ਕਿਹਾ : ਜਨਗਣਨਾ ਕਰਵਾਉਣ ਦਾ ਕੇਂਦਰ ਸਰਕਾਰ ਦਾ ਕੋਈ ਇਰਾਦਾ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਅਤੇ ਆਰਐੱਸਐੱਸ ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਲੋਕ ਸਭਾ ਚੋਣਾਂ ਦੌਰਾਨ ਲੱਗੇ ਝਟਕੇ ਤੋਂ ਸਬਕ ਲੈਣ ਦੀ ਥਾਂ ਅੱਜ ਵੀ ਵੰਡ ਅਤੇ ਡਰ ਫੈਲਾਉਣ ਦੀ ਨੀਤੀ ਤੇ ਕਾਇਮ ਹੈ। ਉਨ੍ਹਾਂ ਕਾਂਗਰਸ ਸੰਸਦੀ ਦਲ ਦੀ ਬੈਠਕ ਵਿਚ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਤੋਂ ਬਾਅਦ ਮਾਹੌਲ ਕਾਂਗਰਸ ਪਾਰਟੀ ਦੇ ਪੱਖ ਵਿਚ ਹੈ ਪਰ ਅਸੀਂ ਲੋੜ ਤੋਂ ਵੱਧ ਆਤਮ ਵਿਸ਼ਵਾਸੀ ਨਾ ਹੋ ਕੇ ਇੱਕਜੁਟ ਹੁੰਦਿਆਂ ਕੰਮ ਕਰਨਾ ਹੈ।
ਸੋਨੀਆ ਗਾਂਧੀ ਨੇ ਦਾਅਵਾ ਕੀਤਾ ਕਿ ਨੌਕਰਸ਼ਾਹੀ ਨੂੰ ਆਰਐੱਸਐੱਸ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਦੀ ਇਜਾਜ਼ਤ ਦੇਣ ਲਈ ਨਿਯਮਾਂ ਨੂੰ ਅਚਾਨਕ ਬਦਲ ਦਿੱਤਾ ਗਿਆ, ਇਹ ਸੰਗਠਨ ਖ਼ੁਦ ਨੂੰ ਸੰਸਕ੍ਰਿਤਕ ਸੰਗਠਨ ਕਹਾਉਂਦਾ ਹੈ ਪਰ ਪੂਰੀ ਦੂਨੀਆ ਜਾਣਦੀ ਹੈ ਕਿ ਇਹ ਭਾਜਪਾ ਦਾ ਰਾਜਨੀਤਿਕ ਅਤੇ ਵਿਚਾਰਕ ਆਧਾਰ ਹੈ। ਇਸ ਮੌਕੇ ਸੋਨੀਆ ਗਾਂਧੀ ਨੇ ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ ਵਿਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ਆਗੂਆਂ ਵਿਚ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ।
ਮੀਟਿੰਗ ਦੌਰਾਨ ਕੇਰਲ ਦੇ ਵਾਇਨਾਡ ਵਿਚ ਢਿੱਗਾਂ ਖਿਸਕਣ ਕਾਰਨ ਮਾਰੇ ਗਏ ਲੋਕਾਂ ਦਿੱਲੀ ਦੇ ਕੋਚਿੰਗ ਸੈਂਟਰ ਵਿਚ ਪਾਣੀ ਭਰਨ ਕਾਰਨ ਮਾਰੇ ਗਏ ਵਿਦਿਆਰਥੀਆਂ ਲਈ ਕੁੱਝ ਮਿੰਟ ਦਾ ਮੋਨ ਵੀ ਰੱਖਿਆ ਗਿਆ।
ਸੋਨੀਆ ਗਾਂਧੀ ਨੇ ਕੇਂਦਰੀ ਬਜਟ, ਮਨੀਪੁਰ ਹਿੰਸਾ ਅਤੇ ਜੰਮੂ-ਕਸ਼ਮੀਰ ‘ਚ ਦਹਿਸ਼ਤੀ ਹਮਲਿਆਂ ਸਮੇਤ ਵੱਖ-ਵੱਖ ਮੁੱਦਿਆਂ ਉਤੇ ਕੇਂਦਰ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਰਕਾਰ ਦਾ ਜਨਗਨਣਾ ਕਰਵਾਉਣ ਦਾ ਕੋਈ ਇਰਾਦਾ ਨਹੀਂ ਹੈ, ਜਨਗਣਨਾ 2021 ਵਿੱਚ ਹੋਣੀ ਸੀ। ਇਹ ਨਾ ਹੋਣ ਕਾਰਨ ਦੇਸ਼ ਦੀ ਆਬਾਦੀ, ਖਾਸ ਕਰਕੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦਾ ਤਾਜ਼ਾ ਅਨੁਮਾਨ ਨਹੀਂ ਲਾਇਆ ਜਾ ਸਕੇਗਾ। ਕੇਂਦਰੀ ਬਜਟ ‘ਤੇ ਕੇਂਦਰ ਬਾਰੇ ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਨੌਜਵਾਨਾਂ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ।