ਮੈਲਬਰਨ/ਬਿਊਰੋ ਨਿਊਜ਼ : ਆਸਟਰੇਲੀਆ ਦੇ ਉੱਤਰ ਪੱਛਮੀ ਖੇਤਰ ਵਿੱਚੋਂ ਇਕ ਕੁਹਾੜੇ ਦਾ ਹਿੱਸਾ ਮਿਲਿਆ ਹੈ, ਜੋ 49,000 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। ਪੁਰਾਤਤਵ ਵਿਭਾਗ ਮੁਤਾਬਕ ਇਹ ਤਿੱਖਾ ਤਰਾਸ਼ਿਆ ਪੱਥਰ ਇਸ ਤੱਥ ਦਾ ਗਵਾਹ ਹੈ ਕਿ ਯੂਰਪ ਤੋਂ ਹਜ਼ਾਰਾਂ ਸਾਲ ਪਹਿਲਾਂ ਜ਼ਿੰਦਗੀ ਗੁਜ਼ਾਰਨ ਲਈ ਜ਼ਰੂਰੀ ਮਨੁੱਖੀ ਕਲਪਣਾ ਅਤੇ ਸਿਰਜਣਾ ਨੇ ਆਸਟਰੇਲੀਆ ਦੀ ਧਰਤੀ ਉੱਤੇ ਅੰਗੜਾਈ ਲੈ ਲਈ ਸੀ। ਵੈਸਟਰਨ ਆਸਟਰੇਲੀਆ ਸੂਬੇ ਦੇ ਕਿੰਬਰਲੀ ਇਲਾਕੇ ਵਿੱਚੋਂ ਮਿਲਿਆ ਕੁਹਾੜੇ ਦਾ ਇਹ ਹਿੱਸਾ ਉਨ੍ਹਾਂ ਪਹਿਲੇ ਸਮਿਆਂ ਦਾ ਹੈ, ਜਦੋਂ ਅਜੋਕੇ ਮਨੁੱਖ ਨੇ ਆਸਟਰੇਲੀਆ ਵਿੱਚ ਪੈਰ ਧਰਿਆ ਸੀ ਅਤੇ ਨਿੱਤ ਦਿਨ ਦੀਆਂ ਲੋੜਾਂ ਲਈ ਉਸ ਨੂੰ ਅਜਿਹੇ ਸੰਦਾਂ ਦੀ ਜ਼ਰੂਰਤ ਮਹਿਸੂਸ ਹੋਈ। ਸਥਾਨਕ ਰੇਡੀਓ ਨਾਲ ਜਾਣਕਾਰੀ ਸਾਂਝੀ ਕਰਦਿਆਂ ਖੋਜ ਵਿੱਚ ਸ਼ਾਮਲ ਮਾਹਿਰਾਂ ਮੁਤਾਬਕ ਦੱਖਣ-ਪੂਰਬੀ ਏਸ਼ੀਆ ਵਿੱਚੋਂ ਵੀ ਕੋਈ ਅਜਿਹਾ ਔਜ਼ਾਰ ਸਾਹਮਣੇ ਨਹੀਂ ਲਿਆਂਦਾ ਗਿਆ, ਜੋ ਹਜ਼ਾਰਾਂ ਸਦੀਆਂ ਪੁਰਾਣੀ ਮਨੁੱਖੀ ਸਿਰਜਣਾ ‘ਤੇ ਰੌਸ਼ਨੀ ਪਾਉਂਦਾ ਹੋਵੇ। ਦਰਅਸਲ ਆਸਟਰੇਲਿਆਈ ਮੂਲ ਵਾਸੀਆਂ ਦੀਆਂ ਇਨ੍ਹਾਂ ਨਿਸ਼ਾਨੀਆਂ ਤੋਂ ਇਹ ਪ੍ਰਤੱਖ ਹੈ ਕਿ ਇਸ ਮਹਾਂਦੀਪ ‘ਤੇ ਹਜ਼ਾਰਾਂ ਸਾਲ ਪਹਿਲਾਂ ਔਜ਼ਾਰ ਹੋਂਦ ਵਿੱਚ ਲਿਆਂਦੇ ਗਏ। ਖੋਜ ਮੁਤਾਬਿਕ ਸੰਭਵ ਹੈ ਕਿ ਇਸ ਕੁਹਾੜੇ ਦਾ ਹੱਥਾ ਵੀ 46 ਤੋਂ 49 ਹਜ਼ਾਰ ਸਾਲ ਪਹਿਲਾਂ ਵਰਤੋਂ ਵਿੱਚ ਲਿਆਂਦਾ ਗਿਆ।
Check Also
ਜਿੰਦਰ ਨੂੰ ਢਾਹਾਂ ਪੰਜਾਬੀ ਸਾਹਿਤ ਪੁਰਸਕਾਰ
ਸੁਰਿੰਦਰ ਨੀਰ ਅਤੇ ਸ਼ਹਿਜ਼ਾਦ ਅਸਲਮ ਦਾ ਵੀ ਕੀਤਾ ਸਨਮਾਨ ਵੈਨਕੂਵਰ/ਬਿਊਰੋ ਨਿਊਜ਼ : ਨਵਾਂ ਸ਼ਹਿਰ ਜ਼ਿਲ੍ਹੇ …