-5 C
Toronto
Wednesday, December 3, 2025
spot_img
Homeਹਫ਼ਤਾਵਾਰੀ ਫੇਰੀਭਾਰਤੀ ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਵਾਲਾ ਏਜੰਟ ਬ੍ਰਿਜੇਸ਼ ਮਿਸ਼ਰਾ ਕੈਨੇਡਾ 'ਚ ਗ੍ਰਿਫਤਾਰ

ਭਾਰਤੀ ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਵਾਲਾ ਏਜੰਟ ਬ੍ਰਿਜੇਸ਼ ਮਿਸ਼ਰਾ ਕੈਨੇਡਾ ‘ਚ ਗ੍ਰਿਫਤਾਰ

ਟੋਰਾਂਟੋ/ ਸਤਪਾਲ ਸਿੰਘ ਜੌਹਲ
ਜਾਅਲਸਾਜ਼ੀ ਨਾਲ ਕੈਨੇਡਾ ਦਾ ਸਟੱਡੀ ਪਰਮਿਟ ਲੈ ਕੇ ਦੇਣ ਵਾਲੇ ਸ਼ੱਕੀ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐਸ.ਏ.) ਵਲੋਂ ਗ੍ਰਿਫਤਾਰ ਕਰ ਲਏ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਉਸਦੀ ਗ੍ਰਿਫਤਾਰੀ ਦੀ ਖਬਰ ਨਾਲ ਉਨ੍ਹਾਂ ਪੰਜਾਬੀ ਪੀੜਤਾਂ ਨੂੰ ਰਾਹਤ ਮਿਲੀ ਹੈ ਜੋ ਬੀਤੇ ਮਹੀਨਿਆਂ ਤੋਂ ਕੈਨੇਡਾ ਵਿਚੋਂ ਕੱਢੇ ਜਾਣ ਦੀਆਂ ਕਾਰਵਾਈਆਂ ਦਾ ਸਾਹਮਣਾ ਕਰ ਰਹੇ ਸਨ। ਕੈਨੇਡਾ ਸਰਕਾਰ ਵਲੋਂ ਉਨ੍ਹਾਂ ਮੁੰਡਿਆਂ ਤੇ ਕੁੜੀਆਂ ਦੇ ਦੇਸ਼ ਨਿਕਾਲੇ ਉਪਰ ਹਾਲ ਦੀ ਘੜੀ ਰੋਕ ਲਗਾਈ ਹੋਈ ਹੈ। ਜਾਣਕਾਰੀ ਅਨੁਸਾਰ ਜਲੰਧਰ ਵਿਚ ਐਜੂਕੇਸ਼ਨ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਦੇ ਦਫਤਰ ਤੋਂ ਬੀਤੇ ਸਾਲਾਂ ਦੌਰਾਨ ਸਟੱਡੀ ਪਰਮਿਟ ਵਾਸਤੇ ਕੀਤੇ ਜਾਅਲਸਾਜ਼ੀ ਘੁਟਾਲੇ ਲਈ ਰਾਹੁਲ ਭਾਰਗਵ, ਬ੍ਰਿਜੇਸ਼ ਮਿਸ਼ਰਾ ਅਤੇ ਗੁਰਨਾਮ ਸਿੰਘ ਦਾ ਪੰਜਾਬ ਪੁਲਿਸ ਅਤੇ ਕੈਨੇਡੀਅਨ ਅਧਿਕਾਰੀਆਂ ਵਲੋਂ ਪਿੱਛਾ ਕੀਤਾ ਜਾ ਰਿਹਾ ਸੀ। ਰਾਹੁਲ ਨੂੰ ਬੀਤੇ ਮਾਰਚ ਮਹੀਨੇ ਜਲੰਧਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।
ਬਿਹਾਰ ਮੂਲ ਦੇ ਦੱਸੇ ਜਾਂਦੇ ਬ੍ਰਿਜੇਸ਼ ਨੂੰ ਕੈਨੇਡਾ ਵਿਚ ਸੀ.ਬੀ.ਐਸ.ਏ. ਨੇ ਵੈਨਕੁਵਰ ਤੋਂ ਗ੍ਰਿਫਤਾਰ ਕਰਕੇ ਪੁਲਿਸ ਹਵਾਲੇ ਕਰਨ ਦਾ ਦਾਅਵਾ ਕੀਤਾ ਹੈ ਅਤੇ ਉਸ ਵਿਰੁੱਧ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਨਾਲ ਧੋਖਾ ਕਰਨ ਦੇ ਲਗਭਗ ਅੱਧੀ ਦਰਜਨ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਜਾਂਚ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸੂਹ ਮਿਲੀ ਸੀ ਕਿ ਬ੍ਰਿਜੇਸ਼ ਕੋਲ ਕੈਨੇਡਾ ਦਾ ਵੀਜ਼ਾ ਹੈ ਜਿਸ ਦੇ ਆਧਾਰ ‘ਤੇ ਉਸ ਦੀ ਪੈੜ ਨੱਪੀ ਜਾ ਸਕੀ। ਗੁਰਨਾਮ ਅਜੇ ਫਰਾਰ ਹੈ।
ਇਹ ਵੀ ਪਤਾ ਲੱਗਾ ਹੈ ਕਿ 2014 ਤੋਂ ਦੇਸ਼ ਅਤੇ ਵਿਦੇਸ਼ਾਂ ਵਿਚ ਐਜੂਕੇਸ਼ਨ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਦਾ ਸੋਸ਼ਲ ਮੀਡੀਆ ਰਾਹੀਂ ਵੀ ਪ੍ਰਚਾਰ ਕੀਤਾ ਜਾਂਦਾ ਰਿਹਾ ਸੀ, ਪਰ ਧੋਖਾਧੜੀ ਬਾਰੇ ਪਤਾ ਲੱਗਣ ਤੋਂ ਬਾਅਦ ਜਲੰਧਰ ਦੇ ਡਿਪਟੀ ਕਮਿਸ਼ਨਰ ਵਲੋਂ ਮਾਰਚ ਵਿਚ ਇਸ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ।
ਇਸੇ ਲੜੀ ‘ਚ ਐਜੂਕੇਸ਼ਨ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਤੋਂ ਪਹਿਲਾਂ ਬ੍ਰਿਜੇਸ਼ ਵਲੋਂ ਈਜ਼ੀ ਵੇਅ ਇਮੀਗ੍ਰੇਸ਼ਨ ਕੰਸਲਟੈਂਸੀ ਨਾਂਅ ਦੀ ਕੰਪਨੀ ਹੇਠ ਭਾਰਤੀਆਂ ਨੂੰ ਵਿਦੇਸ਼ ਭੇਜਣ ਦਾ ਕੰਮ ਕੀਤਾ ਜਾਂਦਾ ਸੀ, ਜਿਸ ਵਿਰੁੱਧ 2013 ‘ਚ ਜਾਅਲਸਾਜ਼ੀ ਦੇ ਦੋਸ਼ਾਂ ਹੇਠ ਪੁਲਿਸ ਵਲੋਂ ਕਾਰਵਾਈ ਕੀਤੀ ਗਈ ਸੀ।

RELATED ARTICLES
POPULAR POSTS