ਇਨੈਲੋ ਵੱਲੋਂ ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ 110ਵੇਂ ਜਨਮ ਦਿਨ ਮੌਕੇ ਰੈਲੀ
ਕੈਥਲ (ਹਰਿਆਣਾ)/ਬਿਊਰੋ ਨਿਊਜ਼ : ਹਰਿਆਣਾ ਦੇ ਕੈਥਲ ਵਿਚ ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ 110ਵੇਂ ਜਨਮ ਦਿਨ ਮੌਕੇ ਕਰਵਾਏ ਸਮਾਗਮ ‘ਚ ਇੰਡੀਆ ਬਲਾਕ ਦੇ ਕਈ ਆਗੂਆਂ ਨੇ ਭਾਜਪਾ ਖਿਲਾਫ ਸਾਂਝਾ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ ਕਰਵਾਈ ਇਸ ਰੈਲੀ ਵਿੱਚ ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸ਼ਿਰਕਤ ਕੀਤੀ। ਪਹਿਲਾਂ ਅਜਿਹੀਆਂ ਕਿਆਸ-ਅਰਾਈਆਂ ਸਨ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਤੇ ਸੀਪੀਐੱਮ ਆਗੂ ਸੀਤਾਰਾਮ ਯੇਚੁਰੀ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ ਤੇ ਇੱਥੋਂ ਤੱਕ ਕਿ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਭੈ ਚੌਟਾਲਾ ਨੇ ਮਲਿਕਾਰੁਜਨ ਨੂੰ ਵੀ ਇਸ ਰੈਲੀ ‘ਚ ਪੁੱਜਣ ਦਾ ਸੱਦਾ ਦਿੱਤਾ ਸੀ ਪਰ ਉਹ ਇੱਥੇ ਨਹੀਂ ਪੁੱਜੇ।
ਰੈਲੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਟੀਐੱਮਸੀ ਆਗੂ ਡੈਰੇਕ ਓ’ਬਰਾਇਨ, ਜੇਡੀ (ਯੂ) ਆਗੂ ਕੇ ਸੀ ਤਿਆਗੀ, ਭੀਮ ਆਰਮੀ ਤੋਂ ਚੰਦਰਸ਼ੇਖਰ ਆਜ਼ਾਦ, ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਤੇ ਰਾਸ਼ਟਰੀ ਲੋਕ ਦਲ ਤੋਂ ਐੱਸ ਸਿੱਦਿਕੀ, ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਤੇ ਬਲਵਿੰਦਰ ਸਿੰਘ ਭੂੰਦੜ ਸ਼ਾਮਲ ਸਨ। ਇਸ ਸਮਾਗਮ ਨੂੰ ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ ਸ਼ਕਤੀ ਪ੍ਰਦਰਸ਼ਨ ਵਜੋਂ ਦੇਖਿਆ ਜਾ ਰਿਹਾ ਸੀ, ਜੋ ਸਾਲ 2005 ਤੋਂ ਸੱਤਾ ਤੋਂ ਬਾਹਰ ਰਿਹਾ ਹੈ। ਰੈਲੀ ਮੌਕੇ ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ ਨੇ ਮੁਲਕ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਮਤਭੇਦ ਭੁਲਾ ਕੇ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਦਾ ਸੱਦਾ ਦਿੱਤਾ। ਤ੍ਰਿਣਮੂਲ ਕਾਂਗਰਸ ਦੇ ਆਗੂ ਐੱਮਪੀ ਬਰਾਇਨ ਨੇ ਵੀ ਹੱਥ ਮਿਲਾਉਣ ਤੇ ਕੇਂਦਰ ‘ਚੋਂ ਭਾਜਪਾ ਨੂੰ ਲਾਂਭੇ ਕਰਨ ਲਈ ਇਕੱਠਿਆਂ ਲੜਨ ਦਾ ਸੱਦਾ ਦਿੱਤਾ।
ਲੋਕ ‘ਆਪ’ ਜਿਹੀਆਂ ਨਵੀਆਂ ਪਾਰਟੀਆਂ ‘ਤੇ ਯਕੀਨ ਨਾ ਕਰਨ : ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਬਾਦਲ ਨੇ ਸਾਰੀਆਂ ਖੇਤਰੀ ਪਾਰਟੀਆਂ ਨੂੰ ਇੱਕ ਮੰਚ ‘ਤੇ ਇਕੱਠੇ ਹੋ ਕੇ ਮੁਲਕ ਵਿੱਚ ਅਗਲੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਖੇਤਰੀ ਪਾਰਟੀਆਂ ਆਪਣੇ ਇਲਾਕਿਆਂ ਲਈ ਵੱਧ ਤੋਂ ਵੱਧ ਕੰਮ ਕਰ ਸਕਦੀਆਂ ਹਨ। ਉਨ੍ਹਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਜਿਹੀਆਂ ਕੁਝ ਨਵੀਆਂ ਪਾਰਟੀਆਂ ‘ਚ ਯਕੀਨ ਨਾ ਕਰਨ ਲਈ ਆਖਿਆ, ਜਿਨ੍ਹਾਂ ਪੰਜਾਬ ਨੂੰ ‘ਬਰਬਾਦ’ ਕਰ ਦਿੱਤਾ ਹੈ ਸੂਬੇ ਨੂੰ ਕਰਜ਼ੇ ਦੇ ਜਾਲ ‘ਚ ਫਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ,’ਅੱਜ ਕੁਝ ਪਾਰਟੀਆਂ ਵੋਟਾਂ ਨੂੰ ਵੰਡਣ ਲਈ ਫਿਰਕੂ ਹਿੰਸਾ ਦਾ ਮਾਹੌਲ ਸਿਰਜਣ ਦਾ ਯਤਨ ਕਰ ਰਹੀਆਂ ਹਨ, ਜਿਵੇਂ ਕਿ ਮਨੀਪੁਰ ਅਤੇ ਨੂਹ (ਹਰਿਆਣਾ) ਵਿੱਚ ਵਾਪਰਿਆ। ਭਾਰਤ, ਇੰਜ ਤਰੱਕੀ ਨਹੀਂ ਕਰ ਸਕਦਾ। ਸਾਰੀਆਂ ਘੱਟ ਗਿਣਤੀਆਂ ਨੂੰ ਇਸ ਮੁਲਕ ਵਿੱਚ ਸੁਰੱਖਿਅਤ ਮਹਿਸੂਸ ਕਰਵਾਉਣ ਦੀ ਲੋੜ ਹੈ।’ਭਾਜਪਾ ਨੂੰ ਹਰਾਉਣ ਲਈ ਵਿਰੋਧੀ ਪਾਰਟੀਆਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ।