ਨਾ ਸਿਰਫ਼ ਅਮਰੀਕਾ ਸਗੋਂ ਇਟਲੀ ਅਤੇ ਬ੍ਰਿਟੇਨ ਤੋਂ ਹੀ ਹੋਈਆਂ ਗਲਤੀਆਂ ਅਤੇ ਹੁਣ ਭੁਗਤ ਰਹੇ ਖਮਿਆਜ਼ਾ
ਪੂਰੀ ਦੁਨੀਆ ਇਸ ਵੇਲੇ ਕਰੋਨਾ ਵਾਇਰਸ ਦੀ ਲਪੇਟ ‘ਚ ਹੈ ਅਤੇ ਹਜ਼ਾਰਾਂ ਲੋਕ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ। ਅਮਰੀਕਾ,ਇਟਲੀ ਅਤੇ ਚੀਨ ਨੂੰ ਇਸ ਬਿਮਾਰੀ ਦਾ ਸਭ ਤੋਂ ਜ਼ਿਆਦਾ ਖਮਿਆਜ਼ਾ ਭੁਗਤਣਾ ਪਿਆ ਹੈ। ਭਾਰਤ ਆਪਣੇ ਆਪ ਨੂੰ ਬਿਹਤਰ ਸਥਿਤੀ ‘ਚ ਮੰਨ ਰਿਹਾ ਹੈ। ਵੱਡਾ ਸਵਾਲ ਇਹ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਅਮਰੀਕਾ ਨੇ ਇਸ ਮਹਾਂਮਾਰੀ ਅੱਗੇ ਗੋਡੇ ਟੇਕ ਦਿੱਤੇ ਹਨ। ਕਰੋਨਾ ਕਾਰਨ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸ ਤੋਂ ਪੀੜਤ ਲੋਕਾਂ ਦੀ ਗਿਣਤੀ ਦੁਨੀਆ ਭਰ ਵਿਚ ਵਧ 15 ਲੱਖ 47 ਹਜ਼ਾਰ ਤੋਂ ਵੱਧ ਹੋ ਗਈ ਹੈ। ਦੁਨੀਆ ‘ਚ ਕਰੋਨਾ ਵਾਇਰਸ ਕਾਰਨ 90 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਜਦੋਂ ਦਸੰਬਰ 2019 ‘ਚ ਚੀਨ ‘ਚ ਕਰੋਨਾ ਵਾਇਰਸ ਨੇ ਦਸਤਕ ਦਿੱਤੀ ਤਾਂ ਅਮਰੀਕਾ ਨੂੰ ਇਸ ਗੱਲ ਦਾ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਚੀਨ ਦੀ ਕੁੱਖ ‘ਚ ਨਿਕਲਿਆ ਇਹ ਜਾਨਲੇਵਾ ਵਾਇਰਸ ਉਸ ਦੀ ਲੱਖਾਂ ਦੀ ਅਬਾਦੀ ‘ਤੇ ਭਾਰੀ ਪਵੇਗਾ। ਜਾਨ ਜਾਬੀਕਿੰਸ ਸੈਂਟਰ ਫਾਰ ਹੈਲਥ ਸਕਿਓਰਿਟੀ ਦੇ ਖੋਜਕਰਤਾ ਨੇ ਇਕ ਬਿਆਨ ‘ਚ ਕਿਹਾ ਸੀ ਕਿ ਅਮਰੀਕਾ ਦੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਉਸ ਨੇ ਕਰੋਨਾ ਵਾਇਰਸ ਦੀ ਰੋਕਥਾਮ ਨੂੰ ਲੈ ਕੇ ਚੀਨ ਤੋਂ ਯਾਤਰਾ ਕਰਕੇ ਪਰਤੇ ਲੋਕਾਂ ਦੀ ਸੀਮਿਤ ਜਾਂਚ ਦੇ ਨਿਯਮ ਬਦਾਏ ਅਤੇ ਹੋਰ ਨਾਗਰਕਾਂ ਵੱਲ ਧਿਆਨ ਨਹੀਂ ਦਿੱਤਾ। ਨਤੀਜੇ ਵਜੋਂ ਇਨਫੈਕਸ਼ਨ ਵਧਦਾ ਗਿਆ ਅਤੇ ਵੱਡੀ ਅਬਾਦੀ ਦਾ ਹਿੱਸਾ ਇਸ ਦੀ ਲਪੇਟ ‘ਚ ਆ ਗਿਆ।
ਹਾਲਾਂਕਿ ਇਕ ਮੀਡੀਆ ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਾਮਲਿਆਂ ‘ਚ ਵਾਧੇ ਦਾ ਕਾਰਨ ਦੇਸ਼ ‘ਚ ਵੱਡੇ ਪੱਧਰ ‘ਤੇ ਹੋਈ ਟੈਸਟਿੰਗ ਨੂੰ ਮੰਨਿਆ ਹੈ। ਟਰੰਪ ਨੇ ਹਾਲ ਹੀ ‘ਚ ਟਵੀਟ ਕਰਕੇ ਕਿਹਾ ਸੀ, ”ਮੈਨੂੰ ਲਗਦਾ ਹੈ ਕਿ ਇਸ ਦਾ ਸਿਹਰਾ ਸਾਡੀ ਟੈਸਟਿੰਗ ਪ੍ਰਕਿਰਿਆ ਨੂੰ ਜਾਂਦਾ ਹੈ। ਕੋਈ ਨਹੀਂ ਜਾਣਦਾ ਕਿ ਚੀਨ ‘ਚ ਕਰੋਨਾ ਕਾਰਨ ਪੀੜਤ ਲੋਕਾਂ ਦੀ ਗਿਣਤੀ ਕਿੰਨੀ ਹੈ।”
ਸਮੇਂ ਸਿਰ ਚੀਨ ਨੇ ਨਹੀਂ ਦਿੱਤੀ ਜਾਣਕਾਰੀ
ਅਮਰੀਕਾ ਨੇ ਕਰੋਨਾ ਵਾਇਰਸ ਨੂੰ ਲੈ ਕੇ ਰੂਸ, ਚੀਨ ਅਤੇ ਈਰਾਨ ਨੂੰ ਕਟਹਿਰੇ ‘ਚ ਖੜ੍ਹਾ ਕਰਦਿਆਂ ਦੋਸ਼ ਲਾਇਆ ਕਿ ਚੀਨ ਨੇ ਕਰੋਨਾ ਬਾਰੇ ਸਹੀ ਜਾਣਕਾਰੀ ਦਿੱਤੀ ਹੁੰਦੀ ਤਾਂ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਸੀ।
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਪੀਓ ਨੇ ਕਿਹਾ ਕਿ ਚੀਨ, ਰੂਸ ਅਤੇ ਈਰਾਨ ਨੇ ਕਰੋਨਾ ਵਾਇਰਸ ਨੂੰ ਲੈ ਕੇ ਜੇਕਰ ਸਹੀ ਜਾਣਕਾਰੀ ਦਿੱਤੀ ਹੁੰਦੀ ਤਾਂ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਸੀ। ਕਰੋਨਾ ਨੂੰ ਲੈ ਕੇ ਬੁਰੀ ਤਰ੍ਹਾਂ ਕੂੜ ਪ੍ਰਚਾਰ ਫੈਲਾਇਆ ਜਾ ਰਿਹਾ ਹੈ।
1300 ਸਿੱਧੀਆਂ ਉਡਾਣਾਂ ‘ਤੇ ਅਮਰੀਕਾ ਨਹੀਂ ਲਾ ਸਕਿਆ ਬੈਨ
ਅਮਰੀਕਾ ਦੀ ਇਕ ਰਿਪੋਰਟ ਅਨੁਸਾਰ ਇਨ੍ਹਾਂ ‘ਚੋਂ ਕਈ ਲੋਕ ਅਜਿਹੇ ਹਨ ਜਿਨ੍ਹਾਂ ਨੇ ਵੁਹਾਨ ਤੋਂ ਸਿੱਧੇ ਅਮਰੀਕਾ ਦੀ ਯਾਤਰਾ ਕੀਤੀ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਯਾਤਰਾ ‘ਤੇ ਪਾਬੰਦੀ ਲਾਉਣ ਤੋਂ ਪਹਿਲਾਂ ਚੀਨ ਤੋਂ ਤਕਰੀਬਨ 1300 ਸਿੱਧੀਆਂ ਉਡਾਣਾਂ ਅਮਰੀਕਾ ਦੇ 17 ਸੂਬਿਆਂ ‘ਚ ਉਤਰੀਆਂ ਅਤੇ ਲੱਖਾਂ ਲੋਕਾਂ ਨੂੰ ਇਥੇ ਪਹੁੰਚਾਇਆ।
ਜੇਕਰ ਸਮਾਂ ਰਹਿੰਦਿਆਂ ਇਨ੍ਹਾਂ ਉਡਾਣਾਂ ‘ਤੇ ਪਾਬੰਦੀ ਲਾ ਦਿੱਤੀ ਹੁੰਦੀ ਤਾਂ ਅਮਰੀਕਾ ਵਿਚ ਇੰਨੀ ਵੱਡੀ ਗਿਣਤੀ ‘ਚ ਤੇਜੀ ਨਾਲ ਇਹ ਕਰੋਨਾ ਵਾਇਰਸ ਨਾ ਫੈਲਦਾ।
ਸ਼ੁਰੂਆਤ ‘ਚ ਵੁਹਾਨ ਦੇ ਹੀ ਯਾਤਰੀਆਂ ਦੀ ਹੋਈ ਜਾਂਚ
ਮੀਡੀਆ ਰਿਪੋਰਟ ਮੁਤਾਬਕ ਜਨਵਰੀ ਦੇ ਸ਼ੁਰੂਆਤੀ ਦਿਨਾਂ ‘ਚ ਜਦੋਂ ਚੀਨੀ ਅਧਿਕਾਰੀ ਕਰੋਨਾ ਦੀ ਗੰਭੀਰਤਾ ਨੂੰ ਹਲਕੇ ‘ਚ ਲੈ ਰਹੇ ਸਨ, ਚੀਨ ਤੋਂ ਆਉਣ ਵਾਲੇ ਕਿਸੇ ਯਾਤਰੀ ਦੀ ਅਮਰੀਕਾ ‘ਚ ਜਾਂਚ ਨਹੀਂ ਕੀਤੀ ਜਾ ਰਹੀ, ਜਿਸ ਤੋਂ ਪਤਾ ਲਗਦਾ ਹੈ ਕਿ ਉਹ ਇਸ ਵਾਇਰਸ ਤੋਂ ਪੀੜਤ ਹਨ ਜਾਂ ਨਹੀਂ। ਇਸ ਦਰਮਿਆਨ ਸਿਹਤ ਦੀ ਜਾਂਚ ਜਨਵਰੀ ਦੇ ਅੱਧ ‘ਚ ਸ਼ੁਰੂ ਹੋਈ ਪਰ ਇਸ ਸਮੇਂ ਦੌਰਾਨ ਲਾਸ ਏਂਜਲਸ, ਸਾਨ ਫਰਾਂਸਿਸਕੋ, ਨਿਊਯਾਰਕ ਦੇ ਹਵਾਈ ਅੱਡਿਆਂ ‘ਤੇ ਸਿਰਫ ਵੁਹਾਨ ਤੋਂ ਆਉਣ ਵਾਲੇ ਯਾਤਰੀਆਂ ਦੀ ਹੀ ਜਾਂਚ ਹੋਈ।
ਮੀਡੀਆ ‘ਚ ਚੀਨ ਦੀ ਹਵਾਈ ਡਾਟਾ ਕੰਪਨੀ ‘ਵਾਰੀਫਲਾਈਟ’ ਦੇ ਹਵਾਲੇ ਨਾਲ ਕਿਹਾ ਗਿਆ ਕਿ ਉਸ ਸਮੇਂ ਤਕਰੀਬਨ 4000 ਲੋਕ ਪਹਿਲਾਂ ਹੀ ਵੁਹਾਨ ਤੋਂ ਸਿੱਧੇ ਅਮਰੀਕਾ ਆ ਚੁੱਕੇ ਸਨ।
… ਤਾਂ ਸ਼ਾਇਦ ਰੁਕ ਜਾਂਦਾ ਕਰੋਨਾ ਵਾਇਰਸ
ਕਰੋਨਾ ਵਾਇਰਸ ਦੇ ਟੈਸਟ ਲਈ ਸਾਰੇ ਨਾਗਰਿਕਾਂ ਲਈ ਨਿਯਮ ਬਣਾਏ ਜਾਣੇ ਚਾਹੀਦੇ ਸਨ। ਕਮਿਊਨਿਟੀ ਪੱਧਰ ‘ਤੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਨਤਾ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਸੀ। ਸਿਹਤ ਸਹੂਲਤਾਂ ਨੂੰ ਕਰੋਨਾ ਵਾਇਰਸ ਦੇ ਅਨੁਸਾਰ ਤਿਆਰ ਕੀਤਾ ਜਾਣਾ ਚਾਹੀਦਾ ਸੀ। ਸਿਹਤ ਉਪਕਰਨਾਂ ਅਤੇ ਵੈਂਟੀਲੇਟਰਜ਼ ਦਾ ਢੁਕਵਾਂ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਸੀ। ਕੌਮਾਂਤਰੀ ਉਡਾਣਾਂ ‘ਚ ਆਉਣ ਵਾਲੇ ਕੁਆਰੰਟਾਈਨ ਕਰਨ ਤੋਂ ਬਾਅਦ ਹੀ ਛੱਡਣਾ ਚਾਹੀਦਾ ਸੀ।
ਹਸਪਤਾਲਾਂ ਦੀ ਵਿਵਸਥਾ ਦਾ ਮਹਾਂਮਾਰੀ ਦੇ ਅਨੁਸਾਰ ਨਾ ਹੋਣਾ
ਇੰਸਟੀਚਿਊਟ ਆਫ਼ ਮੈਡੀਸਨ ਮੁਤਾਬਕ ਅਮਰੀਕਾ ਇਕਲੌਤਾ ਅਜਿਹਾ ਵਿਕਸਤ ਦੇਸ਼ ਹੈ ਜੋ ਸਾਰੀਆਂ ਥਾਵਾਂ ‘ਤੇ ਹਰ ਸਥਿਤੀ ‘ਚ ਸਿਹਤ ਸੇਵਾ ਪ੍ਰਦਾਨ ਨਹੀਂ ਕਰਦਾ। ਕੁਝ ਇਕ ਕਾਊਂਟੀ ਹਸਪਤਾਲਾਂ ਨੂੰ ਛੱਡ ਕੇ ਅਮਰੀਕਾ ‘ਚ ਸਰਕਾਰ ਕਿਸੇ ਵੀ ਸਿਹਤ ਕੇਂਦਰ ਦਾ ਸੰਚਾਲਨ ਨਹੀਂ ਕਰਦੀ ਹੈ। ਜ਼ਿਆਦਾਤਰ ਲੋਕਾਂ ਨੇ ਇਹ ਸਹੂਲਤ ਉਨ੍ਹਾਂ ਦੇ ਰੋਜ਼ਗਾਰ ਦੇ ਜ਼ਰੀਏ ਮਿਲਦੀ ਹੈ।
ਮਤਲਬ ਤੁਹਾਡੀ ਕੰਪਨੀ ਤੁਹਾਡੇ ਲਈ ਨਿੱਜੀ ਸਿਹਤ ਬੀਮਾ ਖਰੀਦੇਗੀ ਅਤੇ ਪ੍ਰੀਮੀਅਮ ਦੇ ਕੁਝ ਹਿੱਸੇ ਦਾ ਭੁਗਤਾਨ ਤੁਹਾਨੂੰ ਵੀ ਕਰਨਾ ਪਵੇਗਾ। ਉਹ ਸਾਰੀਆਂ ਕੰਪਨੀਆਂ ਜੋ ਸਿਹਤ ਬੀਮਾ ਦਿੰਦੀਆਂ ਹਨ, ਹੈਲਥ ਮੈਂਟੇਨਸ ਆਰਗੇਨਾਈਜੇਸ਼ਨ (ਐਚ ਐਮ ਓ) ਕਹਾਉਂਦੀਆਂ ਹਨ ਅਤੇ ਉਹ ਲਾਭ ਕਮਾਉਣ ਦੇ ਮਕਸਦ ਨਾਲ ਕੰਮ ਕਰਦੀਆਂ ਹਨ। ਸਿਹਤ ਮਾਹਿਰ ਮੰਨਦੇ ਹਨ ਕਿ ਅਮਰੀਕਾ ‘ਚ ਇਨ੍ਹਾਂ ਸਿਹਤ ਸੇਵਾਵਾਂ ਨੂੰ ਦੇਰੀ ਨਾਲ ਕਰੋਨਾ ਦੇ ਇਲਾਜ ਲਈ ਅਪਡੇਟ ਕਰਨਾ ਸ਼ੁਰੂ ਕੀਤਾ ਗਿਆ।
ਦੋਸ਼ ਪ੍ਰਤੀਦੋਸ਼
ਅਮਰੀਕਾ ‘ਚ ਇਕੱਲੇ ਟਰੰਪ ਜਾਂ ਵਿਦੇਸ਼ ਮੰਤਰੀ ਮਾਈਕ ਪੋਪੀਓ ਹੀ ਨਹੀਂ ਬਲਕਿ ਸੰਸਦ ਮੈਂਬਰ ਟਾਮ ਕਾਟਨ ਵੀ ਕਰੋਨਾ ਵਾਇਰਸ ਦੇ ਫੈਲਣ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾ ਚੁੱਕੇ ਹਨ। ਹਾਲਾਂਕਿ ਅਜੇ ਤੱਕ ਕੋਈ ਵੀ ਅਜਿਹਾ ਸਬੂਤ ਨਹੀਂ ਮਿਲਿਆ ਹੈ ਜਿਸ ਤੋਂ ਸਾਬਤ ਹੋ ਸਕੇ ਕਿ ਇਹ ਵਾਇਰਸ ਕਿਸੇ ਲੈਬ ‘ਚ ਤਿਆਰ ਕੀਤਾ ਗਿਆ ਹੋਵੇ।
ਬ੍ਰਿਟੇਨ ਤੇ ਇਟਲੀ ਕੋਲੋਂ ਕਿੱਥੇ ਹੋਈ ਗਲਤੀ
ਇੰਝ ਹੀ ਹੁਣ ਬ੍ਰਿਟੇਨ ਵੀ ਸਮੇਂ ਦੀ ਸਹੀ ਵਰਤੋਂ ਨਾ ਕਰਨ ਕਾਰਨ ਕਰੋਨਾ ਤੋਂ ਹਾਰ ਗਿਆ। ਬ੍ਰਿਟੇਨ ਨੂੰ ਜਨਵਰੀ ਮਹੀਨੇ ‘ਚ ਕਰੋਨਾ ਦੇ ਘਾਤਕ ਹੋਣ ਦਾ ਪਤਾ ਲੱਗ ਗਿਆ ਸੀ ਪਰ ਇਸ ਦੇ ਬਾਵਜੂਦ ਉਹ ਸਥਿਤੀ ਨਾਲ ਨਿਪਟਣ ਲਈ ਇੰਤਜ਼ਾਮ ਨਹੀਂ ਕਰ ਸਕਿਆ। ਇਟਲੀ ਦੇ ਮੈਡੀਕਲ ਮਾਹਿਰਾਂ ਦੀ ਮੰਨੀਏ ਤਾਂ ਇਸ ਬਿਮਾਰੀ ਦੀ ਭਿਣਕ ਨਵੰਬਰ-ਦਸੰਬਰ ‘ਚ ਹੀ ਲੱਗ ਗਈ ਸੀ। ਇਸ ਦੇ ਬਾਵਜੂਦ ਮਹਾਂਮਾਰੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਨਤੀਜੇ ਸਾਹਮਣੇ ਹਨ। ਇਨ੍ਹਾਂ ਦੇਸ਼ਾਂ ‘ਚ ਸੁਪਰ ਸਪੈਰਡਰ ਕਿਸ ਦੇ ਸੰਪਰਕ ‘ਚ ਸੀ ਹੁਣ ਇਸ ਦੇ ਮਾਇਨੇ ਹੀ ਨਹੀਂ ਰਹਿ ਗਏ ਸਨ ਜਦਕਿ ਇਹ ਤਬਾਹੀ ਦਾ ਇਕ ਮੁੱਖ ਕਾਰਨ ਹੈ।
ਬ੍ਰਿਟੇਨ
ਮਸ਼ਹੂਰ ਮੈਡੀਕਲ ਮੈਗਜ਼ੀਨ ਲੈਸੇਂਟ ਦੇ ਮੁੱਖ ਸੰਪਾਦਕ ਰਿਚਰਡ ਹੋਰਟਨ ਅਨੁਸਾਰ ਫਰਵਰੀ ‘ਚ ਬ੍ਰਿਟਿਸ਼ ਸਰਕਾਰ ਨੂੰ ਜਾਂਚ ‘ਚ ਜ਼ੋਰ ਦੇਣਾ ਚਾਹੀਦਾ ਸੀ। ਆਤਮ ਰੱਖਿਆ ਦੇ ਉਪਕਰਨਾਂ ਦੀ ਉਪਲਬਧਤਾ ‘ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਸੀ। ਜਨਵਰੀ ਦੇ ਅੰਤ ‘ਚ ਪਹਿਲੀ ਵਾਰ ਕਰੋਨਾ ਦੇ ਮਾਮਲੇ ਦਰਜ ਹੋਏ। ਸਰਕਾਰ ਨੇ ਧਿਆਨ ਨਹੀਂ ਦਿੱਤਾ। ਹੋਰਟਨ ਦਾ ਕਹਿਣਾ ਹੈ ਕਿ ਸਰਕਾਰ ਨੇ ਸਮੇਂ ਦੀ ਸਹੀ ਵਰਤੋਂ ਕਰਦੇ ਹੋਏ ਕਰੋਨਾ ਨਾਲ ਨਜਿੱਠਣ ਦੇ ਉਪਾਅ ਕਰ ਲਏ ਹੁੰਦੇ ਤਾਂ ਬ੍ਰਿਟੇਨ ਨੂੰ ਆਪਣੇ ਨਾਗਰਿਕਾਂ ਦੀ ਜਾਨ ਨਾ ਗੁਆਉਣੀ ਪੈਂਦੀ।
ਇਟਲੀ
ਵਪਾਰਕ ਸਰਗਰਮੀਆਂ ਕਾਰਨ ਚੀਨ ਤੋਂ ਇਟਲੀ ਲਈ ਲੋਕਾਂ ਦੀ ਆਵਾਜਾਈ ਹਜ਼ਾਰਾਂ ‘ਚ ਹੁੰਦੀ ਰਹੀ। ਚੀਨ 2019 ਦਸੰਬਰ ਦੇ ਦੂਜੇ ਹਫ਼ਤੇ ‘ਚ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਸਨ ਜਦਕਿ 16 ਮਾਰਚ ਤੱਕ ਇਟਲੀ ਨੇ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਨਹੀਂ ਲਗਾਈ। ਬਿਹਤਰ ਸਿਹਤ ਸਹੂਲਤਾਂ ਹੋਣ ਕਾਰਨ ਕਰੋਨਾ ਵਾਇਰਸ ਨੂੰ ਇਟਲੀ ਵੀ ਅੰਡਰ ਐਸਟੀਮੇਟ ਕਰਦਾ ਰਿਹਾ। ਨਤੀਜੇ ਵਜੋਂ ਜਦ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਤਾਂ ਇਟਲੀ ‘ਚ ਹਾਲਾਤ ਬੇਕਾਬੂ ਹੋ ਗਏ। ਪਹਿਲਾਂ ਹੀ ਇਨ੍ਹਾਂ ਗੱਲਾਂ ‘ਤੇ ਧਿਆਨ ਦਿੱਤਾ ਹੁੰਦਾ ਤਾਂ ਸ਼ਾਇਦ ਇਟਲੀ ‘ਚ ਇੰਨੀਆਂ ਮੌਤਾਂ ਨਾ ਹੁੰਦੀਆਂ।
ਅਮਰੀਕਾ ਵੱਡੀ ਤਬਾਹੀ ਵੱਲ!
ਵਾਸ਼ਿੰਗਟਨ : ਜਿਸ ਤੇਜੀ ਨਾਲ ਅਮਰੀਕਾ ਵਿਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਮੌਤਾਂ ਦਾ ਅੰਕੜਾ ਵੀ ਲਗਾਤਾਰ ਵਧ ਰਿਹਾ ਹੈ, ਉਸ ਨੂੰ ਵੇਖਦਿਆਂ ਵਿਸ਼ਵ ਭਰ ਵਿਚ ਇਹ ਚਿੰਤਾ ਖੜ੍ਹੀ ਹੋ ਗਈ ਹੈ ਕਿ ਅਮਰੀਕਾ ਕਰੋਨਾ ਦੇ ਚਲਦਿਆਂ ਵੱਡੀ ਤਬਾਹੀ ਵੱਲ ਵਧ ਰਿਹਾ ਹੈ। ਇਹ ਤਬਾਹੀ ਜਾਨੀ ਤਬਾਹੀ ਦੇ ਨਾਲ-ਨਾਲ ਵੱਡੀ ਆਰਥਿਕ ਤਬਾਹੀ ਵੀ ਲੈ ਕੇ ਆਉਂਦੀ ਨਜ਼ਰ ਆ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਅਮਰੀਕਾ ਵਿਚ ਕਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 4 ਲੱਖ 7 ਹਜ਼ਾਰ ਪਾਰ ਚਲੀ ਗਈ ਸੀ ਜਦੋਂਕਿ ਮੌਤਾਂ ਵੀ 14 ਹਜ਼ਾਰ ਦੇ ਕਰੀਬ ਹੋ ਚੁੱਕੀਆਂ ਸਨ। ਇਕ ਪਾਸੇ ਯੂਐਸਏ ਵਿਚ ਕਰੋਨਾ ਪੀੜਤਾਂ ਦੀ ਗਿਣਤੀ 4 ਲੱਖ ਤੱਕ ਅੱਪੜਦੀ ਨਜ਼ਰ ਆਉਣ ਲੱਗੀ ਹੈ, ਉਥੇ ਅਮਰੀਕੀ ਸਿਹਤ ਵਿਭਾਗ ਦੇ ਨਿਰਦੇਸ਼ਾਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਹੀ ਟਿੱਚ ਜਾਣਦੇ ਹਨ। ਲੋਕਾਂ ਮੂਹਰੇ ਉਦਾਹਰਨ ਪੇਸ਼ ਕਰਨ ਦੀ ਬਜਾਏ, ਸਿਹਤ ਵਿਭਾਗ ਦੀ ਸਲਾਹ ਨੂੰ ਦਰਕਿਨਾਰ ਕਰਦਿਆਂ ਟਰੰਪ ਨੇ ਆਖਿਆ ਕਿ ਮੈਂ ਮਾਸਕ ਨਹੀਂ ਪਾਵਾਂਗਾ ਕਿਉਂਕਿ ਮੈਂ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ, ਤਾਨਾਸ਼ਾਹਾਂ, ਰਾਜਿਆਂ ਤੇ ਰਾਣੀਆਂ ਨੂੰ ਮਿਲਣਾ ਹੁੰਦਾ ਹੈ। ਇਸ ਗੱਲ ਨੂੰ ਲੈ ਕੇ ਵੀ ਟਰੰਪ ਦੇ ਸਵਾਲਾਂ ਦੇ ਘੇਰੇ ਵਿਚ ਹਨ ਕਿ ਕਰੋਨਾ ਪੂਰੀ ਅਮਰੀਕਾ ਨੂੰ ਆਪਣੀ ਚਪੇਟ ਵਿਚ ਲੈਂਦਾ ਜਾ ਰਿਹਾ ਹੈ ਪਰ ਫਿਰ ਵੀ ਟਰੰਪ ਵੱਲੋਂ ਨੈਸ਼ਨਲ ਲੌਕਡਾਊਨ ਦਾ ਐਲਾਨ ਨਹੀਂ ਕੀਤਾ ਗਿਆ। ਇਸ ਸਭ ਦੇ ਦਰਮਿਆਨ ਟਰੰਪ ਦੇ ਹੋਏ ਦੋ ਕਰੋਨਾ ਟੈਸਟ ਨੈਗੇਟਿਵ ਆਏ ਹਨ। ਪਰ ਹੁਣ ਅਮਰੀਕਾ ਲੋਕ ਚਾਹੁੰਦੇ ਹਨ ਕਿ ਟਰੰਪ ਲੋਕਾਂ ਨੂੰ ਘਰੇ ਰਹਿਣ ਦੀ ਅਪੀਲ ਕਰਨ ਤੇ ਖੁਦ ਵੀ ਮਾਸਕ ਪਾ ਕੇ ਇਕ ਉਦਾਹਰਣ ਪੇਸ਼ ਕਰਨ। ਪਰ ਉਹ ਅਜੇ ਵੀ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਗੰਭੀਰ ਨਜ਼ਰ ਨਹੀਂ ਆ ਰਹੇ, ਜਿਸ ਨੂੰ ਲੈ ਕੇ ਚਿੰਤਾ ਵਧਦੀ ਜਾ ਰਹੀ ਹੈ।
ਹੁਣ ਸਾਨੂੰ ਸਭ ਤੋਂ ਜ਼ਿਆਦਾ ਮੌਤਾਂ ਦੇਖਣੀ ਪੈ ਸਕਦੀਆਂ ਹਨ : ਟਰੰਪ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਗਲੇ ਕੁਝ ਹਫਤਿਆਂ ‘ਚ ਅਮਰੀਕਾ ਨੂੰ ਹੁਣ ਤੱਕ ਦੀਆਂ ਸਭ ਤੋਂ ਜ਼ਿਆਦਾ ਮੌਤਾਂ ਦੇਖਣੀਆਂ ਪੈ ਸਕਦੀਆਂ ਹਨ। ਹਾਲਾਂਕਿ ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਮੀਦ ਜਤਾਈ ਕਿ ਕਰੋਨਾ ਨੂੰ ਰੋਕਣ ਦੀ ਦਿਸ਼ਾ ‘ਚ ਕਦਮ ਚੁੱਕੇ ਜਾਣ ਤਾਂ ਮੌਤਾਂ ਦਾ ਅੰਕੜਾ ਘੱਟ ਹੋ ਸਕੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀਆਂ ਨੂੰ ਚੌਕਸ ਕੀਤਾ ਹੈ ਕਿ ਆਉਣ ਵਾਲੇ ਦੋ ਹਫ਼ਤੇ ਬਹੁਤ ਕਰੜੇ ਸਾਬਿਤ ਹੋਣ ਵਾਲੇ ਹਨ। ਟਰੰਪ ਨੇ ਕਿਹਾ ਕਿ ਅਗਲੇ ਦੋ ਹਫ਼ਤੇ ਬਹੁਤ, ਬਹੁਤ ਜਾਨਲੇਵਾ ਹੋਣਗੇ। ਉਨ੍ਹਾਂ ਕਿਹਾ ਕਿ ਇਹ ਸਾਡੀ ਬਦਕਿਸਮਤੀ ਹੈ, ਪਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਘੱਟ ਤੋਂ ਘੱਟ ਜਾਨਾਂ ਜਾਣ। ਰਾਸ਼ਟਰਪਤੀ ਨੇ ਆਸ ਜਤਾਈ ਕਿ ਉਹ ਕਾਮਯਾਬ ਹੋਣਗੇ। ਟਰੰਪ ਨੇ ਵਾਈਟ ਹਾਊਸ ਵਿਚ ਮੀਡੀਆ ਕਾਨਫ਼ਰੰਸ ਦੌਰਾਨ ਕਿਹਾ ਕਿ ਅਜਿਹਾ ਸਮਾਂ ਮੁਲਕ ਨੇ ਕਦੇ ਦੇਖਿਆ ਹੀ ਨਹੀਂ ਹੈ। ਇਸ ਮੌਕੇ ਹਾਜ਼ਰ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਕਿਹਾ ਕਿ ਟੈਸਟਿੰਗ ਵਧਾਈ ਜਾ ਰਹੀ ਹੈ ਤੇ ਇਸ ਨਾਲ ਕੇਸਾਂ ਦੀ ਗਿਣਤੀ ਵਧਣੀ ਲਾਜ਼ਮੀ ਹੈ। ਵਾਈਟ ਹਾਊਸ ਦੀ ਟਾਸਕ ਫੋਰਸ ਮੁਤਾਬਕ ਕਰੋਨਾਵਾਇਰਸ ਕਾਰਨ ਆਉਂਦੇ ਸਮੇਂ ਵਿਚ ਅਮਰੀਕਾ ‘ਚ ਇਕ ਤੋਂ ਦੋ ਲੱਖ ਮੌਤਾਂ ਹੋ ਸਕਦੀਆਂ ਹਨ। ਅਧਿਕਾਰੀ ਹਾਲੇ ਵੀ ਆਸ ਰੱਖ ਰਹੇ ਹਨ ਕਿ ਸ਼ਾਇਦ ਸਮਾਜਿਕ ਦੂਰੀ ਬਣਾਉਣ ਤੇ ਘਰੇ ਰਹਿਣ ਨਾਲ ਇਨ੍ਹਾਂ ਦਰਦਨਾਕ ਦ੍ਰਿਸ਼ਾਂ ਤੋਂ ਬਚਿਆ ਜਾ ਸਕੇ। ਸ਼ਨਿਚਰਵਾਰ ਤੱਥ ਅਮਰੀਕਾ ਦੀ 90 ਫ਼ੀਸਦ ਆਬਾਦੀ ਘਰਾਂ ਵਿਚ ਹੈ। 40 ਰਾਜਾਂ ਵਿਚ ਵੱਡੀ ਆਫ਼ਤ ਐਲਾਨੀ ਗਈ ਹੈ। ਨਿਊ ਯਾਰਕ ਸ਼ਹਿਰ, ਨਿਊ ਜਰਸੀ ਤੇ ਕਨੈਕਟੀਕਟ ਵਾਇਰਸ ਦਾ ਕੇਂਦਰ ਬਣੇ ਹੋਏ ਹਨ। ਅਮਰੀਕੀ ਰਾਸ਼ਟਰਪਤੀ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦਾ ਸਭ ਤੋਂ ਛੋਟਾ ਬੇਟਾ ਬੈਰਨ (14) ਵੀ ਪਹਿਲਾ ਵਾਂਗ ਖ਼ੁਸ਼ ਨਹੀਂ ਹੈ ਕਿਉਂਕਿ ਉਸ ਨੂੰ ਘਰ ਬੈਠਣਾ ਪੈ ਰਿਹਾ ਹੈ, ਜਿਵੇਂ ਬਾਕੀ ਸਾਰੇ ਅਮਰੀਕੀ ਵੀ ਘਰ ਬੈਠ ਕੇ ਸਾਵਧਾਨੀ ਵਰਤ ਰਹੇ ਹਨ। ਬੈਰਨ ਵਾਈਟ ਹਾਊਸ ‘ਚ ਟਰੰਪ ਤੇ ਮੇਲਾਨੀਆ ਦੇ ਨਾਲ ਰਹਿੰਦਾ ਹੈ। 6-7 ਦਿਨਾਂ ਵਿਚ ਨਿਊ ਯਾਰਕ ਵਿਚ ਕਰੋਨਾ ਦਾ ਕਹਿਰ ਸਿਖ਼ਰਾਂ ‘ਤੇ ਹੋਵੇਗਾ। ਇਸ ਤੋਂ ਬਾਅਦ ਸ਼ਾਇਦ ਕੁਝ ਰਾਹਤ ਮਿਲ ਸਕਦੀ ਹੈ। ਪੈਂਸ ਨੇ ਲੋਕਾਂ ਨੂੰ ਕਿਹਾ ਕਿ ਉਹ ਕਰੋਨਾ ਪੀੜਤਾ ਦੇ ਵਧਦੇ ਅੰਕੜੇ ਤੋਂ ਨਿਰਾਸ਼ ਨਾ ਹੋਣ ਕਿਉਂਕਿ ਰਿਪੋਰਟਾਂ ਮੁਤਾਬਕ ਹੁਣ ਸਮਾਜਿਕ ਦੂਰੀ ਤੇ ਹੋਰ ਨੇਮਾਂ ਦਾ ਪਾਲਣ ਕੀਤਾ ਜਾ ਰਿਹਾ ਹੈ। ਇਸ ਨਾਲ ਫ਼ਰਕ ਪੈ ਰਿਹਾ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …