Breaking News
Home / ਭਾਰਤ / ਕੈਗ ਦੀ ਜਾਂਚ ਦੇ ਦਾਇਰੇ ‘ਚ ਆਏ ਅਰਵਿੰਦ ਕੇਜਰੀਵਾਲ

ਕੈਗ ਦੀ ਜਾਂਚ ਦੇ ਦਾਇਰੇ ‘ਚ ਆਏ ਅਰਵਿੰਦ ਕੇਜਰੀਵਾਲ

ਸਰਕਾਰੀ ਬੰਗਲੇ ਦੀ ਮੁਰੰਮਤ ‘ਤੇ ਕਰੋੜਾਂ ਰੁਪਏ ਦੇ ਖਰਚ ਦਾ ਹੋਏਗਾ ਵਿਸ਼ੇਸ਼ ਆਡਿਟ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦਾ ਸ਼ਰਾਬ ਘੁਟਾਲਾ ਤੇ ਹੋਰਨਾਂ ਕਈ ਮਾਮਲਿਆਂ ਨੂੰ ਲੈ ਕੇ ਪਹਿਲਾਂ ਹੀ ਮੁਸ਼ਕਿਲਾਂ ‘ਚ ਘਿਰੀ ਕੇਜਰੀਵਾਲ ਸਰਕਾਰ ਦੇ ਸਾਹਮਣੇ ਹੁਣ ਇਕ ਹੋਰ ਵੱਡੀ ਮੁਸੀਬਤ ਆ ਗਈ ਹੈ। ਹੁਣ ਕੈਗ ਵਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਰਕਾਰੀ ਬੰਗਲੇ ਦੀ ਮੁਰੰਮਤ ‘ਤੇ ਹੋਏ ਖ਼ਰਚ ਦਾ ਵਿਸ਼ੇਸ਼ ਆਡਿਟ ਕੀਤਾ ਜਾਵੇਗਾ। ਇਸ ਮਾਮਲੇ ‘ਚ ਕੇਜਰੀਵਾਲ ਸਰਕਾਰ ‘ਤੇ ਕਰੋੜਾਂ ਰੁਪਏ ਦੇ ਘੁਟਾਲੇ ਦਾ ਆਰੋਪ ਲਾਇਆ ਜਾ ਰਿਹਾ ਹੈ।
ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਦੀ ਸਿਫਾਰਿਸ਼ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਇਸ ਮਾਮਲੇ ਦੀ ਜਾਂਚ ਕੈਗ ਪਾਸੋਂ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਭਾਵ ਕੇਜਰੀਵਾਲ ਦੇ ਸਰਕਾਰੀ ਬੰਗਲੇ ਦੀ ਮੁਰੰਮਤ ਤੇ ਨਵੀਨੀਕਰਨ ‘ਚ ਹੋਈਆਂ ਕਥਿਤ ਗੜਬੜੀਆਂ ਤੇ ਉਲੰਘਣਾ ਦੀ ਜਾਂਚ ਕੈਗ ਵਲੋਂ ਕੀਤੀ ਜਾਵੇਗੀ। ਗ੍ਰਹਿ ਮੰਤਰਾਲੇ ਨੂੰ ਲਿਖੀ ਚਿੱਠੀ ‘ਚ ਉਪ ਰਾਜਪਾਲ ਨੇ ਲੋਕ ਨਿਰਮਾਣ ਵਿਭਾਗ ਦੇ ਇੰਚਾਰਜ ਮੰਤਰੀ ਦੀ ਮਿਲੀਭੁਗਤ ਨਾਲ ਮੁੱਖ ਮੰਤਰੀ ਦੇ ਬੰਗਲੇ ਦੀ ਮੁਰੰਮਤ ਦੇ ਨਾਂਅ ‘ਤੇ ਕੀਤੇ ਗਏ ਖ਼ਰਚਿਆਂ ‘ਤੇ ਸਵਾਲ ਖੜ੍ਹੇ ਕੀਤੇ ਸਨ। ਉਪ-ਰਾਜਪਾਲ ਨੇ ਆਪਣੀ ਚਿੱਠੀ ‘ਚ ਲਿਖਿਆ ਸੀ ਕਿ ਸਰਕਾਰੀ ਬੰਗਲੇ ਦੀ ਮੁਰੰਮਤ ਦੇ ਨਾਂਅ ‘ਤੇ ਬਹੁਤ ਜ਼ਿਆਦਾ ਪੈਸਾ ਖ਼ਰਚ ਕੀਤਾ ਗਿਆ ਅਤੇ ਸਭ ਕੁਝ ਉਸ ਸਮੇਂ ਕੀਤਾ ਗਿਆ ਜਦੋਂ ਦੇਸ਼ ਵਿਚ ਕੋਵਿਡ-19 ਮਹਾਂਮਾਰੀ ਫੈਲੀ ਹੋਈ ਸੀ ਤੇ ਇਸ ਔਖੇ ਸਮੇਂ ਵੀ ਕੇਜਰੀਵਾਲ ਆਪਣਾ ਘਰ ਸਵਾਰਨ ‘ਚ ਲੱਗੇ ਹੋਏ ਸਨ।
ਦੱਸਣਯੋਗ ਹੈ ਕਿ ਕੇਜਰੀਵਾਲ ਦੇ ਸਰਕਾਰੀ ਬੰਗਲੇ ਦੀ ਮੁਰੰਮਤ ‘ਚ ਕਥਿਤ ਤੌਰ ‘ਤੇ ਪ੍ਰਸ਼ਾਸਨਿਕ ਤੇ ਵਿੱਤੀ ਗੜਬੜੀਆਂ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਭਾਜਪਾ ਤੇ ਕਾਂਗਰਸ ਵਲੋਂ ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸੇ ਤਹਿਤ ਭਾਜਪਾ ਤੇ ਕਾਂਗਰਸ ਨੇ ਉਪ-ਰਾਜਪਾਲ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਸੀ ਕਿ ਕੇਜਰੀਵਾਲ ਦੇ ਬੰਗਲੇ ਦੀ ਮੁਰੰਮਤ ‘ਤੇ ਹੋਏ ਖ਼ਰਚ ਦੀ ਜਾਂਚ ਕੀਤੀ ਜਾਵੇ। ਭਾਜਪਾ ਵਲੋਂ ਆਰੋਪ ਲਾਇਆ ਗਿਆ ਹੈ ਕਿ ਕੇਜਰੀਵਾਲ ਦੇ ਬੰਗਲੇ ਦੀ ਮੁਰੰਮਤ ਲਈ 45 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ, ਜਦਕਿ ਕਾਂਗਰਸ ਵਲੋਂ ਇਸ ਤੋਂ ਜ਼ਿਆਦਾ ਰਕਮ ਖ਼ਰਚ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਦਿੱਲੀ ਭਾਜਪਾ ਵਲੋਂ ਸਵਾਗਤ : ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕੋਵਿਡ ਕਾਲ ਦੌਰਾਨ ‘ਸ਼ੀਸ਼ਮਹਿਲ’ ਦੇ ਨਾਂਅ ਤੋਂ ਮਸ਼ਹੂਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬੰਗਲੇ ਦੀ ਮੁਰੰਮਤ ਤੇ ਨਵੀਨੀਕਰਨ ‘ਚ ਹੋਈਆਂ ਵਿੱਤੀ ਤੇ ਪ੍ਰਸ਼ਾਸਨਿਕ ਗੜਬੜੀਆਂ ਦੀ ਕੈਗ ਜਾਂਚ ਕਰਾਏ ਜਾਣ ਦਾ ਸਵਾਗਤ ਕੀਤਾ ਹੈ।
ਮੁਕੰਮਲ ਅਪਰਾਧਿਕ ਜਾਂਚ ਦੀ ਲੋੜ-ਮਾਕਨ :ਸੀਨੀਅਰ ਕਾਂਗਰਸੀ ਨੇਤਾ ਅਜੇ ਮਾਕਨ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਨਵੀਨੀਕਰਨ ‘ਤੇ 171 ਕਰੋੜ ਰੁਪਏ ਦੇ ਭਾਰੀ ਖ਼ਰਚੇ ਦੀ ਪੂਰਨ ਅਪਰਾਧਿਕ ਜਾਂਚ ਦੀ ਲੋੜ ਹੈ। ਉਨ੍ਹਾਂ ਕੇਜਰੀਵਾਲ ਦੇ ਸ਼ੀਸ਼ ਮਹਿਲ ‘ਤੇ ਜਨਤਾ ਦੇ ਫੰਡਾਂ ਦੀ ਫਜ਼ੂਲਖ਼ਰਚੀ ਦੀ ਕੈਗ ਜਾਂਚ ਦਾ ਸਵਾਗਤ ਕੀਤਾ ਹੈ।

 

 

Check Also

ਮਨੀਸ਼ ਸਿਸੋਦੀਆ ਨੇ ਜ਼ਮਾਨਤ ਲਈ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ

ਟਰਾਇਲ ਕੋਰਟ ਨੇ ਦੋ ਦਿਨ ਪਹਿਲਾਂ ਪਟੀਸ਼ਨ ਕੀਤੀ ਸੀ ਖਾਰਜ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ …