
ਜਲੰਧਰ/ਬਿਊਰੋ ਨਿਊਜ਼
ਪੰਜਾਬ ਦੇ ਸਕੂਲਾਂ ਵਿਚ ਸੂਬਾ ਸਰਕਾਰ ਵਲੋਂ ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਚੱਲਦਿਆਂ ਜਲੰਧਰ ਜ਼ਿਲ੍ਹੇ ਵਿਚ ਪੈਂਦੇ ਲੋਹੀਆਂ ਬਲਾਕ ਦੇ ਪਿੰਡ ਮੰਡਲਾ ਛੰਨਾ ਵਿਚ ਸਥਿਤ ਇਕ ਸਕੂਲ ਵੱਖਰੀ ਤਸਵੀਰ ਪੇਸ਼ ਕਰ ਰਿਹਾ ਹੈ। ਜਲੰਧਰ ਦੇ ਇਸ ਸਰਕਾਰੀ ਪ੍ਰਾਇਮਰੀ ਸਕੂਲ ਵਿਚ 80 ਵਿਦਿਆਰਥੀ ਹਨ ਅਤੇ ਸਾਰੇ ਇੱਕ ਹੀ ਪਖਾਨੇ ਦੀ ਵਰਤੋਂ ਕਰਦੇ ਹਨ। ਜ਼ਿਕਰਯੋਗ ਹੈ ਕਿ 2023 ਦੇ ਹੜ੍ਹਾਂ ਦੌਰਾਨ ਇਹ ਇਮਾਰਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਸਕੂਲ ਸਟਾਫ ਦੇ ਅਨੁਸਾਰ ਕੰਧਾਂ ਵਿਚ ਤਰੇੜਾਂ ਅਤੇ ਫਰਸ਼ ਖਰਾਬ ਹੋਣ ਕਾਰਨ ਤਿੰਨ ਵਿਚੋਂ ਦੋ ਪਖਾਨੇ ਵਰਤੋਂ ਦੇ ਯੋਗ ਨਹੀਂ ਰਹੇ ਅਤੇ ਉਹ ਹੁਣ ਬੰਦ ਹਨ। ਇਨ੍ਹਾਂ ਵਿਚ ਕੁੜੀਆਂ ਲਈ ਦੋ ਪਖਾਨੇ ਅਤੇ ਮੁੰਡਿਆਂ ਲਈ ਇਕ ਪਖਾਨਾ ਸੀ। ਉਦੋਂ ਤੋਂ ਪਖਾਨਾ ਜਾਣਾ ਇਸ ਸਕੂਲ ਦੇ ਵਿਦਿਆਰਥੀਆਂ ਲਈ ਇਕ ਸਜ਼ਾ ਦੀ ਤਰ੍ਹਾਂ ਬਣ ਗਿਆ ਹੈ ਅਤੇ ਇਹ ਪਿਛਲੇ ਦੋ ਸਾਲਾਂ ਤੋਂ ਚੱਲ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਸਭ ਦੇ ਬਾਵਜੂਦ ਵੀ ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਸਕੂਲ ਦਾ ਹਿੱਸਾ ਬਣੀ ਹੋਈ ਹੈ।