ ਵੋਟਾਂ ਮਿਲੀਆਂ ਹਨ ਪਰ ਬਾਕੀ ਸਾਰੇ ਉਮੀਦਵਾਰ ਬੁਰੀ ਤਰ੍ਹਾਂ ਹਾਰੇ। ਹਾਰ ਤੋਂ ਬਾਅਦ ਕੇਵਲ ਬੈਂਸ ਤੇ ਖਹਿਰਾ ਹੀ ਸਰਗਰਮ ਹਨ। ਬਸਪਾ ਦੇ ਪ੍ਰਧਾਨ ਰਛਪਾਲ ਸਿੰਘ ਰਾਜੂ ਦੀ ਛੁੱਟੀ ਕਰ ਦਿੱਤੀ ਹੈ ਤੇ ਇਸ ਪਾਰਟੀ ਦੀ ਸੁਪਰੀਮੋ ਬੀਬੀ ਮਾਇਆਵਤੀ ਨੇ ਭਵਿੱਖ ਵਿਚ ਆਪਣੇ ਪੱਧਰ ‘ਤੇ ਹੀ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਪੀਡੀਏ ਦੀ ਇਹ ਧਿਰ ਪੂਰੀ ਤਰ੍ਹਾਂ ਕੱਟੀ ਗਈ ਹੈ।
ਇਸ ਸਬੰਧੀ ਖਹਿਰਾ ਨੇ ਮੰਨਿਆ ਕਿ ਚੋਣਾਂ ਤੋਂ ਬਾਅਦ ਪੀਡੀਏ ਦੀਆਂ ਸਰਗਰਮੀਆਂ ਠੱਪ ਹਨ। ਉਨ੍ਹਾਂ ਦੱਸਿਆ ਕਿ ਉਹ ਅਗਲੇ ਹਫ਼ਤੇ ਸਰਕਾਰ ਵੱਲੋਂ ਕਤਲ ਦੇ ਮਾਮਲੇ ਦੇ ਦੋਸ਼ੀਆਂ ਦੀ ਸਜ਼ਾ ਮੁਆਫ਼ ਕਰਨ, ਦਿੱਲੀ ਪੁਲਿਸ ਵੱਲੋਂ ਸਿੱਖ ਡਰਾਈਵਰ ਤੇ ਉਸ ਦੇ ਪੁੱਤ ਉੱਪਰ ਤਸ਼ੱਦਦ ਕਰਨ ਤੇ ਪੰਜਾਬ ਵਿਚ ਬੇਅਦਬੀਆਂ ਦੇ ਮੁੱਦਿਆਂ ਉੱਪਰ ਪੀਡੀਏ ਦੀ ਮੀਟਿੰਗ ਸੱਦਣਗੇ। ਇਸੇ ਦੌਰਾਨ ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਨੇ ਨਵੀਆਂ ਕਰਵਟਾਂ ਲਈਆਂ ਹਨ, ਹੁਣ ਉਹ ਸੋਚ-ਵਿਚਾਰ ਕਰ ਕੇ ਹੀ ਕੋਈ ਸਾਂਝੀ ਪਾਰਟੀ ਬਣਾਉਣਗੇ। ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚੋਂ ਬਗ਼ਾਵਤ ਕਰਕੇ ਬਣੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀਆਂ ਸਰਗਰਮੀਆਂ ਵੀ ਚੋਣਾਂ ਤੋਂ ਬਾਅਦ ਠੱਪ ਹਨ।
ਪੰਜਾਬ ਦੀ ਮੁੱਖ ਵਿਰੋਧੀ ਧਿਰ ‘ਆਪ’ ਨੂੰ ਚੋਣਾਂ ਦੌਰਾਨ ਰੋਪੜ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਾਂਗਰਸ ਵਿਚ ਸ਼ਾਮਲ ਹੋ ਕੇ ਵੱਡਾ ਝਟਕਾ ਦਿੱਤਾ ਸੀ। ਦਰਅਸਲ ਪਹਿਲਾਂ ਹੀ ਪਾਰਟੀ ਦੇ 20 ਵਿਧਾਇਕਾਂ ਵਿਚੋਂ ਸੱਤ ਬਾਗ਼ੀ ਹੋ ਕੇ ਚੱਲ ਰਹੇ ਸਨ ਅਤੇ ਐੱਚਐੱਸ ਫੂਲਕਾ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ। ਇਸ ਕਾਰਨ ਪਾਰਟੀ ਨਾਲ ਕੇਵਲ 11 ਵਿਧਾਇਕ ਰਹਿ ਗਏ ਹਨ। ‘ਆਪ’ ‘ਬਿਜਲੀ ਅੰਦੋਲਨ’ ਰਾਹੀਂ ਪੰਜਾਬ ਵਿਚ ਪੈਰ ਜਮਾ ਕੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਸਰ ਕਰਨ ਦੇ ਸੁਫਨੇ ਲੈ ਰਹੀ ਹੈ।

Check Also

ਸੁਖਪਾਲ ਖਹਿਰਾ ਨੇ ਦਲਬੀਰ ਗੋਲਡੀ ਦੇ ‘ਆਪ’ ’ਚ ਸ਼ਾਮਲ ਹੋਣ ਦਾ ਦੱਸਿਆ ਵੱਡਾ ਕਾਰਨ

ਕਿਹਾ : ਵਿਜੀਲੈਂਸ ਦੀ ਜਾਂਚ ਤੋਂ ਡਰਦਿਆਂ ਗੋਲਡੀ ਨੇ ਭਗਵੰਤ ਮਾਨ ਮੂਹਰੇ ਟੇਕੇ ਗੋਡੇ ਸੰਗਰੂਰ/ਬਿਊਰੋ …