Breaking News
Home / ਹਫ਼ਤਾਵਾਰੀ ਫੇਰੀ / ਅਮਰੀਕਾ ਦੇ ਐਚ-1ਬੀ ਵੀਜ਼ਾ ਧਾਰਕਾਂ ਨੂੰ ਮਿਲ ਸਕੇਗਾ ਕੈਨੇਡਾ ਦਾ ਵਰਕ ਪਰਮਿਟ

ਅਮਰੀਕਾ ਦੇ ਐਚ-1ਬੀ ਵੀਜ਼ਾ ਧਾਰਕਾਂ ਨੂੰ ਮਿਲ ਸਕੇਗਾ ਕੈਨੇਡਾ ਦਾ ਵਰਕ ਪਰਮਿਟ

ਕੈਨੇਡਾ ਸਰਕਾਰ ਵਲੋਂ ਸੂਚਨਾ ਤਕਨਾਲੋਜੀ ਦੇ ਕਾਮਿਆਂ ਦੀ ਘਾਟ ਪੂਰੀ ਕਰਨ ਦਾ ਯਤਨ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਵਿਚ ਕੰਪਿਊਟਰ ਐਂਡ ਇਨਫਰਮੇਸ਼ਨ ਟੈਕਨਾਲੋਜੀ ਦੇ ਮਾਹਿਰਾਂ ਦੀ ਘਾਟ ਪੂਰੀ ਕਰਨ ਲਈ ਸਰਕਾਰ ਵਲੋਂ ਵਿਦੇਸ਼ਾਂ ਤੋਂ ਕਾਮਿਆਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜਰ ਨੇ ਆਖਿਆ ਕਿ ਅਮਰੀਕਾ ਦੇ ਐਚ-1ਬੀ ਵੀਜ਼ਾ ਧਾਰਕਾਂ ਨੂੰ ਕੈਨੇਡਾ ਦਾ 3 ਸਾਲ ਤੱਕ ਦਾ ਵਰਕ ਪਰਮਿਟ ਦੇਣ ਦੀ ਵਿਵਸਥਾ ਕੀਤੀ ਜਾ ਰਹੀ ਹੈ। 16 ਜੁਲਾਈ ਤੋਂ ਟੈਕ ਟੇਲੈਂਟ ਸਟਰੈਟਜੀ ਤਹਿਤ ਨਵਾਂ ਓਪਨ ਵਰਕ ਪਰਮਿਟ ਅਪਲਾਈ ਕਰਨਾ ਸੰਭਵ ਹੋਵੇਗਾ। ਇਸੇ ਨੀਤੀ ਤਹਿਤ ਐਚ-1ਬੀ ਵੀਜਾ ਧਾਰਕ ਆਪਣੇ ਬੱਚਿਆਂ ਅਤੇ ਪਤੀ/ਪਤਨੀ ਨੂੰ ਕੈਨੇਡਾ ਲਿਜਾ ਸਕਣਗੇ। ਹਾਲ ਦੀ ਘੜੀ ਇਹ ਨੀਤੀ ਆਰਜ਼ੀ ਤੌਰ ‘ਤੇ 1 ਸਾਲ ਵਾਸਤੇ ਹੈ ਅਤੇ ਵੱਧ ਤੋਂ ਵੱਧ 10,000 ਵਰਕ ਪਰਮਿਟ ਦਿੱਤੇ ਜਾਣੇ ਹਨ। ਘੱਟ ਪੜ੍ਹ ਕੇ ਕੈਨੇਡਾ ਵੱਲ ਮੁਹਾਣ (ਕਾਹਲੀ) ਕਰਨ ਦੀ ਬਜਾਏ ਆਪਣੇ ਦੇਸ਼ਾਂ ਵਿਚ ਉੱਚ ਵਿਦਿਆ ਪ੍ਰਾਪਤ ਕਰਕੇ ਕਿਸੇ ਕਿੱਤੇ ਦੀ ਮੁਹਾਰਤ ਲੈਣ ਵਾਲੇ ਲੋਕ ਅਸਾਨੀ ਨਾਲ ਪੱਕੇ ਤੌਰ ‘ਤੇ ਕੈਨੇਡਾ ਪੁੱਜ ਰਹੇ ਹਨ ਅਤੇ ਉਨ੍ਹਾਂ ਵਾਸਤੇ ਸਥਾਪਤੀ ਦੇ ਮੌਕੇ ਵੀ ਵੱਧ ਹਨ।
ਮਾਹਿਰਾਂ ਨੂੰ ਮੌਕੇ ਦੇਣ ਤਹਿਤ ਕੈਨੇਡਾ ਦੇ ਐਕਸਪ੍ਰੈਸ ਐਂਟਰੀ ਸਿਸਟਮ ਵਿਚੋਂ ਨਵਾਂ (2023 ਦਾ 15ਵਾਂ) ਡਰਾਅ ਕੱਢਿਆ ਗਿਆ ਜਿਸ ਨਾਲ 4300 ਉਮੀਦਵਾਰਾਂ ਨੂੰ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਡਰਾਅ ਵਿਚ 486 ਜਾਂ ਇਸ ਤੋਂ ਵੱਧ ਸਕੋਰ ਵਾਲੇ ਉਮੀਦਵਾਰਾਂ ਨੂੰ ਮੌਕਾ ਮਿਲਿਆ ਹੈ।
ਸਿਹਤ ਦੀ ਦੇਖਭਾਲ਼ ਦੇ ਕਿੱਤਿਆਂ, ਸਾਇੰਸ, ਤਕਨੀਕ, ਲੱਕੜ ਦੇ ਕਿੱਤੇ, ਪਲੰਬਰ, ਡਰਾਈਵਰ, ਖੁਰਾਕ ਅਤੇ ਖੇਤੀਬਾੜੀ ਕੁਝ ਅਜਿਹੇ ਖੇਤਰ ਹਨ ਜਿਨ੍ਹਾਂ ਵਿਚ ਕੈਨੇਡਾ ਭਰ ਵਿਚ ਕਾਮਿਆਂ ਦੀ ਸਾਰਾ ਸਾਲ ਮੰਗ ਬਣੀ ਰਹਿੰਦੀ ਹੈ। ਇਕ ਵੱਖਰੀ ਖਬਰ ਅਨੁਸਾਰ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਵਰਕ ਪਰਮਿਟ ਧਾਰਕਾਂ ਤੋਂ ਦੇਸ਼ ਵਿਚ ਪੜ੍ਹਾਈ ਕਰਨ ਦੀ ਸੀਮਾ ਸ਼ਰਤ ਹਟਾ ਲਈ ਹੈ। ਹੁਣ ਤੱਕ ਵਿਦੇਸ਼ੀ ਕਾਮਿਆਂ ਨੂੰ ਸਟੱਡੀ ਪਰਮਿਟ ਲਏ ਬਿਨਾ ਵੱਧ ਤੋਂ ਵੱਧ ਛੇ ਮਹੀਨੇ ਪੜ੍ਹਨ ਦੀ ਖੁੱਲ੍ਹ ਸੀ ਪਰ ਹੁਣ ਪੜ੍ਹਾਈ ਕਰਨ ਲਈ ਸਟੱਡੀ ਪਰਮਿਟ ਲੈਣਾ ਜ਼ਰੂਰੀ ਨਹੀਂ ਰਿਹਾ ਅਤੇ ਵਰਕ ਪਰਮਿਟ ਦੀ ਤਰੀਕ ਖਤਮ ਹੋਣ ਤੱਕ ਪੜ੍ਹਨਾ ਤੇ ਆਪਣੀ ਯੋਗਤਾ ਵਿਚ ਵਾਧਾ ਕਰਨਾ ਸੰਭਵ ਹੋ ਗਿਆ ਹੈ। ਆਪਣੀ ਯੋਗਤਾ ਵਿਚ ਵਾਧਾ ਕਰਨ ਨਾਲ਼ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਦੇ ਰਾਹ ਖੁੱਲ੍ਹਦੇ ਹਨ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …