ਲੰਮੀ ਉਮਰ ਅਤੇ ਚੰਗੀ ਸਿਹਤ ਲਈ ਕੀਤੀ ਕਾਮਨਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ 26 ਸਤੰਬਰ ਨੂੰ ਅੱਜ ਜਨਮ ਦਿਨ ਸੀ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾ. ਮਨਮੋਹਨ ਸਿੰਘ ਹੋਰਾਂ ਨੂੰ ਵਧਾਈ ਦਿੱਤੀ। ਪੀਐਮ ਮੋਦੀ ਨੇ ਸ਼ੋਸ਼ਲ ਮੀਡੀਆ ‘ਤੇ ਲਿਖਿਆ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਨੂੰ ਜਨਮ ਦਿਨ ਦੀ ਵਧਾਈ। ਮੋਦੀ ਨੇ ਕਿਹਾ ਕਿ ਮੈਂ ਡਾ. ਮਨਮੋਹਨ ਸਿੰਘ ਹੋਰਾਂ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਦੇ ਲਈ ਪ੍ਰਾਰਥਨਾ ਕਰਦਾ ਹਾਂ। ਸਾਬਕਾ ਪੀਐਮ ਡਾ. ਮਨਮੋਹਨ ਸਿੰਘ ਅੱਜ 91 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਨੇ 2004 ਤੋਂ 2014 ਤੱਕ ਭਾਰਤ ਦੇ 13ਵੇਂ ਪ੍ਰਧਾਨ ਮੰਤਰੀ ਦੇ ਰੂਪ ਵਿਚ ਕਾਰਜ ਕੀਤਾ। ਡਾ. ਮਨਮੋਹਨ ਸਿੰਘ ਇਕ ਭਾਰਤੀ ਅਰਥ ਸ਼ਾਸਤਰੀ ਵੀ ਹਨ। ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਉਨ੍ਹਾਂ ਨੇ 1982 ਤੋਂ ਲੈ ਕੇ 1985 ਤੱਕ ਰਿਜ਼ਰਵ ਬੈਂਕ ਆਫ (ਆਰਬੀਆਈ) ਦੇ ਗਵਰਨਰ ਦੇ ਤੌਰ ‘ਤੇ ਕੰਮ ਵੀ ਕੀਤਾ ਹੈ। ਇਸੇ ਦੌਰਾਨ ਸੋਨੀਆ ਗਾਂਧੀ ਅਤੇ ਰਾਹੁਲ ਸਣੇ ਕਈ ਕਾਂਗਰਸੀ ਆਗੂਆਂ ਨੇ ਵੀ ਡਾ. ਮਨਮੋਹਨ ਸਿੰਘ ਨੂੰ ਜਨਮ ਦਿਨ ਮੌਕੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜਨਮ ਦਿਨ ਮੌਕੇ ਉਨ੍ਹਾਂ ਵੱਲੋਂ ਕੀਤੇ ਕੰਮ ਯਾਦ ਕੀਤੇ ਅਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਉਹ ਇੱਕ ‘ਸੱਚੇ ਰਾਜਨੇਤਾ ਪ੍ਰਧਾਨ ਮੰਤਰੀ’ ਰਹੇ, ਜਿਨ੍ਹਾਂ ਦੇ ਕੰਮ ਉਨ੍ਹਾਂ ਦੇ ਸ਼ਬਦਾਂ ਨਾਲੋਂ ਵੱਧ ਬੋਲਦੇ ਹਨ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਕਸ ‘ਤੇ ਲਿਖਿਆ, ‘ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਮੈਂ ਹਾਰਦਿਕ ਸ਼ੁਭ ਕਾਮਨਾਵਾਂ ਦਿੰਦਾ ਹਾਂ। ਉਹ ਰਾਜਨੀਤੀ ‘ਚ ਸਾਦਗੀ ਤੇ ਮਾਣ ਦੀ ਵਿਲੱਖਣ ਮਿਸਾਲ ਹਨ। ਉਹ ਸੱਚੇ ਰਾਜਨੇਤਾ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਦੇ ਕੰਮ ਉਨ੍ਹਾਂ ਦੇ ਸ਼ਬਦਾਂ ਨਾਲੋਂ ਵੱਧ ਬੋਲਦੇ ਹਨ।
ਅਸੀਂ ਉਨ੍ਹਾਂ ਦੀ ਚੰਗੀ ਸਿਹਤ, ਖੁਸ਼ੀ ਤੇ ਲੰਮੇ ਜੀਵਨ ਦੀ ਕਾਮਨਾ ਕਰਦੇ ਹਾਂ।’ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ, ‘ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਦੀ ਸੱਚ ਪ੍ਰਤੀ ਦ੍ਰਿੜ੍ਹਤਾ ਅਤੇ ਰਾਸ਼ਟਰ ਨਿਰਮਾਣ ਤੇ ਜਨਤਾ ਦੇ ਆਰਥਿਕ ਵਿਕਾਸ ਪ੍ਰਤੀ ਅਟੁੱਟ ਪ੍ਰਤੀਬੱਧਤਾ ਮੇਰੇ ਲਈ ਹਮੇਸ਼ਾ ਪ੍ਰੇਰਨਾ ਬਣੀ ਰਹੇਗੀ।’