Breaking News
Home / ਪੰਜਾਬ / ਲਵਪ੍ਰੀਤ ਖੁਦਕੁਸ਼ੀ ਮਾਮਲੇ ’ਚ ਕੈਨੇਡਾ ਰਹਿ ਰਹੀ ਬੇਅੰਤ ਕੌਰ ਖਿਲਾਫ ਮਾਮਲਾ ਦਰਜ

ਲਵਪ੍ਰੀਤ ਖੁਦਕੁਸ਼ੀ ਮਾਮਲੇ ’ਚ ਕੈਨੇਡਾ ਰਹਿ ਰਹੀ ਬੇਅੰਤ ਕੌਰ ਖਿਲਾਫ ਮਾਮਲਾ ਦਰਜ

2019 ’ਚ ਹੋਇਆ ਸੀ ਲਵਪ੍ਰੀਤ ਦਾ ਬੇਅੰਤ ਕੌਰ ਨਾਲ ਵਿਆਹ
ਬਰਨਾਲਾ/ਬਿਊਰੋ ਨਿਊਜ਼
ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਬਹੁਚਰਚਿਤ ਲਵਪ੍ਰੀਤ ਸਿੰਘ ਖੁਦਕੁਸ਼ੀ ਮਾਮਲੇ ’ਚ ਬਰਨਾਲਾ ਪੁਲਿਸ ਨੇ ਮਿ੍ਰਤਕ ਨੌਜਵਾਨ ਲਵਪ੍ਰੀਤ ਸਿੰਘ ਦੀ ਕੈਨੇਡਾ ਗਈ ਪਤਨੀ ਬੇਅੰਤ ਕੌਰ ਬਾਜਵਾ ਖਿਲਾਫ਼ ਆਖਰ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਬੇਅੰਤ ਕੌਰ ਖਿਲਾਫ ਥਾਣਾ ਧਨੌਲਾ ਵਿਖੇ ਐਫ ਆਈ ਆਰ ਨੰ. 97, ਧਾਰਾ 420 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਮੁਕੱਦਮਾ ਲਵਪ੍ਰੀਤ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ। ਦਰਜ ਕੀਤੀ ਗਈ ਐਫ ਆਈ ਆਰ ਵਿਚ ਦੱਸਿਆ ਗਿਆ ਕਿ ਲਵਪ੍ਰੀਤ ਸਿੰਘ ਦਾ ਵਿਆਹ 2 ਅਗਸਤ 2019 ਨੂੰ ਬੇਅੰਤ ਕੌਰ ਨਾਲ ਹੋਇਆ ਸੀ। 17 ਅਗਸਤ 2019 ਨੂੰ ਬੇਅੰਤ ਕੌਰ ਕੈਨੇਡਾ ਚਲੀ ਗਈ। ਬੇਅੰਤ ਕੌਰ ਨੂੰ ਕੈਨੇਡਾ ਭੇਜਣ ਲਈ ਲਵਪ੍ਰੀਤ ਸਿੰਘ ਦੇ ਪਰਿਵਾਰ ਨੇ 25 ਲੱਖ ਰੁਪਏ ਖਰਚ ਕੀਤੇ ਸਨ। ਕੈਨੇਡਾ ਪਹੁੰਚਣ ਤੋਂ ਬਾਅਦ ਨਾ ਤਾਂ ਬੇਅੰਤ ਕੌਰ ਨੇ ਲਵਪ੍ਰੀਤ ਨੂੰ ਕੈਨੇਡਾ ਸੱਦਣ ਲਈ ਕੋਈ ਚਾਰਾਜੋਈ ਨਹੀਂ ਕੀਤੀ ਅਤੇੇ ਹੁਣ ਲੰਘੇ ਤਿੰਨ-ਚਾਰ ਮਹੀਨਿਆਂ ਤੋਂ ਬੇਅੰਤ ਕੌਰ ਨੇ ਲਵਪ੍ਰੀਤ ਨਾਲ ਫੋਨ ’ਤੇ ਗੱਲ ਕਰਨੀ ਵੀ ਬੰਦ ਕਰ ਦਿੱਤੀ ਸੀ, ਜਿਸ ਤੋਂ ਬਾਅਦ ਲਵਪ੍ਰੀਤ ਕਾਫ਼ੀ ਡਿਪਰੈਸ਼ਨ ’ਚ ਆ ਗਿਆ ਸੀ।
ਇਸ ਸਭ ਕੁਝ ਦੇ ਚਲਦਿਆਂ ਲਵਪ੍ਰੀਤ ਦੀ ਖੇਤ ਵਿਚ ਮੌਤ ਹੋ ਗਈ ਸੀ, ਉਸ ਵੇਲੇ ਤਾਂ ਇਹ ਵੀ ਆਖਿਆ ਗਿਆ ਕਿ ਮੌਤ ਦਵਾਈ ਚੜ੍ਹਨ ਕਰਕੇ ਹੋਈ ਹੈ ਜਦਕਿ ਬਾਅਦ ਇਹ ਮਾਮਲਾ ਸਾਹਮਣੇ ਆਇਆ ਕਿ ਲਵਪ੍ਰੀਤ ਨੇ ਖੁਦਕੁਸ਼ੀ ਕੀਤੀ ਹੈ। ਮਿ੍ਰਤਕ ਨੌਜਵਾਨ ਦੀ ਪੋਸਟ ਮਾਰਟਮ ਰਿਪੋਰਟ ਆਉਣੀ ਅਜੇ ਬਾਕੀ ਹੈ ਜਦਕਿ ਵਿਸਰਾ ਨੂੰ ਪੁਲਿਸ ਨੇ ਜਾਂਚ ਲਈ ਭੇਜ ਦਿੱਤਾ ਹੈ। ਇਸ ਸਾਰੇ ਮਾਮਲੇ ਵਿਚ ਬੇਅੰਤ ਕੌਰ ਵੱਲੋਂ ਵਿਦੇਸ਼ ਜਾਣ ਲਈ ਲਵਪ੍ਰੀਤ ਨਾਲ ਵਿਆਹ ਕਰਕੇ ਠੱਗੀ ਮਾਰਨ ਦੇ ਦੋਸ਼ ’ਚ ਉਸ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Check Also

ਸਾਬਕਾ ਮੰਤਰੀ ਦੀ ਅਗਵਾਈ ਹੇਠਲੀ OBC ਵਰਗ ਵਾਲੀ ਪਾਰਟੀ’ ਵੀ ਲੋਕ ਸਭਾ ਚੋਣ ਮੈਦਾਨ ‘ਚ 

    ਲੁਧਿਆਣਾ : ਲੋਕ ਸਭਾ ਚੋਣਾਂ ਦੇ ਐਲਾਨ ਹੁੰਦਿਆਂ ਹੀ ਪੰਜਾਬ ਦੇ OBC ਵਰਗ …