Breaking News
Home / ਪੰਜਾਬ / ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਧਰਮ ਨਿਰਪੱਖ : ਚੌਧਰੀ ਮੁਹੰਮਦ ਸਰਵਰ

ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਧਰਮ ਨਿਰਪੱਖ : ਚੌਧਰੀ ਮੁਹੰਮਦ ਸਰਵਰ

ਅੰਮ੍ਰਿਤਸਰ/ਬਿਊਰੋ ਨਿਊਜ਼ : ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਪਾਕਿਸਤਾਨ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਅਤੇ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੋਵਾਂ ਥਾਵਾਂ ‘ਤੇ ਮਨਾਈ ਗਈ ਹੈ।
ਦੋਵਾਂ ਥਾਵਾਂ ‘ਤੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਦੇ ਕੀਰਤਨ ਮਗਰੋਂ ਅਰਦਾਸ ਕੀਤੀ ਗਈ। ਲਾਹੌਰ ਦੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਇਸ ਸਬੰਧ ਵਿੱਚ ਕੀਤੇ ਗਏ ਬਰਸੀ ਸਮਾਗਮ ਦੌਰਾਨ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਮੁੱਖ ਤੌਰ ‘ਤੇ ਸ਼ਮੂਲੀਅਤ ਕੀਤੀ। ਅੰਮ੍ਰਿਤਸਰ ਤੋਂ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਸਮੇਤ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਪੀਜੀਪੀਸੀ ਤੇ ਔਕਾਫ ਬੋਰਡ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਧਰਮ ਨਿਰਪੱਖ ਰਾਜ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਹਰੇਕ ਵਿਅਕਤੀ ਦਾ ਹੱਕ ਅਤੇ ਹਿੱਤ ਸੁਰੱਖਿਅਤ ਸੀ। ਉਨ੍ਹਾਂ ਸਿੱਖ ਕੌਮ ਦੀ ਬਹਾਦਰੀ ਦੀ ਸ਼ਲਾਘਾ ਕੀਤੀ। ਉਨ੍ਹਾਂ 550 ਸਾਲਾ ਸਮਾਗਮ ਪਾਕਿਸਤਾਨ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਬਾਰੇ ਵੀ ਆਖਿਆ।
ਪੀਜੀਪੀਸੀ ਦੇ ਪ੍ਰਧਾਨ ਤਾਰਾ ਸਿੰਘ ਨੇ ਭਾਰਤ ਅਤੇ ਹੋਰ ਥਾਵਾਂ ਤੋਂ ਆਈ ਸੰਗਤ ਨੂੰ ਜੀ ਆਇਆਂ ਆਖਿਆ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਸ਼ਵ ਵਿਚ ਵਸਦੇ ਹਰ ਸਿੱਖ ਲਈ ਅਹਿਮ ਸਥਾਨ ਰੱਖਦਾ ਹੈ ਅਤੇ ਹਰ ਸਿੱਖ ਇਸ ਪ੍ਰਤੀ ਹਿਰਦੈ ਵਿਚ ਸਤਿਕਾਰ ਰੱਖਦਾ ਹੈ। ਇਸੇ ਥਾਂ ‘ਤੇ ਸਿੱਖੀ ਦਾ ਬੂਟਾ ਲੱਗਾ ਸੀ, ਜਿਥੋਂ ਸਿੱਖੀ ਦਾ ਵਿਕਾਸ ਹੋਇਆ ਅਤੇ ਅੱਜ ਇਹ ਸਮੁਚੇ ਵਿਸ਼ਵ ਵਿਚ ਫੈਲ ਗਿਆ ਹੈ। ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਵਡਿਆਈ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਰਾਜ ਸੁਤੰਤਰ ਸਿੱਖ ਰਾਜ ਸੀ।
1799 ਵਿਚ ਉਨ੍ਹਾਂ ਲਾਹੌਰ ਦੇ ਸ਼ਾਹੀ ਕਿਲੇ ‘ਤੇ ਖਾਲਸਾਈ ਨਿਸ਼ਾਨ ਨੂੰ ਝੁਲਾਇਆ ਸੀ। ਭਾਰਤ ਤੋਂ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ ਬੂਹ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਲਹਿੰਦੇ ਪੰਜਾਬ ਦੇ ਗਵਰਨਰ ਨੂੰ ਸ਼੍ਰੋਮਣੀ ਕਮੇਟੀ ਵਲੋਂ ਡਾ.ਰੂਪ ਸਿੰਘ ਅਤੇ ਗੁਰਮੀਤ ਸਿੰਘ ਨੇ ਸਨਮਾਨਿਤ ਕੀਤਾ। ਜਦੋਂਕਿ ਪੀਜੀਪੀਸੀ ਵੱਲੋਂ ਸ਼੍ਰੋਮਣੀ ਕਮੇਟੀ ਨੁਮਾਇੰਦਿਆਂ ਦਾ ਸਨਮਾਨ ਕੀਤਾ ਗਿਆ। ਡਾ. ਰੂਪ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਸਬੰਧੀ ਇਕ ਪੁਸਤਕ ਵੀ ਗਵਰਨਰ ਨੂੰ ਭੇਟ ਕੀਤੀ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …