ਕੈਨੇਡੀਅਨ ਵਿਦਿਆਰਥੀਆਂ ਲਈ ਸਰਕਾਰ ਕੋਲੋਂ ਮੰਗਿਆ ਜਾਵੇਗਾ ਜ਼ਿਆਦਾ ਫੰਡ
ਭਾਰਤੀ ਵਿਦਿਆਰਥੀਆਂ ਤੋਂ ਜ਼ਿਆਦਾ ਫੀਸ ਮਿਲਦੀ ਸੀ, ਜੋ ਹੁਣ ਹੋਈ ਘੱਟ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਭਾਰਤ ਅਤੇ ਦੂਜੇ ਦੇਸ਼ਾਂ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ‘ਚ ਆਈ ਕਮੀ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ। ਕੈਨੇਡੀਅਨ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਲਈ ਆਰਥਿਕ ਤੰਗੀ ਵਧਣ ਲੱਗੀ ਹੈ, ਕਿਉਂਕਿ ਹੁਣ ਪਹਿਲਾਂ ਜਿੰਨੀਆਂ ਭਾਰੀ-ਭਰਕਮ ਫੀਸਾਂ ਨਹੀਂ ਮਿਲ ਰਹੀਆਂ ਹਨ। ਕੈਨੇਡੀਅਨ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਸਭ ਤੋਂ ਜ਼ਿਆਦਾ ਫੀਸ ਭਾਰਤੀ ਵਿਦਿਆਰਥੀਆਂ ਤੋਂ ਹੀ ਮਿਲਦੀ ਸੀ, ਜੋ ਕਿ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਦੀ ਤੁਲਨਾ ਵਿਚ ਕਾਫੀ ਜ਼ਿਆਦਾ ਫੀਸ ਦਿੰਦੇ ਸਨ। ਜਸਟਿਨ ਟਰੂਡੋ ਸਰਕਾਰ ਨੇ ਲੰਘੇ ਮਹੀਨਿਆਂ ਵਿਚ ਕਈ ਪਾਲਿਸੀਆਂ ਨੂੰ ਬਦਲਿਆ ਹੈ ਅਤੇ ਉਸਦੇ ਚੱਲਦਿਆਂ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੰਖਿਆ ਵਿਚ ਗਿਰਾਵਟ ਦੇਖੀ ਜਾ ਰਹੀ ਹੈ। ਸਟੂਡੈਂਟ ਕੈਂਪ ਅਤੇ ਹੋਰ ਨਿਯਮਾਂ ਦੇ ਚੱਲਦਿਆਂ ਵਿਦਿਆਰਥੀ ਹੁਣ ਕੈਨੇਡਾ ਦੀ ਬਜਾਏ ਹੋਰ ਦੇਸ਼ਾਂ ਵਿਚ ਪੜ੍ਹਾਈ ਦੇ ਲਈ ਜਾ ਰਹੇ ਹਨ। ਇਸ ਨਾਲ ਕੈਨੇਡਾ ਦੀਆਂ ਸਿੱਖਿਆ ਸੰਸਥਾਵਾਂ ਦੀ ਆਰਥਿਕ ਸਥਿਤੀ ‘ਤੇ ਗੰਭੀਰ ਪ੍ਰਭਾਵ ਪਿਆ ਹੈ। ਕੈਨੇਡਾ ਦੇ ਕਾਲਜਾਂ ਤੇ ਯੂਨੀਵਰਸਿਟੀਆਂ ‘ਚ ਭਾਰਤੀ ਵਿਦਿਆਰਥੀਆਂ ਦੀ ਸੰਖਿਆ ਸਭ ਤੋਂ ਜ਼ਿਆਦਾ ਸੀ। ਅੰਤਰਰਾਸ਼ਟਰੀ ਵਿਦਿਆਰਥੀ ਸਥਾਨਕ ਵਿਦਿਆਰਥੀਆਂ ਦੀ ਤੁਲਨਾ ‘ਚ ਚਾਰ ਗੁਣਾ ਜ਼ਿਆਦਾ ਟਿਊਸ਼ਨ ਫੀਸ ਦਿੰਦੇ ਸਨ। ਹੁਣ, ਜਦ ਇਨ੍ਹਾਂ ਦੀ ਸੰਖਿਆ ਵਿਚ ਕਮੀ ਆਈ ਤਾਂ ਕਾਲਜਾਂ ਦੀ ਆਰਥਿਕ ਸਥਿਤੀ ਕਮਜ਼ੋਰ ਹੋ ਗਈ ਹੈ। ਪਿਛਲੇ ਸਾਲ ਲੈਂਗਾਰਾ ਕਾਲਜ ਵਿਚ 7500 ਅੰਤਰਰਾਸ਼ਟਰੀ ਵਿਦਿਆਰਥੀ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਭਾਰਤੀ ਸਨ।
ਲੈਂਗਾਰਾ ਕਾਲਜ ਦਾ ਸੰਕਟ
ਲੈਂਗਾਰਾ ਕਾਲਜ, ਜੋ ਬ੍ਰਿਟਿਸ਼ ਕੋਲੰਬੀਆ ਦੇ ਸਭ ਤੋਂ ਜ਼ਿਆਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਲੇ ਕਾਲਜਾਂ ਵਿਚੋਂ ਇਕ ਹੈ, ਇਸ ਸੰਕਟ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਕਾਲਜ ਦੇ ਪ੍ਰੈਜੀਡੈਂਟ ਪਾਓਲਾ ਬਰਨਸ ਨੇ ਦੱਸਿਆ ਕਿ ਪਿਛਲੇ ਸਾਲ ਦੀ ਤੁਲਨਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਵਿਚ 79 ਫੀਸਦੀ ਦੀ ਕਮੀ ਆਈ ਹੈ। ਇਸਦੇ ਕਾਰਨ ਕਾਲਜ ਦੇ ਬਜਟ ਵਿਚ ਕਟੌਤੀ ਕਰਨੀ ਪੈ ਰਹੀ ਹੈ ਅਤੇ ਫੈਕਲਟੀ ਮੈਂਬਰਾਂ ਦੀਆਂ ਨੌਕਰੀਆਂ ‘ਤੇ ਵੀ ਖਤਰਾ ਮੰਡਰਾ ਰਿਹਾ ਹੈ।
ਦੂਜੇ ਕਾਲਜਾਂ ਦੀ ਸਥਿਤੀ : ਲੈਂਗਾਰਾ ਕਾਲਜ ਇਕੱਲੀ ਅਜਿਹੀ ਸੰਸਥਾ ਨਹੀਂ ਹੈ, ਜੋ ਇਸ ਸੰਕਟ ਦਾ ਸਾਹਮਣਾ ਕਰ ਰਹੀ ਹੈ। ਸਾਈਮਨ ਫ੍ਰੇਜਰ ਯੂਨੀਵਰਸਿਟੀ, ਵਿਕਟੋਰੀਆ ਯੂਨੀਵਰਸਿਟੀ ਅਤੇ ਵੈਨਕੂਵਰ ਆਈਲੈਂਡ ਯੂਨੀਵਰਸਿਟੀ ਵੀ ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਨ੍ਹਾਂ ਸੰਸਥਾਵਾਂ ਵਿਚ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੰਖਿਆ ਵਿਚ ਕਮੀ ਆਈ ਹੈ, ਜਿਸ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ‘ਤੇ ਅਸਰ ਪਿਆ ਹੈ।
ਫੀਸ ਵਿਚ ਵਾਧੇ ਦੀ ਸੰਭਾਵਨਾ : ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੰਖਿਆ ਵਿਚ ਕਮੀ ਦੇ ਕਾਰਨ ਹੁਣ ਕੈਨੇਡਾ ਦੇ ਕਾਲਜ ਅਤੇ ਯੂਨੀਵਰਸਿਟੀਆਂ ਟਿਊਸ਼ਨ ਫੀਸ ਵਿਚ ਵਾਧਾ ਕਰਨ ਦੀ ਸੋਚ ਰਹੀਆਂ ਹਨ। ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿਚ ਇਕ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਪ੍ਰਤੀ ਸਾਲ 45000 ਡਾਲਰ ਟਿਊਸ਼ਨ ਫੀਸ ਦੇਣੀ ਪੈ ਸਕਦੀ ਹੈ, ਜੋ ਕੈਨੇਡੀਅਨ ਵਿਦਿਆਰਥੀਆਂ ਦੀ ਤੁਲਨਾ ਵਿਚ ਪੰਜ ਗੁਣਾ ਜ਼ਿਆਦਾ ਹੈ।
Check Also
ਸਮੇਂ ਤੋਂ ਪਹਿਲਾਂ ਡਿੱਗ ਸਕਦੀ ਹੈ ਟਰੂਡੋ ਸਰਕਾਰ
ਕੰਸਰਵੇਟਿਵ ਲਿਆਉਣਗੇ ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ ਸਹਿਯੋਗੀ ਦਲ ਐਨਡੀਪੀ ਨੇ ਸਮਰਥਨ ਲਿਆ ਵਾਪਸ …