Breaking News
Home / ਪੰਜਾਬ / ਦੇਸ਼- ਵਿਦੇਸ਼ ‘ਚ ਵਸੇ ਪੰਜਾਬੀਆਂ ਦਾ ਧੰਨਵਾਦ: ਭਗਵੰਤ ਮਾਨ

ਦੇਸ਼- ਵਿਦੇਸ਼ ‘ਚ ਵਸੇ ਪੰਜਾਬੀਆਂ ਦਾ ਧੰਨਵਾਦ: ਭਗਵੰਤ ਮਾਨ

ਕਿਹਾ : ਵੋਟਰਾਂ ਨੇ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ, ਹੁਣ ਜ਼ਿੰਮੇਵਾਰੀ ਨਿਭਾਉਣ ਦੀ ਵਾਰੀ ਸਾਡੀ
ਸਾਡੀ ਨੀਅਤ ਚੰਗੀ ਹੈ, ਯਕੀਨ ਰੱਖੋ ਇੱਕ ਮਹੀਨੇ ‘ਚ ਬਦਲਾਅ ਦਿਖਣ ਲੱਗੇਗਾ: ਭਗਵੰਤ ਮਾਨ
‘ਬੇਰੁਜ਼ਗਾਰੀ ਦੂਰ ਕਰਨਾ ਪ੍ਰਮੁੱਖਤਾ, ਪਹਿਲੀ ਕਲਮ ਬੇਰੁਜ਼ਗਾਰੀ ਦੂਰ ਕਰਨ ਲਈ ਚਲਾਵਾਂਗਾ’
ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ‘ਚ ਭਗਵੰਤ ਮਾਨ ਚੁਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਇਤਿਹਾਸਕ ਜਿੱਤ ਤੋਂ ਬਾਅਦ ਭਗਵੰਤ ਮਾਨ ਨੇ ਦੇਸ਼-ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬੇ ‘ਚੋਂ ਬੇਰੁਜ਼ਗਾਰੀ ਦੂਰ ਕਰਨਾ ਉਸਦਾ ਪਹਿਲਾ ਕੰਮ ਹੈ ਅਤੇ ਪਹਿਲੀ ਕਲਮ ਬੇਰੁਜ਼ਗਾਰੀ ਦੂਰ ਕਰਨ ਲਈ ਚਲਾਈ ਜਾਵੇਗੀ। ਭਗਵੰਤ ਮਾਨ ਨੇ ਸੰਗਰੂਰ ਵਿਖੇ ਆਪਣੇ ਘਰ ਪਹੁੰਚ ਕੇ ਸਮਰਥਕਾਂ ਨੂੰ ਸੰਬੋਧਨ ਕੀਤਾ। ਇਸ ਸਮੇਂ ਉਨ੍ਹਾਂ ਨਾਲ ਮਾਤਾ ਹਰਪਾਲ ਕੌਰ ਅਤੇ ਭੈਣ ਮਨਪ੍ਰੀਤ ਕੌਰ ਵੀ ਮੌਜੂਦ ਸਨ।
ਭਗਵੰਤ ਮਾਨ ਨੇ ਵੱਡੀ ਗਿਣਤੀ ਵਿਚ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਵੋਟਰਾਂ ਨੇ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ ਹੈ ਅਤੇ ਹੁਣ ਜ਼ਿੰਮੇਵਾਰੀ ਨਿਭਾਉਣ ਦੀ ਵਾਰੀ ਉਨ੍ਹਾਂ (ਮਾਨ) ਦੀ ਹੈ। ਸਾਡੀ ਨੀਅਤ ਚੰਗੀ ਹੈ, ਇਸ ਲਈ ਪੰਜਾਬ ਦੇ ਲੋਕਾਂ ਨੇ ਸਾਡੇ ‘ਤੇ ਭਰੋਸਾ ਕੀਤਾ ਹੈ। ਪੰਜਾਬ ਵਾਸੀ ਭਰੋਸਾ ਰੱਖਣ, ਇੱਕ ਮਹੀਨੇ ਵਿੱਚ ਹੀ ਬਦਲਾਅ ਦਿਖਣ ਲੱਗੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਵਿੱਚ ਬਾਬੂਆਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਸਰਕਾਰੀ ਮੁਲਾਜ਼ਮ ਬੁੱਧਵਾਰ ਅਤੇ ਵੀਰਵਾਰ ਦਾ ਬਹਾਨਾ ਬਣਾ ਕੇ ਆਪਣਾ ਕੰਮ ਨਹੀਂ ਰੋਕ ਸਕਣਗੇ ਅਤੇ ਹੁਣ ਸਰਕਾਰੀ ਬਾਬੂ ਪਿੰਡਾਂ ਤੇ ਮੁਹੱਲਿਆਂ ਦੇ ਚੱਕਰ ਲਾਉਣਗੇ। ਲੋਕਾਂ ਦੇ ਘਰ ਆ ਕੇ ਕੰਮ ਕਰਨਗੇ।
ਵਿਰੋਧੀ ਪਾਰਟੀਆਂ ਦੀ ਅਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਆਗੂਆਂ ਨੇ ਉਨ੍ਹਾਂ ਬਾਰੇ ਮਾੜੇ ਸ਼ਬਦ ਬੋਲੇ ਅਤੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ। ਪਰ ਹੁਣ ਵਿਰੋਧੀ ਆਗੂ ਪੌਣੇ ਤਿੰਨ ਕਰੋੜ ਪੰਜਾਬੀਆਂ ਦੀ ਇੱਜ਼ਤ ਕਰਨ ਲੱਗ ਪੈਣਗੇ। ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਪੰਜਾਬ ਮੋਤੀ ਮਹੱਲ, ਸਿਸਵਾਂ ਫਾਰਮ ਹਾਊਸ ਅਤੇ ਵੱਡੀ ਹਵੇਲੀਆਂ ਤੋਂ ਚਲਦਾ ਸੀ, ਪਰ ਹੁਣ ਪੰਜਾਬ ਦੀ ਸਰਕਾਰ ਪਿੰਡਾਂ ਅਤੇ ਮੁਹੱਲਿਆਂ ਤੋਂ ਚੱਲੇਗੀ।
ਮਾਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ‘ਆਪ’ ਨੂੰ ਵੋਟ ਨਹੀਂ ਪਾਈ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਡਰਨ ਦੀ ਲੋੜ ਨਹੀਂ ਹੈ ਅਤੇ ਉਹ (ਮਾਨ) ਸਾਰਿਆਂ ਦੇ ਮੁੱਖ ਮੰਤਰੀ ਹਨ, ਕਿਉਂਕਿ ਆਪਣੀ ਪਸੰਦ ਅਨੁਸਾਰ ਵੋਟ ਪਾਉਣਾ ਹਰੇਕ ਵਿਅਕਤੀ ਦਾ ਲੋਕਤੰਤਰਿਕ ਅਧਿਕਾਰ ਹੈ। ‘ਆਪ’ ਦੀ ਸਰਕਾਰ ਪੌਣੇ ਤਿੰਨ ਕਰੋੜ ਪੰਜਾਬੀਆਂ ਦੀ ਭਲਾਈ ਲਈ ਕੰਮ ਕਰੇਗੀ ਅਤੇ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਪੰਜਾਬ ਬਣਾਵਾਂਗੇ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਵੱਡਾ ਮੁੱਦਾ ਹੈ। ਬੇਰੁਜ਼ਗਾਰ ਨੌਜਵਾਨ ਮਜ਼ਬੂਰ ਹੋ ਕੇ ਨਸ਼ੇ ਵਿੱਚ ਡੁੱਬ ਰਹੇ ਹਨ ਜਾਂ ਵਿਦੇਸ਼ਾਂ ਨੂੰ ਜਾ ਰਹੇ ਹਨ। ਮਹਿੰਗੀ ਸਿੱਖਿਆ ਅਤੇ ਰੁਜ਼ਗਾਰ ਦੀ ਘਾਟ ਕਾਰਨ ਪੰਜਾਬ ਦਾ ਪੈਸਾ ਅਤੇ ਪ੍ਰਤਿਭਾ ਵਿਦੇਸ਼ਾਂ ਨੂੰ ਜਾਂਦੇ ਹਨ। ਮਾਨ ਨੇ ਕਿਹਾ ਕਿ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਤੋਂ ਬਾਅਦ ਪਹਿਲੇ ਦਿਨ ਹੀ ਆਪਣੀ ਕਲਮ ਬੇਰੁਜ਼ਗਾਰੀ ਦੂਰ ਕਰਨ ਲਈ ਚਲਵਾਂਗਾ। ਨੌਜਵਾਨਾਂ ਦੇ ਹੱਥਾਂ ਵਿੱਚੋਂ ਟੀਕੇ ਖੋਹ ਕੇ ਟਿਫਨ ਫੜਾਉਣੇ ਹਨ ਅਤੇ ਚੰਗੀ ਸਿੱਖਿਆ ਦੇਣੀ ਜ਼ਰੂਰੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਹੁਣ ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਮੁੱਖ ਮੰਤਰੀ ਅਤੇ ਹੋਰ ਆਗੂਆਂ ਦੀਆਂ ਤਸਵੀਰਾਂ ਨਹੀਂ ਲੱਗਣਗੀਆਂ। ਸਰਕਾਰੀ ਦਫ਼ਤਰਾਂ ਵਿੱਚ ਹੁਣ ਸ਼ਹੀਦ ਏ ਆਜ਼ਮ ਭਗਤ ਸਿੰਘ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀਆਂ ਫੋਟੋਆਂ ਲੱਗਣਗੀਆਂ। ਭਗਤ ਸਿੰਘ ਨੇ ਆਪਣੀ ਜਾਨ ਕੁਰਬਾਨ ਕਰਕੇ ਆਜ਼ਾਦੀ ਦਿਵਾਈ ਅਤੇ ਆਜ਼ਾਦੀ ਮਿਲਣ ਤੋਂ ਬਾਅਦ ਬਾਬਾ ਸਾਹਿਬ ਨੇ ਦੇਸ਼ ਦਾ ਸੰਵਿਧਾਨ ਲਿਖ ਕੇ ਆਜ਼ਾਦੀ ਅਤੇ ਸਮਾਨਤਾ ਦਾ ਹੱਕ ਦਿੱਤਾ। ਇਸ ਲਈ ਸਾਡੀ ਜ਼ਿੰਮੇਵਾਰੀ ਹੈ ਕਿ ਇਨ੍ਹਾਂ ਮਹਾਨ ਲੋਕਾਂ ਦੇ ਸੁਫ਼ਨਿਆਂ ਨੂੰ ਕਾਮਯਾਬ ਕਰੀਏ। ਮਾਨ ਨੇ ਕਿਹਾ ਕਿ ਪੰਜਾਬੀਆਂ ਨੇ ਇਨਕਲਾਬ ਨੂੰ ਜ਼ਿੰਦਾ ਰੱਖਿਆ ਹੈ ਅਤੇ ਉਨ੍ਹਾਂ ਨੂੰ ਪੰਜਾਬੀਆਂ ‘ਤੇ ਮਾਣ ਹੈ। ਇਨਕਲਾਬ ਦੇ ਨਾਅਰੇ ਲਾਉਣ ਨਾਲ ਭਗਤ ਸਿੰਘ ਦੀ ਆਤਮਾ ਨੂੰ ਸਕੂਨ ਮਿਲਦਾ ਹੈ। ਇੱਕ ਪੰਜਾਬੀ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਹੈ ਕਿ ਭਗਤ ਸਿੰਘ ਦੇ ਰਸਤੇ ‘ਤੇ ਚੱਲੀਏ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਦਾ ਮੁੱਖ ਮੰਤਰੀ ਰਾਜਭਵਨ ਵਿੱਚ ਸਹੁੰ ਚੁਕਦਾ ਸੀ, ਪਰ ਉਹ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਣਗੇ ਅਤੇ ਤਰੀਕ ਦਾ ਐਲਨ ਜਲਦੀ ਕੀਤਾ ਜਾਵੇਗਾ।
ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਹੋਏ ਭਾਵੁਕ, ਮਾਨ ਦੇ ਗਲ ਲੱਗ ਰੋ ਪਈ
ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਅਤੇ ਛੋਟੀ ਭੈਣ ਮਨਪ੍ਰੀਤ ਕੌਰ ਨੇ ਵੀ ਮਾਨ ਦੀ ਪਹਿਲੀ ਸਭਾ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਮਾਨ ਨੂੰ ਮੁੱਖ ਮੰਤਰੀ ਬਣਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਬੋਧਨ ਕਰਦਿਆ ਮਾਤਾ ਹਰਪਾਲ ਕੌਰ ਭਾਵੁਕ ਹੋ ਗਏ ਅਤੇ ਮਾਨ ਦੇ ਗਲ ਲੱਗ ਰੋ ਪਏ।

 

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …