ਚੰਡੀਗੜ੍ਹ/ਬਿਊਰੋ ਨਿਊਜ਼
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਹਰਿਆਣਾ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ। ਡੱਲੇਵਾਲ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਹਰਿਆਣਾ ਵਿਚ ਬਾਰਡਰ ਖੋਲ੍ਹਣ ਦੇ ਆਦੇਸ਼ ਨੂੰ ਹਰਿਆਣਾ ਸਰਕਾਰ ਵਲੋਂ ਲਾਗੂ ਨਾ ਕੀਤੇ ਜਾਣ ਕਰਕੇ ਕਿਸਾਨਾਂ ਵਿਚ ਰੋਸ ਹੈ। ਡੱਲੇਵਾਲ ਨੇ ਆਪਣੇ ਸਾਥੀ ਕਿਸਾਨਾਂ ਨੂੰ ਵੀ ਕਿਹਾ ਕਿ ਹਰਿਆਣਾ ਸਰਕਾਰ ਦੇ ਝਾਂਸੇ ਵਿਚ ਆ ਕੇ ਸੰਘਰਸ਼ ਨੂੰ ਕਮਜ਼ੋਰ ਨਾ ਕੀਤੇ ਜਾਵੇ ਅਤੇ ਆਪਣੀ ਏਕਤਾ ਦਾ ਸਬੂਤ ਦਿੱਤਾ ਜਾਣਾ ਚਾਹੀਦਾ ਹੈ। ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਡੱਲੇਵਾਲ ਨੇ ਕਿਹਾ ਕਿ ਸਾਨੂੰ ਐਮ.ਐਸ.ਪੀ. ਖਰੀਦ ਗਾਰੰਟੀ ਕਾਨੂੰਨ ਲਾਜ਼ਮੀ ਤੌਰ ’ਤੇ ਚਾਹੀਦਾ ਹੈ। ਇਸ ਤੋਂ ਇਲਾਵਾ ਸਰਕਾਰ ਕੋਲੋਂ ਸਵਾਮੀਨਾਥਨ ਰਿਪੋਰਟ ਵੀ ਲਾਗੂ ਕਰਵਾ ਕੇ ਹੀ ਹਟਾਂਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਤਸ਼ੱਦਦ ਅੱਗੇ ਕਿਸਾਨ ਝੁਕਣਗੇ ਨਹੀਂ।