ਓਟਵਾ/ਪ੍ਰਭਜੋਤ ਸਿੰਘ (Local Journalism Initiative Reporter) : ਕੈਨੇਡਾ ਦੇ ਖੋਜੀਆਂ, ਉੱਦਮੀਆਂ ਅਤੇ ਦਿਨੋਂ-ਦਿਨ ਵਧ ਰਹੇ ਬਿਜ਼ਨੈਸਾਂ ਲਈ ਕੈਨੇਡਾ ਸਰਕਾਰ ਵੱਲੋਂ ਕੀਤਾ ਜਾ ਰਿਹਾ 1.75 ਬਿਲੀਅਨ ਡਾਲਰ ਦਾ ਨਵਾਂ ਉਪਰਾਲਾ ਉਨ੍ਹਾਂ ਲਈ ਨਵੀ ਸ਼ੁਰੂਆਤ ਕਰਨ, ਬਿਜ਼ਨੈੱਸ ਵਿੱਚ ਵਾਧਾ ਕਰਨ ਅਤੇ ਕੈਨੇਡਾ ਵਿੱਚ ਸਫ਼ਲ ਹੋਣ ਲਈ ਸਹਾਈ ਸਾਬਤ ਹੋਵੇਗਾ। ਸਰਕਾਰ ਦੀ ਇਸ ਵੱਡੀ ਯੋਜਨਾ ਦਾ ਐਲਾਨ ਉਦਯੋਗ ਮੰਤਰੀ ਮਾਣਯੋਗ ਮੈਲੇਨੀ ਜੌਲੀ ਵੱਲੋਂ ਓਟਵਾ ਵਿੱਚ ਕੀਤਾ ਗਿਆ।
ਇਸ ਨਵੀਂ ਯੋਜਨਾ ਵਿੱਚ ਫ਼ੈੱਡਰਲ ਸਰਕਾਰ ਦਾ ‘ਵੈਂਚਰ ਐਂਡ ਗਰੋਥ ਕੈਪੀਟਲ ਕੈਟਾਲਿਸਟ ਇਨੀਸ਼ੀਏਟਿਵ’ (ਗਰੋਥ ਵੀਸੀਸੀਆਈ) ਰਾਹੀਂ ਇੱਕ ਬਿਲੀਅਨ ਡਾਲਰ ਅਤੇ ‘ਬੈਕਿੰਗ ਐਂਡ ਬਿਲਡਰਜ਼’ ਅਧੀਨ 750 ਮਿਲੀਅਨ ਡਾਲਰ ਖ਼ਰਚੇ ਜਾਣਗੇ ਜੋ ਕੈਨੇਡਾ ਦੀ ‘ਅਰਲੀ ਐਂਡ ਗਰੋਥ ਸਟੇਜ ਇਨਵੈੱਸਮੈਂਟ ਸਟਰੈਟਿਜੀ’ ਹੈ ਅਤੇ ਬਿਜ਼ਨੈੱਸ ਡਿਵੈੱਲਪਮੈਂਟ ਬੈਂਕ ਆਫ਼ ਕੈਨੇਡਾ (ਬੀ.ਡੀ.ਸੀ.) ਰਾਹੀਂ ਕੰਮ ਕਰਦੀ ਹੈ। ਇਨ੍ਹਾਂ ਦੋਹਾਂ ਵੱਲੋਂ ਮਿਲ ਕੇ ਪ੍ਰਾਈਵੇਟ ਅਦਾਰਿਆਂ ਕੋਲੋਂ 3.8 ਬਿਲੀਅਨ ਡਾਲਰ ਪੂੰਜੀ ਲਿਆਉਣ ਦਾ ਅਨੁਮਾਨ ਹੈ ਜਿਸ ਨਾਲ ਕੈਨੇਡੀਅਨ ਕੰਪਨੀਆਂ ਲਈ ਨਿਵੇਸ਼ ਕਰਨ ਲਈ ਕੁਲ 5.5 ਬਿਲੀਅਨ ਡਾਲਰ ਪੂੰਜੀ ਹੋ ਜਾਣ ਦੀ ਆਸ ਹੈ।
ਇਸਦੇ ਬਾਰੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਬਰੈਂਪਟਨ ਉਨ੍ਹਾਂ ਲੋਕਾਂ ਦਾ ਸ਼ਹਿਰ ਹੈ ਜੋ ਵੱਡੇ ਸੁਪਨੇ ਦੇਖਦੇ ਹਨ, ਨਵੀਆਂ ਸੋਚਾਂ ਨੂੰ ਅਮਲ ਵਿੱਚ ਲਿਆਉਂਦੇ ਹਨ ਅਤੇ ਆਪਣੇ ਕਾਰੋਬਾਰਾਂ ਨੂੰ ਵਿਕਸਤ ਕਰਦੇ ਹਨ। ਨਵੀਂ ਵੈਂਚਰ ਅਤੇ ਗ੍ਰੋਥ ਕੈਪਿਟਲ ਯੋਜਨਾ ਕੈਨੇਡੀਅਨ ਉਦਯੋਗਪਤੀਆਂ ਅਤੇ ਨਵੀਨਤਾਕਾਰਾਂ ਨੂੰ ਇੱਥੇ ਹੀ ਆਪਣੇ ਕਾਰੋਬਾਰ ਵਧਾਉਣ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗੀ। ਇਸ ਨਾਲ ਸਾਡੀ ਅਰਥਵਿਵਸਥਾ ਮਜ਼ਬੂਤ ਹੋਵੇਗੀ, ਚੰਗੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਨਵੇਂ ਮੌਕੇ ਬਣਨਗੇ।” ਫ਼ੈੱਡਰਲ ਸਰਕਾਰ ਦਾ ਇਸ ਪੂੰਜੀ-ਨਿਵੇਸ਼ ਵਿੱਚ ਉੱਦਮੀ ਕੈਪੀਟਲ ਫ਼ੰਡ, ਲਾਈਫ਼ ਸਾਇੰਸਿਜ਼ ਵਿੱਚ ਖੋਜ, ਨਵੇਂ ਫ਼ੰਡ ਮੈਨੇਜਰਜ਼ ਅਤੇ ਪਹਿਲੇ ਤੇ ਹੋਰ ਵਿਕਸਿਤ ਹੋਣ ਵਾਲੇ ਬਿਜ਼ਨੈੱਸ ਸ਼ਾਮਲ ਹਨ। ਇਹ ਉਪਰਾਲਾ ਹੋਰ ਕੈਨੇਡੀਅਨ ਕੰਪਨੀਆਂ ਲਈ ਘਰੇਲੂ ਪੂੰਜੀ ਲਈ ਪਹੁੰਚ ਕਰਨ, ਨਵੀਆਂ ਤਕਨਾਲੌਜੀਆਂ ਨੂੰ ਵੱਡੇ ਪੱਧਰ ‘ਤੇ ਲਿਆਉਣ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰੇਗਾ। ਕੈਨੇਡਾ ਦਾ ਖੋਜ ਨਾਲ ਭਰਪੂਰ ਅਰਥਚਾਰਾ ਪ੍ਰਤਿਭਾਵਾਨ ਉੱਦਮੀਆਂ ਉੱਪਰ ਨਿਰਭਰ ਹੈ ਜੋ ਐਡਵਾਂਸਡ ਮੈਨੂਫ਼ੈਕਚਰਿੰਗ, ਕਲੀਨ ਟੈੱਕਨਾਲੌਜੀ, ਲਾਈਫ਼ ਸਾਇੰਸਿਜ਼, ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਟੈਕਨਾਲੌਜੀ ਵਰਗੇ ਖ਼ੇਤਰਾਂ ਵਿੱਚ ਸਿਰ ਸੁੱਟ ਕੇ ਕੰਮ ਕਰ ਰਹੇ ਹਨ।

