Breaking News
Home / ਹਫ਼ਤਾਵਾਰੀ ਫੇਰੀ / ਵਰਲਡ ਕੱਪ 2023 46 ਦਿਨ, 48 ਮੁਕਾਬਲੇ,10 ਸ਼ਹਿਰ ਪਰ ਮੁਹਾਲੀ ਮਨਫੀ

ਵਰਲਡ ਕੱਪ 2023 46 ਦਿਨ, 48 ਮੁਕਾਬਲੇ,10 ਸ਼ਹਿਰ ਪਰ ਮੁਹਾਲੀ ਮਨਫੀ

ਕ੍ਰਿਕਟ ਵਰਲਡ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁਹਾਲੀ ਨੂੰ ਕੀਤਾ ਆਊਟ
ਚਾਰ ਵਰਲਡ ਕੱਪ ਮੈਚਾਂ ਸਣੇ 25 ਵਨ ਡੇਅ ਇੰਟਰਨੈਸ਼ਨਲ ਮੈਚਾਂ ਦੀ ਮੇਜ਼ਬਾਨੀ ਕਰਨ ਵਾਲੇ ਮੁਹਾਲੀ ਮੈਦਾਨ ਨੂੰ ਇਕ ਵੀ ਮੈਚ ਨਹੀਂ, ਮਾਤਰ 4 ਮੈਚ ਜਿਸ ਧਰਮਸ਼ਾਲਾ ਦੇ ਮੈਦਾਨ ‘ਚ ਖੇਡੇ ਗਏ ਹਨ ਉਸ ਨੂੰ ਵਰਲਡ ਕੱਪ ਦੇ ਦਿੱਤੇ 5 ਮੈਚ
ਮੋਦੀ ਸਟੇਡੀਅਮ ‘ਤੇ ਮਿਹਰਬਾਨ ਆਈਸੀਸੀ : ਅਹਿਮਦਾਬਾਦ ਮੈਦਾਨ ਨੂੰ ਉਦਘਾਟਨੀ ਮੈਚ ਵੀ, ਭਾਰਤ-ਪਾਕਿਸਤਾਨ ਵਾਲਾ ਮੈਚ ਵੀ ਅਤੇ ਫਾਈਨਲ ਮੈਚ ਵੀ
ਚੰਡੀਗੜ੍ਹ : ਆਈਸੀਸੀ ਨੇ ਲੰਘੇ ਮੰਗਲਵਾਰ ਨੂੰ ਵਰਲਡ ਕੱਪ ਕ੍ਰਿਕਟ ਦਾ ਸ਼ਡਿਊਲ ਜਾਰੀ ਕਰ ਦਿੱਤਾ ਸੀ। ਇਨ੍ਹਾਂ ਮੈਚਾਂ ਦੀ ਸ਼ੁਰੂਆਤ 5 ਅਕਤੂਬਰ ਨੂੰ ਨਿਊਜ਼ੀਲੈਂਡ-ਇੰਗਲੈਂਡ ਦੇ ਵਿਚਾਲੇ ਵਨ ਡੇਅ ਮੈਚ ਨਾਲ ਹੋਵੇਗੀ। ਇਹ ਮੈਚ ਗੁਜਰਾਤ ਵਿਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਵਿਚ ਹੋਵੇਗਾ। 19 ਨਵੰਬਰ ਨੂੰ ਹੋਣ ਵਾਲਾ ਫਾਈਨਲ ਵੀ ਇਸੇ ਮੈਦਾਨ ਵਿਚ ਹੀ ਖੇਡਿਆ ਜਾਵੇਗਾ। ਪਹਿਲੀ ਵਾਰ ਭਾਰਤ ਇਕੱਲੇ ਹੋਸਟ ਕਰ ਰਿਹਾ ਹੈ। ਇਹ ਵੀ ਪਹਿਲੀ ਵਾਰ ਹੋਵੇਗਾ ਕਿ 1991 ਵਿਚ ਬਣੇ ਮੋਹਾਲੀ ਦੇ ਪੀਸੀਏ ਸਟੇਡੀਅਮ ਵਿਚ ਵਰਲਡ ਕੱਪ ਦਾ ਕੋਈ ਮੈਚ ਨਹੀਂ ਹੋਵੇਗਾ। ਉਧਰ ਦੂਜੇ ਪਾਸੇ ਮੋਹਾਲੀ ਤੋਂ 4 ਹਜ਼ਾਰ ਘੱਟ ਸਿਟਿੰਗ ਕਪੈਸਟੀ ਵਾਲੇ ਧਰਮਸ਼ਾਲਾ ਨੂੰ 5 ਮੈਚ ਮਿਲੇ ਹਨ। ਮੋਹਾਲੀ ਦੀ ਸਿਟਿੰਗ ਕੈਪਿਸਟੀ 27 ਹਜ਼ਾਰ ਅਤੇ ਧਰਮਸ਼ਾਲਾ ਦੀ 23 ਹਜ਼ਾਰ ਹੈ। ਧਰਮਸ਼ਾਲਾ ਸਟੇਡੀਅਮ ਵਿਚ ਪਹਿਲੀ ਵਾਰ ਵਰਲਡ ਕੱਪ ਦੇ 5 ਮੁਕਾਬਲੇ ਹੋਣਗੇ। 2003 ਵਿਚ ਬਣੇ ਇਸ ਸਟੇਡੀਅਮ ਵਿਚ ਇਸ ਤੋਂ ਪਹਿਲਾਂ ਕੁੱਲ ਚਾਰ ਹੀ ਵਨ ਡੇਅ ਮੈਚ ਹੋਏ ਹਨ। ਇਸੇ ਦੌਰਾਨ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਆਰੋਪ ਲਗਾਇਆ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਰਕੇ ਭੇਦਭਾਵ ਹੋ ਰਿਹਾ ਹੈ। ਭਾਰਤ ਨੇ ਹੁਣ ਤੱਕ 3 ਵਰਲਡ ਕੱਪਾਂ ਦੀ ਸਫਲ ਮੇਜ਼ਬਾਨੀ ਕੀਤੀ ਹੈ। ਮੋਹਾਲੀ ਸਟੇਡੀਅਮ ਵਿਚ ਦੋ ਵਰਲਡ ਕੱਪ ਦੇ ਕੁੱਲ 4 ਮੁਕਾਬਲੇ ਹੋ ਚੁੱਕੇ ਹਨ। ਪਹਿਲਾ ਵਰਲਡ ਕੱਪ 1987 ਵਿਚ ਹੋਇਆ, ਤਦ ਪੰਜਾਬ ਮੇਜ਼ਬਾਨੀ ਦਾ ਦਾਅਵੇਦਾਰ ਨਹੀਂ ਸੀ, ਕਿਉਂਕਿ ਉਸ ਸਮੇਂ ਮੋਹਾਲੀ ਕ੍ਰਿਕਟ ਸਟੇਡੀਅਮ ਬਣਿਆ ਹੀ ਨਹੀਂ ਸੀ। ਦੂਜਾ ਵਰਲਡ ਕੱਪ 1996 ਵਿਚ ਸ੍ਰੀਲੰਕਾ ਅਤੇ ਪਾਕਿ ਦੀ ਸੰਯੁਕਤ ਮੇਜ਼ਬਾਨੀ ਵਿਚ ਹੋਇਆ। ਤਦ ਮੋਹਾਲੀ ਨੇ ਸੈਮੀਫਾਈਨਲ ਮੈਚ ਹੋਸਟ ਕੀਤਾ।
ਇਸੇ ਦੌਰਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਵਾਈਸ ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ ਕਿ ਮੁਹਾਲੀ ਨੂੰ ਟੂਰਨਾਮੈਂਟ ਦਾ ਇਕ ਵੀ ਮੈਚ ਨਹੀਂ ਮਿਲਣ ਦਾ ਕਾਰਨ ਮੌਜੂਦਾ ਸਥਿਤੀ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਦਾ ਸਟੇਡੀਅਮ ਆਈਸੀਸੀ ਦੇ ਮਾਪਦੰਡਾਂ ‘ਤੇ ਖਰਾ ਨਹੀਂ ਉਤਰਿਆ। ਉਨ੍ਹਾਂ ਕਿਹਾ ਕਿ ਆਈਸੀਸੀ ਦੀ ਮਨਜੂਰੀ ਸਾਰੇ ਕ੍ਰਿਕਟ ਸਟੇਡੀਅਮਾਂ ਲਈ ਜ਼ਰੂਰੀ ਹੁੰਦੀ ਹੈ।
ਭਾਰਤ-ਪਾਕਿ ਵਿਚਾਲੇ 15 ਅਕਤੂਬਰ ਨੂੰ ਹੋਵੇਗਾ ਮੈਚ
ਵਰਲਡ ਕੱਪ ਕ੍ਰਿਕਟ ਵਿਚ 46 ਦਿਨਾਂ ‘ਚ 10 ਸ਼ਹਿਰਾਂ ਵਿਚ 48 ਮੁਕਾਬਲੇ ਹੋਣਗੇ। ਦੋ ਸਭ ਤੋਂ ਵੱਡੇ ਵਿਰੋਧੀ ਭਾਰਤ-ਪਾਕਿਸਤਾਨ ਵਿਚਾਲੇ 15 ਅਕਤੂਬਰ ਨੂੰ ਮੈਚ ਖੇਡਿਆ ਜਾਵੇਗਾ। ਪਾਕਿ ਕ੍ਰਿਕਟ ਬੋਰਡ ਨੇ ਕਿਹਾ ਕਿ ਸਰਕਾਰ ਕੋਲੋਂ ਮਨਜੂਰੀ ਮਿਲਣ ‘ਤੇ ਹੀ ਭਾਰਤ ਜਾਵਾਂਗੇ। ਆਸਟਰੇਲੀਆ 5 ਵਾਰ ਅਤੇ ਭਾਰਤ-ਵੈਸਟਇੰਡੀਜ਼ ਦੋ-ਦੋ ਵਾਰ ਖਿਤਾਬ ਜਿੱਤ ਚੁੱਕੇ ਹਨ। ਇੰਗਲੈਂਡ, ਸ੍ਰੀਲੰਕਾ ਅਤੇ ਪਾਕਿਸਤਾਨ ਇਕ-ਇਕ ਵਾਰ ਜਿੱਤਿਆ ਹੈ। ਕ੍ਰਿਕਟ ਵਰਲਡ ਕੱਪ ਵਿਚ 10 ਟੀਮਾਂ ਹਿੱਸਾ ਲੈਣਗੀਆਂ। ਭਾਰਤ, ਪਾਕਿਸਤਾਨ, ਬੰਗਲਾਦੇਸ਼, ਆਸਟਰੇਲੀਆ, ਦੱਖਣੀ ਅਫਰੀਕਾ, ਇੰਗਲੈਂਡ, ਅਫਗਾਨਿਸਤਾਨ, ਨਿਊਜ਼ੀਲੈਂਡ ਕੁਆਲੀਫਾਈ ਕਰ ਚੁੱਕੇ ਹਨ। ਦੋ ਸਥਾਨਾਂ ਦੇ ਲਈ 10 ਟੀਮਾਂ ਵਿਚਾਲੇ ਜਿੰਬਾਬਵੇ ਵਿਚ ਮੁਕਾਬਲੇ ਚੱਲ ਰਹੇ ਹਨ। ਇਨ੍ਹਾਂ ਵਿਚ ਵੈਸਟ ਇੰਡੀਜ਼ ਅਤੇ ਸ੍ਰੀਲੰਕਾ ਵੀ ਹੈ। ਦੋਵੇਂ ਸੈਮੀਫਾਈਨਲ ਅਤੇ ਫਾਈਨਲ ਦੇ ਲਈ ਰਿਜ਼ਰਵ ਡੇਅ ਰੱਖੇ ਹੋਏ ਹਨ। ਸੈਮੀਫਾਈਨਲ ਕੋਲਕਾਤਾ ਅਤੇ ਮੁੰਬਈ ਵਿਚ ਹੋਣਗੇ।
ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ ਨਾ ਮਿਲਣ ‘ਤੇ ਭੜਕੇ ਪੰਜਾਬ ਦੇ ਖੇਡ ਮੰਤਰੀ
ਚੰਡੀਗੜ੍ਹ : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਕਤੂਬਰ-ਨਵੰਬਰ ਮਹੀਨੇ ਭਾਰਤ ਵਿੱਚ ਹੋਣ ਵਾਲੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ-2023 ਦੇ ਸ਼ਡਿਊਲ ਵਿੱਚੋਂ ਪੰਜਾਬ ਨੂੰ ਬਾਹਰ ਰੱਖੇ ਜਾਣ ‘ਤੇ ਭੜਕ ਉਠੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖੇਡਾਂ ‘ਚ ਵੀ ਰਾਜਨੀਤੀ ਕਰ ਰਹੀ ਹੈ ਅਤੇ ਉਨ੍ਹਾਂ ਇਸ ਨੂੰ ਪੰਜਾਬ ਨਾਲ ਸ਼ਰ੍ਹੇਆਮ ਕੀਤੀ ਗਈ ਵਿਤਕਰੇਬਾਜ਼ੀ ਦੱਸਿਆ। ਕਿਉਂਕਿ ਮੁਹਾਲੀ ‘ਚ ਪੀਸੀਏ ਸਟੇਡੀਅਮ ਬਣਨ ਤੋਂ ਬਾਅਦ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਭਾਰਤ ਵਿੱਚ ਵਿਸ਼ਵ ਕੱਪ ਹੋ ਰਿਹਾ ਹੋਵੇ ਅਤੇ ਮੁਹਾਲੀ ਵਿਚ ਕੋਈ ਮੈਚ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ 1996 ਅਤੇ 2011 ਵਿੱਚ ਮੁਹਾਲੀ ਵਿਚ ਵਿਸ਼ਵ ਕੱਪ ਦੇ ਸੈਮੀਫਾਈਨਲ ਖੇਡੇ ਗਏ ਜਦੋਂਕਿ ਇਸ ਵਾਰ ਇੱਕ ਲੀਗ ਮੈਚ ਦੀ ਵੀ ਮੇਜ਼ਬਾਨੀ ਪੰਜਾਬ ਨੂੰ ਨਹੀਂ ਦਿੱਤੀ ਗਈ।

 

 

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਬੰਦ ਹੋਣਗੇ

ਮਈ ਮਹੀਨੇ ‘ਚ ਆਰੰਭ ਹੋਈ ਸੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅੰਮ੍ਰਿਤਸਰ/ਬਿਊਰੋ ਨਿਊਜ਼ : …