ਪਿੰਡ ਸ਼ਾਦੀਹਰੀ ਵਿੱਚ ਔਰਤਾਂ ਨਾਲ ਵੀ ਕੀਤਾ ਗਿਆ ਸੀ ਦੁਰਵਿਹਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਪੰਜਾਬ ਪੁਲਿਸ ਦੀ ਵੱਡੀ ਨਫ਼ਰੀ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ਾਦੀਹਰੀ ਵਿੱਚ ਦਲਿਤਾਂ ਦੇ ਘਰਾਂ ਉੱਤੇ ਛਾਪੇ ਮਾਰਨ, ਮਹਿਲਾਵਾਂ ਨਾਲ ਬਦਸਲੂਕੀ ਕਰਨ, ਸਾਮਾਨ, ਵਾਹਨਾਂ ਦੀ ਭੰਨ੍ਹ-ਤੋੜ ਕਰਨ ਤੇ ਜ਼ਬਤ ਕਰਨ ਅਤੇ 25 ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਕਮੇਟੀ ਵੱਲੋਂ ਪੰਜਾਬ ਭਰ ਵਿੱਚ ਅਰਥੀਆਂ ਸਾੜਨ ਦੇ ਦਿੱਤੇ ਸੱਦੇ ਤਹਿਤ 13 ਜ਼ਿਲ੍ਹਿਆਂ ਵਿੱਚ ਦੋ ਦਰਜਨ ਤੋਂ ਵੱਧ ਥਾਵਾਂ ‘ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਪੁਲਿਸ ਦੇ ਪੁਤਲੇ ਸਾੜੇ ਗਏ। ਭਲਕੇ 5 ਦਸੰਬਰ ਨੂੰ ਵੀ ਇਹ ਰੋਸ ਪ੍ਰਦਰਸ਼ਨ ਜਾਰੀ ਰੱਖਣ ਦਾ ਸੱਦਾ ਦਿੱਤਾ ਗਿਆ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਤੇ ਕਮੇਟੀ ਦੇ ਪ੍ਰਧਾਨ ਮੁਕੇਸ਼ ਮਾਲੌਦ ਤੇ ਬਿੱਕਰ ਸਿੰਘ ਹਥੋਆ ਨੇ ਕਿਹਾ ਕਿ ਪਿੰਡ ਦੇ ਲਗਪਗ 250 ਘਰਾਂ ਦੇ ਦਲਿਤਾਂ ਵੱਲੋਂ ਨਜ਼ੂਲ ਜ਼ਮੀਨ ਦਾ ਹੱਕ ਲੈਣ ਲਈ ਲੰਬੇ ਸਮੇਂ ਤੋਂ ਪਿੰਡ ਸ਼ਾਦੀਹਰੀ ਦਾ ਜ਼ਮੀਨੀ ਮੋਰਚਾ ਚੱਲ ਰਿਹਾ ਹੈ ਜਿਸ ਦਾ ਪ੍ਰਸ਼ਾਸਨ ਵੱਲੋਂ ਕੋਈ ਢੁਕਵਾਂ ਹੱਲ ਕਰਨ ਦੀ ਥਾਂ ਵਿੱਤ ਮੰਤਰੀ ਦੀ ਸ਼ਹਿ ‘ਤੇ ਇਨ੍ਹਾਂ ਦਲਿਤ ਮਜ਼ਦੂਰਾਂ ਤੋਂ ਨਜ਼ੂਲ ਜ਼ਮੀਨ ਦਾ ਹੱਕ ਖੋਹ ਕੇ ਪਿੰਡ ਦੀ ਸਿਆਸੀ ਧੜੇਬੰਦੀ ਕਾਰਨ ਜਾਅਲਸਾਜ਼ੀ ਨਾਲ ਬਣੇ ਕੁਝ ਮੈਂਬਰ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤਹਿਤ ਕੀਤੀ ਗਈ ਕਾਰਵਾਈ ਦੌਰਾਨ ਤੜਕਸਰ ਪੁਲਿਸ ਨੇ ਦਲਿਤਾਂ ਦੇ ਟੈਂਟ ਪੁੱਟ ਦਿੱਤੇ, ਔਰਤਾਂ ਨਾਲ ਬਦਸਲੂਕੀ ਕੀਤੀ। ਸਰਕਾਰੀ ਸ਼ਹਿ ‘ਤੇ ਹੋਏ ਇਸ ਧੱਕੇ ਖਿਲਾਫ ਸੂਬੇ ‘ਚ ਕਈ ਥਾਈਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਪੁਲਿਸ ਦੇ ਪੁਤਲੇ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਹ ਮਸਲਾ 9, 10 ਤੇ 11 ਦਸੰਬਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਘਰਾਂ ਅੱਗੇ ਲਗਾਏ ਜਾ ਰਹੇ ਤਿੰਨ ਰੋਜ਼ਾ ਜ਼ੋਨ ਪੱਧਰੀ ਮੋਰਚਿਆਂ ਵਿੱਚ ਵੀ ਉਠਾਇਆ ਜਾਵੇਗਾ।