
ਭਾਜਪਾ ਸਰਕਾਰ ’ਚ ਮੰਤਰੀ ਸਨ ਟੈਨੀ ਤੇ ਇਰਾਨੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਵਿਚ ਮੰਤਰੀ ਅਜੇ ਮਿਸ਼ਰਾ ਟੈਨੀ ਅਤੇ ਸਿਮਰਤੀ ਇਰਾਨੀ ਚੋਣ ਹਾਰ ਗਏ ਹਨ। ਉਤਰ ਪ੍ਰਦੇਸ਼ ਦੀ ਲਖੀਮਪੁਰ ਖੀਰੀ ਸੀਟ ਤੋਂ ਸੰਸਦ ਮੈਂਬਰ ਰਹੇ ਅਤੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੀ ਹਾਰ ਹੋਈ ਹੈ। ਧਿਆਨ ਰਹੇ ਕਿ 2021 ਵਿਚ ਟੈਨੀ ਦੇ ਮੁੰਡੇ ਅਸ਼ੀਸ਼ ਮਿਸ਼ਰਾ ਨੇ ਲਖੀਮਪੁਰ ਖੀਰੀ ਵਿਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਆਪਣੀ ਗੱਡੀ ਚੜ੍ਹਾ ਦਿੱਤੀ ਸੀ ਅਤੇ ਇਸ ਵਿਚ 4 ਕਿਸਾਨਾਂ ਦੀ ਜਾਨ ਚਲੇ ਗਈ ਸੀ। ਇਸ ਤੋਂ ਬਾਅਦ ਹੋਈ ਹਿੰਸਾ ਦੌਰਾਨ 4 ਹੋਰ ਵਿਅਕਤੀਆਂ ਦੀ ਮੌਤ ਵੀ ਹੋ ਗਈ ਸੀ। ਇਸਦੇ ਚੱਲਦਿਆਂ ਅਜੇ ਮਿਸ਼ਰਾ ਟੈਨੀ ਦਾ ਸਖਤ ਵਿਰੋਧ ਹੋਇਆ ਸੀ ਅਤੇ ਉਨ੍ਹਾਂ ਨੂੰ ਮੰਤਰੀ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਉਠਦੀ ਰਹੀ ਸੀ। ਭਾਜਪਾ ਸਰਕਾਰ ਵਿਚ ਮੰਤਰੀ ਸਿਮਰਤੀ ਇਰਾਨੀ ਵੀ ਯੂਪੀ ਦੇ ਲੋਕ ਸਭਾ ਹਲਕਾ ਅਮੇਠੀ ਤੋਂ ਚੋਣ ਹਾਰ ਗਏ ਹਨ। ਸਿਮਰਤੀ ਇਰਾਨੀ ਨੂੰ ‘ਇੰਡੀਆ’ ਗਠਜੋੜ ਦੇ ਉਮੀਦਵਾਰ ਕਿਸ਼ੋਰੀ ਲਾਲ ਸ਼ਰਮਾ ਨੇ ਹਰਾਇਆ ਹੈ।