Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ‘ਚ ਪੜ੍ਹਦੇ ਅਫ਼ਗਾਨੀਆਂ ਨੂੰੰ ਆਪਣਿਆਂ ਦੀ ਫਿਕਰ

ਪੰਜਾਬ ‘ਚ ਪੜ੍ਹਦੇ ਅਫ਼ਗਾਨੀਆਂ ਨੂੰੰ ਆਪਣਿਆਂ ਦੀ ਫਿਕਰ

ਤਾਲਿਬਾਨ ਦੀਆਂ ਨੀਤੀਆਂ ਤੋਂ ਡਰਦੇ ਹਨ ਅਫਗਾਨੀ ਵਿਦਿਆਰਥੀ
ਚੰਡੀਗੜ੍ਹ : ਅਫ਼ਗਾਨਿਸਤਾਨ ਵਿੱਚ ਪੈਦਾ ਹੋਏ ਸਿਆਸੀ ਸੰਕਟ ਮਗਰੋਂ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹਾਈ ਕਰ ਰਹੇ ਅਫ਼ਗਾਨੀ ਵਿਦਿਆਰਥੀ ਆਪਣੇ ਪਰਿਵਾਰਾਂ ਨੂੰ ਲੈ ਕੇ ਫਿਕਰਮੰਦ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਪੜ੍ਹ ਰਹੇ ਅਫ਼ਗਾਨਿਸਤਾਨ ਦੇ ਨੂਰ ਅਲੀ ਨੂਰ ਨੇ ਕਿਹਾ, ”ਪਿਛਲੇ ਕਈ ਦਿਨਾਂ ਤੋਂ ਸਾਡੀ ਰਾਤਾਂ ਦੀ ਨੀਂਦ ਉਡੀ ਹੋਈ ਹੈ। ਸਾਡੇ ਪਰਿਵਾਰ ਹੁਣ ਤੱਕ ਸੁਰੱਖਿਅਤ ਹਨ, ਪਰ ਦੇਸ਼ ਵਿੱਚ ਵਾਪਰੀਆਂ ਘਟਨਾਵਾਂ ਤੋਂ ਡਰੇ ਅਤੇ ਸਹਿਮੇ ਹੋਏ ਹਨ।” ਉਨ੍ਹਾਂ ਕਿਹਾ ਕਿ ਇਸਲਾਮ ਹਿੰਸਾ ਵਿੱਚ ਭਰੋਸਾ ਨਹੀਂ ਕਰਦਾ, ਪਰ ਤਾਲਿਬਾਨ ਆਪਣੇ ਵਿਚਾਰਾਂ ਤੇ ਏਜੰਡਿਆਂ ਨੂੰ ਲੋਕਾਂ ‘ਤੇ ਧੱਕੇ ਨਾਲ ਥੋਪਦੇ ਹਨ।
ਤਾਲਿਬਾਨ ਨੇ ਐਤਵਾਰ ਨੂੰ ਕਾਬੁਲ ਵਿੱਚ ਰਾਸ਼ਟਰਪਤੀ ਭਵਨ ‘ਤੇ ਕਬਜ਼ਾ ਕਰ ਲਿਆ ਸੀ। ਅਫ਼ਗਾਨੀ ਵਿਦਿਆਰਥੀਆਂ ਨੇ ਦੇਸ਼ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਕੌਮਾਂਤਰੀ ਭਾਈਚਾਰੇ ਤੋਂ ਮਦਦ ਦੀ ਅਪੀਲ ਕੀਤੀ ਹੈ। ਪੀਏਯੂ ਵਿੱਚ ਪੀਐੱਚ ਡੀ ਕਰ ਰਹੇ ਇੱਕ ਹੋਰ ਅਫ਼ਗਾਨੀ ਵਿਦਿਆਰਥੀ ਅਹਿਮਦ ਮੁਬਾਸ਼ਰ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਆਪਣੇ ਪਰਿਵਾਰਾਂ ਅਤੇ ਹੋਰ ਪਰਿਵਾਰਾਂ ਨੂੰ ਲੈ ਕੇ ਉਹ ਫਿਕਰਮੰਦ ਹੈ। ਉਨ੍ਹਾਂ ਦੱਸਿਆ ਕਿ ਅਫ਼ਗਾਨਿਸਤਾਨ ਤੋਂ 11 ਵਿਦਿਆਰਥੀ ਪੀਏਯੂ ਵਿੱਚ ਉੱਚ ਪੱਧਰੀ ਪੜ੍ਹਾਈ ਕਰ ਰਹੇ ਹਨ। ਮੁਹਾਲੀ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਅਫ਼ਗਾਨੀ ਵਿਦਿਆਰਥੀਆਂ ਨੇ ਵੀ ਅਜਿਹਾ ਹੀ ਫਿਕਰ ਜ਼ਾਹਿਰ ਕੀਤਾ ਹੈ।
ਇਸ ਸੰਸਥਾ ਵਿੱਚ 250 ਤੋਂ ਵੱਧ ਅਫ਼ਗਾਨੀ ਵਿਦਿਆਰਥੀਆਂ ਨੇ ਵੱਖ-ਵੱਖ ਕੋਰਸਾਂ ਵਿੱਚ ਦਾਖ਼ਲਾ ਲਿਆ ਹੋਇਆ ਹੈ।
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਫਗਵਾੜਾ ਦੇ ਡਾਇਰੈਕਟਰ ਅਮਨ ਮਿੱਤਲ ਨੇ ਕਿਹਾ ਕਿ ਉਨ੍ਹਾਂ ਦੇ ਕੈਂਪਸ ਦੇ ਸਾਰੇ ਅਫ਼ਗਾਨੀ ਵਿਦਿਆਰਥੀ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਪਿਛਲੇ ਸਾਲ ਘਰਾਂ ਨੂੰ ਭੇਜੇ ਗਏ ਸਨ।
ਸੁੱਕੇ ਮੇਵਿਆਂ ਦੇ ਭਾਅ ਚੜ੍ਹੇ ਅਸਮਾਨੀ
ਅਫਗਾਨਿਸਤਾਨ ਵਿਚ ਤਖਤਾ ਪਲਟਣ ਦਾ ਅਸਰ ਭਾਰਤ ਅਤੇ ਖਾਸ ਕਰਕੇ ਪੰਜਾਬ ਵਿਚ ਵੀ ਦੇਖਣ ਨੂੰ ਮਿਲਿਆ। ਅਫਗਾਨਿਸਤਾਨ ਵਿਚ ਤਾਲਿਬਾਨ ਦਾ ਕਬਜ਼ਾ ਹੋਣ ਕਾਰਨ ਸੁੱਕੇ ਮੇਵਿਆਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਅੰਜੀਰ, ਮੁਨੱਕਾ ਅਤੇ ਬਦਾਮ ਗਿਰੀ ਦੇ ਭਾਅ ਵਿਚ ਹੋਰ ਵਾਧਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਧਿਆਨ ਰਹੇ ਕਿ ਭਾਰਤ ਵਿਚ ਜ਼ਿਆਦਾ ਸੁੱਕੇ ਮੇਵੇ ਅਫਗਾਨਿਸਤਾਨ ਤੋਂ ਪਹੁੰਚਦੇ ਹਨ। ਇਸੇ ਦੌਰਾਨ ਬਦਾਮ ਗਿਰੀ ਦਾ ਭਾਅ 1000 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ ਅਤੇ 200 ਰੁਪਏ ਤੱਕ ਭਾਅ ਹੋਰ ਵੀ ਵਧ ਸਕਦਾ ਹੈ। ਦੱਸਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਬਦਾਮਾਂ ਦੀ ਫਸਲ ਨਸ਼ਟ ਹੋ ਗਈ ਹੈ ਅਤੇ ਇਸ ਕਰਕੇ ਹੀ ਬਦਾਮਾਂ ਦੀਆਂ ਗਿਰੀਆਂ ਦੀ ਕੀਮਤ ਜ਼ਿਆਦਾ ਵਧੀ ਹੈ। ਪਰ ਅਫਗਾਨਿਸਤਾਨ ਦੀਆਂ ਘਟਨਾਵਾਂ ਕਾਰਨ ਵੀ ਸੁੱਕੇ ਮੇਵਿਆਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ।

Check Also

PM ਜਸਟਿਨ ਟਰੂਡੋ ਨੇ ਜਿੱਤਿਆ ਭਰੋਸੇ ਦਾ ਵੋਟ

ਸਦਨ ਵਿਚ ਫੇਲ੍ਹ ਹੋਇਆ ਵਿਰੋਧੀ ਧਿਰ ਕੰਸਰਵੇਟਿਵ ਦਾ ਮਤਾ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ …