Breaking News
Home / ਪੰਜਾਬ / ਸ਼ਤਾਬਦੀ ਸਮਾਗਮ 1 ਨਵੰਬਰ ਤੋਂ : 12 ਨਵੰਬਰ ਨੂੰ ਹੋਵੇਗਾ ਮੁੱਖ ਸਮਾਗਮ

ਸ਼ਤਾਬਦੀ ਸਮਾਗਮ 1 ਨਵੰਬਰ ਤੋਂ : 12 ਨਵੰਬਰ ਨੂੰ ਹੋਵੇਗਾ ਮੁੱਖ ਸਮਾਗਮ

ਸੁਲਤਾਨਪੁਰ ਲੋਧੀ ਵਿਚ ਦੇਸ਼ ਵਿਦੇਸ਼ ਤੋਂ 50 ਲੱਖ ਦੇ ਕਰੀਬ ਸੰਗਤ ਪਹੁੰਚੇਗੀ
ਸ਼ਰਧਾਲੂਆਂ ਦੇ ਠਹਿਰਨ ਲਈ ਤਿੰਨ ਟੈਂਟ ਸਿਟੀ ਅਤੇ 25 ਲੰਗਰ ਹਾਲ ਬਣਨਗੇ, ਪ੍ਰਧਾਨ ਮੰਤਰੀ ਮੋਦੀ ਸਮੇਤ ਕਈ ਹਸਤੀਆਂ ਕਰਨਗੀਆਂ ਸ਼ਿਰਕਤ
ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਅੰਤਰਰਾਸ਼ਟਰੀ ਸਮਾਗਮ ਇਕ ਨਵੰਬਰ ਤੋਂ ਸ਼ੁਰੂ ਹੋ ਰਹੇ ਹਨ। ਮੁੱਖ ਸਮਾਗਮ 12 ਨਵੰਬਰ ਨੂੰ ਹੋਵੇਗਾ। ਸ਼ਤਾਬਦੀ ਸਮਾਗਮ ਵਿਚ ਦੇਸ਼ ਵਿਦੇਸ਼ ਤੋਂ 50 ਲੱਖ ਸ਼ਰਧਾਲੂਆਂ ਦੇ ਆਉਣ ਦਾ ਅਨੁਮਾਨ ਹੈ। ਉਥੇ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਸਮੇਤ ਕਈ ਰਾਜਾਂ ਦੇ ਮੁੱਖ ਮੰਤਰੀ ਵੀ ਪਹੁੰਚਣਗੇ। ਸਮਾਗਮ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਐਸਜੀਪੀਸੀ ਆਪਣੇ ਵੱਖ-ਵੱਖ ਪੰਡਾਲ ਤਿਆਰ ਕਰ ਰਹੀ ਹੈ। ਪੰਜਾਬ ਸਰਕਾਰ ਦੀ ਦੇਖ-ਰੇਖ ਵਿਚ 25 ਲੰਗਰ ਹਾਲ ਸਥਾਪਿਤ ਕੀਤੇ ਗਏ ਹਨ। ਜਿੱਥੇ ਇਕੋ ਸਮੇਂ ਢਾਈ ਲੱਖ ਦੇ ਕਰੀਬ ਸ਼ਰਧਾਲੂ ਲੰਗਰ ਛਕ ਸਕਣਗੇ। ਤਿੰਨ ਟੈਂਟ ਸਿਟੀ ਬਣਾਏ ਗਏ ਹਨ, ਜਿੱਥੇ 3500 ਵੀਵੀਆਈਪੀ ਸ਼ਰਧਾਲੂਆਂ ਦੇ ਠਹਿਰਣ ਦਾ ੍ਰਪਬੰਧ ਹੋਵੇਗਾ। ਗੁਰੂ ਦਾ ਪ੍ਰਸਾਦ ਲੈਣ ਲਈ 15 ਦੇਗ ਘਰ ਹੋਣਗੇ। ਵਾਹਨ ਪਾਰਕਿੰਗ ਲਈ 8 ਵੱਡੀਆਂ ਪਾਰਕਿੰਗ ਦੀ ਸਹੂਲਤ ਹੋਵੇਗੀ। ਸੱਤ ਜੋੜਾ ਘਰ ਹੋਣਗੇ, ਜਿੱਥੇ ਇਕੋ ਸਮੇਂ 4500 ਸ਼ਰਧਾਲੂ ਆਪਣੇ ਜੁੱਤੇ ਜਮ੍ਹਾਂ ਕਰਵਾ ਸਕਦੇ ਹਨ। ਐਮਰਜੈਂਸੀ ਲਈ 13 ਸੈਂਟਰ ਬਣਾਏ ਗਏ ਹਨ, ਜਿੱਥੇ 50 ਐਂਬੂਲੈਂਸਾਂ 24 ਘੰਟੇ ਮੌਜੂਦ ਰਹਿਣਗੀਆਂ।
ਸ਼ਤਾਬਦੀ ਸਮਾਗਮ ‘ਤੇ ਪ੍ਰਬੰਧ ਕਿਸ ਤਰ੍ਹਾਂ ਦੇ ਰਹਿਣਗੇ
ਮੁੱਖ ਸਮਾਗਮ
ਗੁਰਦੁਆਰਾ ਬੇਰ ਸਾਹਿਬ ਕੋਲ ਬਣਾਏ ਪੰਡਾਲ ਵਿਚ ਮੁੱਖ ਸਮਾਗਮ ਹੋਵੇਗਾ। ਇੱਥੇ ਢਾਈ ਲੱਖ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਇਥੋਂ ਟੈਂਟ ਸਿਟੀ ਇਕ ਦੀ ਦੂਰੀ 100 ਮੀਟਰ, ਦੂਜੀ ਦੀ ਇਕ ਕਿਲੋਮੀਟਰ ਅਤੇ ਤੀਜੀ ਦੀ ਡੇਢ ਕਿਲੋਮੀਟਰ ਹੈ।
ਟੈਂਟ ਸਿਟੀ ਨੰਬਰ 1 : ਅੰਮ੍ਰਿਤਸਰ ਰੋਡ ‘ਤੇ ਹੈ। ਇੱਥੇ 15 ਹਜ਼ਾਰ ਵੀਵੀਆਈਪੀ ਸ਼ਰਧਾਲੂਆਂ ਦੇ ਰਹਿਣ ਅਤੇ ਖਾਣੇ ਦਾ ਇੰਤਜ਼ਾਮ ਹੈ।
ਐਸਜੀਪੀਸੀ ਸਮਾਗਮ :ਐਸਜੀਪੀਸੀ ਦਾ ਮੁੱਖ ਸਮਾਗਮ ਸਰਕਾਰ ਦੇ ਬਣਾਏ ਪੰਡਾਲ ਤੋਂ 200 ਮੀਟਰ ਦੀ ਦੂਰੀ ‘ਤੇ ਹੋਵੇਗਾ।
15 ਜਗ੍ਹਾ ਦੇਗ ਘਰ : ਪ੍ਰਸਾਦ ਦੇ ਲਈ 15 ਦੇਗ ਘਰ ਬਣਾਏ ਹਨ। ਇਕ ਸਮੇਂ 30 ਹਜ਼ਾਰ ਸ਼ਰਧਾਲੂ ਪ੍ਰਸਾਦ ਲੈ ਸਕਣਗੇ। ਇਹ ਦੇਗ ਘਰ ਗੁਰਦੁਆਰਾ ਬੇਰ ਸਾਹਿਬ, ਹਟ ਸਾਹਿਬ, ਗੁਰੂ ਕਾ ਬਾਗ, ਸੇਹਰਾ ਸਾਹਿਬ, ਕੋਠੜੀ ਸਾਹਿਬ ਅਤੇ ਗੁਰਦੁਆਰਾ ਬੇਬੇ ਨਾਨਕੀ ਵਿਚ ਹੈ।
7 ਜੋੜਾ ਘਰ ਬਣਨਗੇ :7 ਗੁਰਦੁਆਰਿਆਂ ਵਿਚ ਜੋੜਾ ਬਣਨਗੇ, ਇੱਥ ਇਕੋ ਸਮੇਂ 4500 ਸ਼ਰਧਾਲੂ ਜੁੱਤੇ ਜਮਾ ਕਰਵਾ ਸਕਦੇ ਹਨ
ਟੈਂਟ ਸਿਟੀ ਨੰਬਰ 2 : ਲੋਹੀਆ ਰੋਡ ‘ਤੇ ਬਣਾਏ ਟੈਂਟ ਵਿਚ 10 ਹਜ਼ਾਰ ਵੀਵੀਆਈਪੀ ਸ਼ਰਧਾਲੂਆਂ ਦੇ ਠਹਿਰਨ ਦਾ ਇੰਤਜ਼ਾਮ ਹੈ।
ਟੈਂਟ ਸਿਟੀ ਨੰਬਰ 3 : ਇਹ ਕਪੂਰਥਲਾ ਰੋਡ ‘ਤੇ ਬਣਾਇਆ ਗਿਆ ਹੈ, ਇਸ ਵਿਚ 5 ਹਜ਼ਾਰ ਵੀਵੀਆਈਪੀ ਸ਼ਰਧਾਲੂਆਂ ਦੇ ਰਹਿਣ ਦਾ ਪ੍ਰਬੰਧ ਹੈ।
ਪਾਰਕਿੰਗ : 8 ਜਗ੍ਹਾ ਖੜ੍ਹੇ ਹੋ ਸਕਣਗੇ ਵਾਹਨ
ਅਕਾਲ ਅਕੈਡਮੀ ਵਿਚ ਦੋ ਪਾਰਕਿੰਗਾਂ ਵਿਚ 3334 ਵਾਹਨਾਂ ਦੀ, ਡਡਵਿੰਡੀ ਵਿਚ ਵੀ 2 ਪਾਰਕਿੰਗਾਂ ਵਿਚ 8000, ਪੁੱਡਾ ਕਾਲੋਨੀ ਵਿਚ 2 ਪਾਰਕਿੰਗਾਂ ਵਿਚ 4500, ਐਫਸੀਆਈ ਗੋਦਾਮ ਕੋਲ 3 ਹਜ਼ਾਰ ਅਤੇ ਟਰੀਟਮੈਂਟ ਪਲਾਂਟ ਕੋਲ 2900 ਵਾਹਨਾਂ ਲਈ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ।
ਲੰਗਰ ਸੇਵਾ
ਸੁਲਤਾਨਪੁਰ ਲੋਧੀ ਵਿਚ 25 ਲੰਗਰ ਹਾਲ ਬਣਾਏ ਗਏ ਹਨ। 3 ਲੰਗਰ ਹਾਲ ਇਕੱਲੇ 3 ਟੈਂਟ ਸਿਟੀ ਵਿਚ ਹੋਣਗੇ। ਇਸ ਤੋਂ ਇਲਾਵਾ ਪੰਡਾਲ ਗੁਰਦੁਆਰਾ ਬੇਰ ਸਾਹਿਬ, ਹਦੀਰਾ, ਢਾਲਾ ਰੋਡ, ਲੋਹੀਆਂ ਚੁੰਗੀ, ਰਣਧੀਰਪੁਰ, ਤਲਵੰਡੀ ਰੋਡ, ਸੰਤ ਘਾਟ, ਲੋਹੀਆਂ ਰੋਡ, ਅਕਾਲ ਅਕੈਡਮੀ, ਹਰਿਕ੍ਰਸ਼ਨ ਸਕੂਲ, ਮਿਲਕ ਪਲਾਂਟ, ਹੱਠ ਸਾਹਿਬ, ਮਹਿਬੂਲਪੁਰ ਅਤੇ ਰੇਲਵੇ ਸਟੇਸ਼ਨ ਵਿਚ ਲੰਗਰ ਹਾਲ ਬਣਾਏ ਗਏ ਹਨ।
ਐਮਰਜੈਂਸੀ ਸੇਵਾਵਾਂ
ਐਮਰਜੈਂਸੀ ਦੀ ਸਹੂਲਤ ਲਈ 13 ਸੈਂਟਰ ਚੁਣੇ ਗਏ ਹਨ। ਇੱਥੇ 50 ਐਂਬੂਲੈਂਸਾਂ ਦੀ ਸਹੂਲਤ 24 ਘੰਟੇ ਮੁਹੱਈਆ ਹੋਵੇਗੀ। ਤਿੰਨਾਂ ਟੈਂਟ ਸਿਟੀ ਵਿਚ 3-3 ਐਂਬੂਲੈਂਸਾਂ ਤਾਇਨਾਤ ਰਹਿਣਗੀਆਂ। ਇਸ ਤੋਂ ਇਲਾਵਾ ਅਕਾਲ ਅਕੈਡਮੀ ਵਿਚ ਦੋ, ਡਡਵਿੰਡੀ ਵਿਚ ਦੋ, ਪੁੱਡਾ ਕਾਲੋਨੀ ਵਿਚ ਦੋ, ਐਫਸੀਆਈ ਗੋਦਾਮ ਵਿਚ ਦੋ, ਪੰਡਾਲ 5 ਵਿਚ ਦੋ, ਲੋਹੀਆਂ ਚੁੰਗੀ ਵਿਚ ਦੋ ਐਂਬੂਲੈਂਸਾਂ ਸਮੇਤ 50 ਗੱਡੀਆਂ ਮੌਜੂਦ ਰਹਿਣਗੀਆਂ।
ਪੰਜਾਬੀ ਯੂਨੀਵਰਸਿਟੀ ਵਿਚ ਗੁਰੂ ਨਾਨਕ ਚੇਅਰ ਸਥਾਪਿਤ ਹੋਵੇਗੀ : ਸੁਖਜਿੰਦਰ ਸਿੰਘ ਰੰਧਾਵਾ
ਪਟਿਆਲਾ : ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਗੁਰੂ ਨਾਨਕ ਚੇਅਰ ਅਤੇ ਗੁਰੂ ਨਾਨਕ ਭਵਨ ਸਥਾਪਤ ਕੀਤੇ ਜਾਣ ਦਾ ਐਲਾਨ ਕੀਤਾ ਹੈ। ਉਹ ਪੰਜਾਬੀ ‘ਵਰਸਿਟੀ ਵੱਲੋਂ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਰਮਪਿਤ ਚਾਰ ਰੋਜ਼ਾ ਪੁਸਤਕ ਮੇਲੇ ਦਾ ਆਗਾਜ਼ ਕਰਨ ਲਈ ਆਏ ਸਨ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੇ 16 ਪਵਿੱਤਰ ਪੁਰਾਤਨ ਅਤੇ ਦੁਰਲੱਭ ਹੱਥ ਲਿਖਤ ਸਰੂਪਾਂ ਦੇ ਸੰਗਤ ਦਰਸ਼ਨਾਂ ਲਈ ਵਿਸ਼ੇਸ਼ ਬੱਸ ਨੂੰ ਰਵਾਨਾ ਕੀਤਾ। ਇਸ ਮੌਕੇ ਰੰਧਾਵਾ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਵਾਈਸ ਚਾਂਸਲਰ ਡਾ. ਬੀਐੱਸ ਘੁੰਮਣ ਅਤੇ ਸਰਬੱਤ ਦੇ ਭਲਾ ਟਰੱਸਟ ਦੇ ਬਾਨੀ ਡਾ. ਐੱਸਪੀਐੱਸ ਓਬਰਾਏ ਨੇ ਪੂਰਨ ਮਰਿਆਦਾ ਨਾਲ ਇਹ ਸਰੂਪ ਬੱਸ ‘ਚ ਸੁਸ਼ੋਭਿਤ ਕੀਤੇ। ਇਸ ਮੌਕੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਪ੍ਰਕਾਸ਼ ਪੁਰਬ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ 3000 ਕਰੋੜ ਰੁਪਏ ਦੇ ਉਲੀਕੇ ਪ੍ਰਾਜੈਕਟਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਸਰਕਾਰ ਗੁਰੂ ਨਾਨਕ ਦੇ ਸਰਬੱਤ ਦੇ ਭਲੇ ਦੇ ਸੰਦੇਸ਼ ਨੂੰ ਸੂਬੇ ਤੇ ਦੇਸ਼ ਤਕ ਹੀ ਨਹੀਂ ਬਲਕਿ ਕੁੱਲ ਦੁਨੀਆਂ ‘ਚ ਪਹੁੰਚਾਉਣ ਲਈ ਉਪਰਾਲੇ ਕਰ ਰਹੀ ਹੈ।
ਵਾਈਸ ਚਾਂਸਲਰ ਡਾ. ਬੀਐੱਸ ਘੁੰਮਣ ਨੇ ਕਿਹਾ ਕਿ ਬੱਸ ਦਾ ਪਹਿਲਾ ਪੜਾਅ ਪਟਿਆਲਾ ਸ਼ਹਿਰ ਹੋਵੇਗਾ ਤੇ ਉਪਰੰਤ ਇਹ ਨਿਰਧਾਰਤ ਰੂਟ ਅਨੁਸਾਰ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਪਹੁੰਚੇਗੀ। ਇਸ ਮਗਰੋਂ ਪੰਜਾਬ ਅੰਦਰਲੇ ਤਿੰਨ ਤਖ਼ਤ ਸਾਹਿਬਾਨ ਤੋਂ ਹੁੰਦੀ ਹੋਈ ਪੰਜਾਬ ਤੋਂ ਬਾਹਰ ਦੋ ਤਖ਼ਤ ਸਾਹਿਬਾਨ ਤੱਕ ਪਹੁੰਚੇਗੀ।
ਸੰਗਤ ਦੀ ਸਹੂਲਤ ਲਈ ਕੀਤੇ ਗਏ ਹਨ ਵਿਸ਼ੇਸ਼ ਪ੍ਰਬੰਧ : ਕੈਪਟਨ ਅਮਰਿੰਦਰ
ਗੁਰਦਾਸਪੁਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਦੇ ਤਿੱਬੜੀ ਕੈਂਟ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਸੂਬਾ ਸਰਕਾਰ ਵਲੋਂ 550 ਸਾਲਾ ਗੁਰਪੁਰਬ ਨੂੰ ਯਾਦਗਾਰੀ ਬਣਾਉਣ ਲਈ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਵਡਭਾਗੇ ਹਾਂ ਕਿ ਸਾਨੂੰ ਪਹਿਲੀ ਪਾਤਸ਼ਾਹੀ ਦੇ 550 ਸਾਲਾ ਗੁਰਪੁਰਬ ਮਨਾਉਣ ਦਾ ਮਾਣ ਮਿਲਿਆ ਹੈ। ਮੀਟਿੰਗ ਦੌਰਾਨ ਡੀਸੀ ਵਿਪੁਲ ਉਜਵਲ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਵਿਖੇ ਸੰਗਤਾਂ ਦੇ ਠਹਿਰਣ ਲਈ ਬਣ ਰਹੇ ‘ਟੈਂਟ ਸਿਟੀ’ ਦਾ ਕੰਮ 31 ਅਕਤੂਬਰ ਤੱਕ ਪੂਰਾ ਹੋ ਜਾਵੇਗਾ। ਡੇਰਾ ਬਾਬਾ ਨਾਨਕ ਨੂੰ 9 ਸੈਕਟਰਾਂ ਵਿਚ ਵੰਡਿਆ ਗਿਆ ਹੈ। ਕਰੀਬ 65 ਏਕੜ ਵਿਚ ਟੈਂਟ ਸਿਟੀ, ਪੰਡਾਲ ਅਤੇ ਸੰਗਤਾਂ ਲਈ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਸੀ। ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਵੀ ਹਾਜ਼ਰ ਸਨ।

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …