‘ਕਿਸਾਨ ਸੰਸਦ’ ਦੀ ਸਫ਼ਲਤਾ ਨੇ ਕਿਸਾਨਾਂ ‘ਚ ਜੋਸ਼ ਭਰਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸੂਬੇ ‘ਚ ਟੌਲ ਪਲਾਜ਼ਿਆਂ, ਰੇਲਵੇ ਪਾਰਕਾਂ, ਕਾਰਪੋਰੇਟ ਘਰਾਣਿਆਂ ਦੇ ਦਫ਼ਤਰਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਤੇ ਦਫ਼ਤਰਾਂ ਅੱਗੇ ਸਣੇ ਸਵਾ ਸੌ ਕੁ ਥਾਵਾਂ ‘ਤੇ ਚੱਲ ਰਹੇ ਕਿਸਾਨ ਧਰਨਿਆਂ ‘ਚ ਉਤਸ਼ਾਹ ਬਰਕਰਾਰ ਹੈ। ਦਿੱਲੀ ‘ਚ ਜੰਤਰ-ਮੰਤਰ ‘ਤੇ ਚੱਲ ਰਹੀ ਕਿਸਾਨ ਸੰਸਦ ਨੇ ਵੀ ਪੰਜਾਬ ਦੇ ਕਿਸਾਨਾਂ ‘ਚ ਨਵਾਂ ਜੋਸ਼ ਭਰ ਦਿੱਤਾ ਹੈ। ਕਿਸਾਨ ਸੰਸਦ ਵਿੱਚ ਹਿੱਸਾ ਲੈਣ ਲਈ ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਪਟਿਆਲਾ, ਲੁਧਿਆਣਾ, ਰੋਪੜ, ਫਾਜ਼ਿਲਕਾ, ਫਰੀਦਕੋਟ ਅਤੇ ਮੋਗਾ ਸਣੇ ਹੋਰ ਜ਼ਿਲ੍ਹਿਆਂ ਤੋਂ ਵੀ ਦਰਜਨਾਂ ਜਥੇ ਪਹੁੰਚ ਰਹੇ ਹਨ।
ਪੰਜਾਬ ਵਿੱਚ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਧਰਨਿਆਂ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਅੰਦੋਲਨ ਦੇ ਨਿਵੇਕਲੇ ਤੇ ਵਿਲੱਖਣ ਰੂਪ ਸਾਹਮਣੇ ਲਿਆ ਕੇ ਸੁਚੱਜੀ ਲੀਡਰਸ਼ਿਪ ਦਾ ਸਬੂਤ ਦਿੱਤਾ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੇ ਵੱਖਰੇ ਰੂਪ ਨੇ ਸਰਕਾਰ ਨੂੰ ਫਿਕਰਾਂ ‘ਚ ਪਾ ਦਿੱਤਾ ਹੈ। ਉਧਰ, ਕਿਸਾਨਾਂ ਦੀ ਅੰਦੋਲਨ ਨੂੰ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਮਜ਼ਬੂਤ ਕਰਨ ਦੀ ਤਜਵੀਜ਼ ਨੇ ਸਰਕਾਰ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ।
ਕਿਸਾਨ ਆਗੂਆਂ ਨੇ ਪਟਿਆਲਾ ਵਿੱਚ ਪੱਕੀਆਂ ਨੌਕਰੀਆਂ ਦੀ ਮੰਗ ਕਰਦੇ ਕੱਚੇ ਅਧਿਆਪਕਾਂ ‘ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਅਤੇ ਮੁਜ਼ਾਹਰਾਕਾਰੀਆਂ ਦੀ ਕੁੱਟਮਾਰ ਦੀ ਨਿਖੇਧੀ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਕੇਂਦਰ ਵਿੱਚ ਕਾਬਜ਼ ਮੋਦੀ ਸਰਕਾਰ ਲਗਾਤਾਰ ਲੋਕ ਵਿਰੋਧੀ ਫ਼ੈਸਲੇ ਲੈ ਰਹੀ ਹੈ। ਦੇਸ਼ ਦਾ ਅੰਨਦਾਤਾ ਕਈ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ। ਉਹ ਆਪਣੇ ਹੋਰਨਾਂ ਹੱਕਾਂ ਲਈ ਵੀ ਲੜਨਾ ਜਾਣਦਾ ਹੈ। ਕੇਂਦਰ ਸਰਕਾਰ ਕਿਸਾਨਾਂ ਨੂੰ ਜਾਤੀਵਾਤ ਦੇ ਨਾਮ ‘ਤੇ ਵੰਡਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਅਤੇ ਫ਼ਸਲਾਂ ਦੀ ਐੱਮਐੱਸਪੀ ‘ਤੇ ਖਰੀਦ ਦੀ ਕਾਨੂੰਨ ਗਾਰੰਟੀ ਦਾ ਕਾਨੂੰਨ ਨਹੀਂ ਬਣਾਇਆ ਜਾਂਦਾ, ਉਦੋਂ ਤੱਕ ਕਿਸਾਨ ਅੰਦੋਲਨ ਚੱਲਦਾ ਰਹੇਗਾ।
ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਵੱਲ ਵਹੀਰਾਂ ਘੱਤੀਆਂ : ਹਰਿਆਣਾ ਦੇ ਕਿਸਾਨਾਂ ਵੱਲੋਂ ਸੂਬੇ ਵਿੱਚ ਭਾਜਪਾ ਅਤੇ ਜੇਜੇਪੀ ਆਗੂਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤੇਜ਼ ਕੀਤੀ ਜਾ ਰਹੀ ਹੈ। ਸੂਬੇ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਰੋਜ਼ ਦਿੱਲੀ ਪਹੁੰਚ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਘਰ ਵਾਪਸੀ ਨਹੀਂ ਹੋਵੇਗੀ।
ਕੇਜਰੀਵਾਲ ਨੇ ਕਿਸਾਨ ਅੰਦੋਲਨ ਦੀ ਚੜ੍ਹਦੀ ਕਲਾ ਲਈ ਪੰਜਾਬ ਦੇ ਵਿਧਾਇਕਾਂ ਨਾਲ ਕੀਤੀ ਵਿਚਾਰ-ਚਰਚਾ
2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਕੀਤੀ ਸਲਾਹ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਖੁਸ਼ਹਾਲੀ ਤੇ ਕਿਸਾਨ ਅੰਦੋਲਨ ਦੀ ਚੜ੍ਹਦੀ ਕਲਾ ਸਬੰਧੀ ਪੰਜਾਬ ਦੇ ਵਿਧਾਇਕਾਂ ਨਾਲ ਵਿਚਾਰ-ਚਰਚਾ ਕੀਤੀ। ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਹੇਠ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਮੇਤ ‘ਆਪ’ ਵਿਧਾਇਕਾਂ ਨਾਲ ਮੁੱਖ ਮੰਤਰੀ ਦੀ ਰਿਹਾਇਸ਼ ‘ਚ ਰੱਖੀ ਗਈ ਇਹ ਮੀਟਿੰਗ ਕਰੀਬ ਤਿੰਨ ਘੰਟੇ ਚੱਲੀ। ਮੀਟਿੰਗ ਦੌਰਾਨ ਕੇਜਰੀਵਾਲ ਨੇ ਜਿੱਥੇ 2022 ਦੀਆਂ ਚੋਣਾਂ ਸਬੰਧੀ ਵਿਚਾਰ-ਵਟਾਂਦਰੇ ਕੀਤੇ, ਉਥੇ ਹੀ ਕਿਸਾਨ ਅੰਦੋਲਨ ਦੀ ਮਜ਼ਬੂਤੀ ਲਈ ਵੀ ਸੁਝਾਅ ਮੰਗੇ।
ਪੰਜਾਬ ਵਿਧਾਨ ਸਭਾ ਚੋਣਾਂ ‘ਚ ਪੰਜਾਬ ਨੂੰ ਮਾਫੀਆ ਮੁਕਤ ਕਰਵਾਉਣ ਲਈ ਉਨ੍ਹਾਂ ਵਿਧਾਇਕਾਂ ਨੂੰ ਸਕਾਰਾਤਮਕ ਲਕੀਰ ਖਿੱਚਣ ‘ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵਰਕਰ ਘਰ-ਘਰ ਪਹੁੰਚ ਕਰ ਕੇ ਲੋਕਾਂ ਨੂੰ ਦੱਸਣ ਕਿ ਆਮ ਆਦਮੀ ਪਾਰਟੀ ਕਿਹੜੀਆਂ ਵਿਕਾਸ ਮੁਖੀ ਨੀਤੀਆਂ ਨਾਲ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਪੰਜਾਬ ਅਤੇ ਪੰਜਾਬੀਆਂ ਨੂੰ ਸੰਕਟ ‘ਚੋਂ ਬਾਹਰ ਕੱਢ ਸਕਦੀ ਹੈ। ਇਸ ਦੌਰਾਨ ਕੇਜਰੀਵਾਲ ਨੇ ਸਾਰੇ ਵਿਧਾਇਕਾਂ ਕੋਲੋਂ ਉਨ੍ਹਾਂ ਦੇ ਹਲਕਿਆਂ ਦੀ ਬੂਥ ਪੱਧਰ ਤੱਕ ਦੀ ਜਾਣਕਾਰੀ ਲਈ। ਇਸ ਦੌਰਾਨ ਭਗਵੰਤ ਮਾਨ ਨੇ ਪੰਜਾਬ ਦੇ ਸਿਆਸੀ ਆਰਥਿਕ ਅਤੇ ਸਮਾਜਿਕ ਹਲਾਤ ਬਾਰੇ ਚਾਨਣਾ ਪਾਇਆ। ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਢਾ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਗੁਰਮੀਤ ਸਿੰਘ ਮੀਤ ਹੇਅਰ, ਪ੍ਰਿੰਸੀਪਲ ਬੁੱਧ ਰਾਮ, ਅਮਨ ਅਰੋੜਾ, ਪ੍ਰੋ. ਬਲਜਿੰਦਰ ਕੌਰ, ਜੈ ਕਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਰੁਪਿੰਦਰ ਕੌਰ ਰੂਬੀ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ ਜੈਤੋ ਤੇ ਅਮਰਜੀਤ ਸਿੰਘ ਸੰਦੋਆ ਮੌਜੂਦ ਸਨ।
ਲੁਧਿਆਣਾ ‘ਚ ਕਿਸਾਨਾਂ ਨੇ ਭਾਜਪਾਈਆਂ ਦਾ ਕੀਤਾ ਵਿਰੋਧ
ਕਿਸਾਨਾਂ ਅਤੇ ਭਾਜਪਾਈਆਂ ਵਿਚਾਲੇ ਮਾਹੌਲ ਤਣਾਅ ਵਾਲਾ ਬਣਿਆ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ‘ਚ ਭਾਜਪਾ ਮਹਿਲਾ ਮੋਰਚਾ ਦੀ ਮੀਟਿੰਗ ਦੌਰਾਨ ਇਕ ਹੋਟਲ ਦੇ ਬਾਹਰ ਕਿਸਾਨ ਤੇ ਭਾਜਪਾ ਆਗੂ ਆਹਮੋ-ਸਾਹਮਣੇ ਹੋ ਗਏ। ਦੋਵੇਂ ਪਾਸਿਓਂ ਇੱਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪੁਲਿਸ ਦੀ ਮੌਜੂਦਗੀ ਵਿਚ ਭਾਜਪਾ ਆਗੂਆਂ ਨੇ ਕਿਸਾਨਾਂ ਨੂੰ ਕਥਿਤ ਗਾਲ੍ਹਾਂ ਕੱਢੀਆਂ ਅਤੇ ਹੱਥਾਂ ਵਿੱਚ ਡੰਡੇ ਫੜ ਕੇ ਕਿਸਾਨਾਂ ਦਾ ਵਿਰੋਧ ਕੀਤਾ।
ਕਰੀਬ ਢਾਈ-ਤਿੰਨ ਘੰਟੇ ਮਾਹੌਲ ਤਣਾਅਪੂਰਨ ਬਣਿਆ ਰਿਹਾ। ਮੀਟਿੰਗ ਖ਼ਤਮ ਹੋਣ ਦੇ ਬਾਵਜੂਦ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਹੋਟਲ ਦੇ ਅੰਦਰ ਹੀ ਰਹੇ। ਉਪਰੰਤ ਜੁਆਇੰਟ ਪੁਲਿਸ ਕਮਿਸ਼ਨਰ ਨੇ ਭਾਰੀ ਸੁਰੱਖਿਆ ਘੇਰੇ ਵਿੱਚ ਉਨ੍ਹਾਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਕਿਸਾਨ ਵੀ ਚਲੇ ਗਏ। ਜਾਣਕਾਰੀ ਅਨੁਸਾਰ ਲੁਧਿਆਣਾ ਦੇ ਇੱਕ ਹੋਟਲ ਵਿੱਚ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਸੀ, ਜਿਸ ਵਿੱਚ ਰਾਸ਼ਟਰੀ ਮਹਾਮੰਤਰੀ ਸੁਖਪ੍ਰੀਤ ਕੌਰ, ਸੂਬਾ ਪ੍ਰਧਾਨ ਮੋਨਾ ਜੈਸਵਾਲ ਸਣੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਮੌਜੂਦ ਸਨ। ਇਸ ਮੀਟਿੰਗ ਦੀ ਸੂਚਨਾ ਮਿਲਦਿਆਂ ਹੀ ਕਿਸਾਨਾਂ ਨੇ ਉੱਥੇ ਪਹੁੰਚ ਕੇ ਵਿਰੋਧ ਸ਼ੁਰੂ ਕਰ ਦਿੱਤਾ।
ਬਾਹਰ ਕਿਸਾਨ ਬੈਠੇ ਹੋਣ ਦੀ ਸੂਚਨਾ ਮਿਲਣ ‘ਤੇ ਭਾਜਪਾ ਨੇ ਵੀ ਆਪਣੇ ਜ਼ਿਲ੍ਹਾ ਪੱਧਰੀ ਆਗੂਆਂ ਨੂੰ ਮੌਕੇ ‘ਤੇ ਬੁਲਾ ਲਿਆ। ਹੋਟਲ ਦੇ ਬਾਹਰ ਪਹਿਲਾਂ ਹੀ ਵੱਡੀ ਗਿਣਤੀ ਪੁਲਿਸ ਤਾਇਨਾਤ ਸੀ। ਕਿਸਾਨ ਜਦੋਂ ਭਾਜਪਾ ਆਗੂਆਂ ਦਾ ਵਿਰੋਧ ਕਰ ਰਹੇ ਸਨ ਤਾਂ ਭਾਜਪਾ ਆਗੂ ਵੀ ਬਾਹਰ ਆ ਗਏ। ਦੋਵਾਂ ਨੇ ਇੱਕ-ਦੂਜੇ ਵਿਰੁੱਧ ਨਾਅਰੇਬਾਜ਼ੀ ਕੀਤੀ। ਦੋਵਾਂ ਵਿਚਾਲੇ ਪੁਲਿਸ ਮੁਲਾਜ਼ਮ ਸੁਰੱਖਿਆ ਘੇਰਾ ਬਣਾ ਕੇ ਖੜ੍ਹੇ ਰਹੇ। ਇਸ ਦੇ ਬਾਵਜੂਦ ਕਈ ਭਾਜਪਾ ਵਰਕਰ ਡੰਡੇ ਲੈ ਕੇ ਕਿਸਾਨਾਂ ਵੱਲ ਵਧੇ, ਜਿਸ ਮਗਰੋਂ ਟਕਰਾਅ ਵਾਲਾ ਮਾਹੌਲ ਬਣ ਗਿਆ। ਭਾਜਪਾ ਦੀਆਂ ਔਰਤਾਂ ਨੇ ਆਪਣੀ ਚੂੜੀਆਂ ਲਾਹ ਕੇ ਕਿਸਾਨਾਂ ਵੱਲ ਸੁੱਟੀਆਂ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਜਾਣ-ਬੁੱਝ ਕੇ ਮਾਹੌਲ ਖ਼ਰਾਬ ਕਰ ਰਹੇ ਸਨ। ਕਿਸਾਨਾਂ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੋਂ ਕਿਸਾਨਾਂ ਵੱਲੋਂ ਭਾਜਪਾ ਦੇ ਸਮਾਗਮਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਦੋਂ ਤੋਂ ਉਹ ਜਾਣ-ਬੁੱਝ ਕੇ ਸਮਾਗਮ ਕਰਨ ਲੱਗ ਪਏ ਹਨ।
ਕਰਨਾਟਕ ਤੋਂ ਕਿਸਾਨਾਂ ਦਾ ਜਥਾ ਸਿੰਘੂ ਬਾਰਡਰ ‘ਤੇ ਪਹੁੰਚਿਆ
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕੀਤਾ ਸਨਮਾਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਿਸਾਨਾਂ ਵੱਲੋਂ ਸਿੰਘੂ ਬਾਰਡਰ ‘ਤੇ ਦਿੱਤੇ ਜਾ ਰਹੇ ਧਰਨੇ ਵਿੱਚ ਕਰਨਾਟਕ ਦੀ ਕਿਸਾਨ ਜਥੇਬੰਦੀ ‘ਕੱਬੂ ਬੇਲਗਰਾਰਾ ਕਰਨਾਟਕ ਸੰਘ’ ਦਾ ਇੱਕ ਵੱਡਾ ਜਥਾ ਪਹੁੰਚਿਆ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਅਭਿਮੰਨਿਊ ਕੁਹਾੜ, ਬਖਤਾਵਰ ਸਿੰਘ ਅਤੇ ਹੋਰਾਂ ਨੇ ਜਥੇ ਦਾ ਸਵਾਗਤ ਕੀਤਾ। ਕਰਨਾਟਕ ਦੇ ਕਿਸਾਨਾਂ ਨੇ ਮੋਰਚੇ ਦੇ ਆਗੂਆਂ ਨੂੰ ਸ਼ਾਲ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ। ਕਰਨਾਟਕ ਦੇ ਕਿਸਾਨ ਆਗੂ ਸ਼ਾਂਤਾ ਕੁਮਾਰ ਨੇ ਸਟੇਜ ਤੋਂ ਆਪਣੇ ਸੰਬੋਧਨ ‘ਚ ਕਿਹਾ, ”ਸਾਡਾ ਸੂਬਾ ਦਿੱਲੀ ਤੋਂ ਬਹੁਤ ਦੂਰ ਹੈ। ਅਸੀਂ ਇਸ ਮੋਰਚੇ ਅੰਦਰ ਆਪਣੇ ਰਾਜ ਦੇ ਕਿਸਾਨਾਂ ਵੱਲੋਂ ਇਕਜੁੱਟਤਾ ਪ੍ਰਗਟ ਕਰਨ ਲਈ ਪਹੁੰਚੇ ਹਾਂ। ਅਸੀਂ ਭਾਵੇਂ ਇਥੇ ਨਾ ਪਹੁੰਚ ਸਕੀਏ ਪਰ ਸੰਯੁਕਤ ਮੋਰਚੇ ਦੇ ਹਰ ਪ੍ਰੋਗਰਾਮ ਨੂੰ ਅਸੀਂ ਆਪਣੇ ਰਾਜ ਅੰਦਰ ਪੂਰੀ ਦ੍ਰਿੜ੍ਹਤਾ ਨਾਲ ਲਾਗੂ ਕਰਦੇ ਰਹੇ ਹਾਂ। ਅਸੀਂ ਯਕੀਨ ਦਿਵਾਉਂਦੇ ਹਾਂ ਕਿ ਇਸ ਅੰਦੋਲਨ ਨੂੰ ਕਿਸਾਨਾਂ ਦੀ ਜ਼ਿੰਦਗੀ ਦੀ ਲੜਾਈ ਸਮਝਦਿਆਂ ਹੋਇਆਂ ਕਾਲੇ ਕਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ‘ਤੇ ਕਨੂੰਨ ਬਣਾਉਣ ਲਈ ਹਰ ਕੁਰਬਾਨੀ ਕਰਾਂਗੇ।” ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਮੋਹਣ ਸਿੰਘ ਧਮਾਣਾ, ਸੁਰਿੰਦਰ ਸਿੰਘ ਪੰਨੂ ਅਤੇ ਹਰਪ੍ਰੀਤ ਸਿੰਘ ਬੁਟਾਰੀ ਦੀ ਅਗਵਾਈ ਹੇਠ ਜਥਾ ਸਿੰਘੂ ਬਾਰਡਰ ‘ਤੇ ਪੁੱਜਾ।
ਅਡਾਨੀ ਗਰੁੱਪ ਕਿਲ੍ਹਾ ਰਾਏਪੁਰ ‘ਚ ਆਪਣਾ ਪ੍ਰੋਜੈਕਟ ਕਰੇਗਾ ਬੰਦ
ਪੰਜਾਬ ਸਰਕਾਰ ਨੂੰ ਹੋਵੇਗਾ 700 ਕਰੋੜ ਦੇ ਟੈਕਸਾਂ ਦਾ ਨੁਕਸਾਨ
ਲੁਧਿਆਣਾ/ਬਿਊਰੋ ਨਿਊਜ਼ : ਕੇਂਦਰ ਸਰਕਾਰ ਖ਼ਿਲਾਫ਼ ਖੇਤੀ ਕਾਨੂੰਨਾਂ ਦੇ ਮੱਦੇਨਜ਼ਰ ਪਿਛਲੇ ਕਈ ਮਹੀਨਿਆਂ ਤੋਂ ਕਿਸਾਨਾਂ ਵਲੋਂ ਲਗਾਏ ਰੋਸ ਧਰਨੇ ਕਾਰਨ ਪੰਜਾਬ ਅੰਦਰ ਜ਼ਿਲ੍ਹਾ ਲੁਧਿਆਣਾ ਦੇ ਕਿਲ੍ਹਾ ਰਾਏਪੁਰ ਸਥਿਤ ਅਡਾਨੀ ਗਰੁੱਪ ਵਲੋਂ ਆਪਣਾ ਪ੍ਰਾਜੈਕਟ ਬੰਦ ਕਰਨ ਲਈ ਮਜਬੂਰ ਹੋਣਾ ਪਿਆ, ਜਿਸ ਕਾਰਨ 400 ਮੁਲਾਜ਼ਮਾਂ ਦੀ ਨੌਕਰੀ ‘ਤੇ ਤਲਵਾਰ ਲਟਕ ਗਈ ਹੈ, ਉੱਥੇ ਇਨ੍ਹਾਂ ਸਮੇਤ ਟਰੱਕਾਂ, ਟਰਾਂਸਪੋਰਟਰਾਂ, ਮਜ਼ਦੂਰਾਂ ਸਮੇਤ ਕਰੀਬ ਇਕ ਹਜ਼ਾਰ ਵਿਅਕਤੀ ਪ੍ਰਭਾਵਿਤ ਹੋ ਜਾਣਗੇ, ਜਿਨ੍ਹਾਂ ਨੂੰ ਕਰੋਨਾ ਮਹਾਂਮਾਰੀ ਦੇ ਚਲਦਿਆਂ ਆਪਣੇ ਪਰਿਵਾਰਾਂ ਦੇ ਪਾਲਣ-ਪੋਸ਼ਣ ਵਿਚ ਵੱਡੀਆਂ ਦਿੱਕਤਾਂ ਪੇਸ਼ ਆ ਸਕਦੀਆਂ ਹਨ। ਕਿਲ੍ਹਾ ਰਾਏਪੁਰ ਸਥਿਤ ਅਡਾਨੀ ਗਰੁੱਪ ਵਲੋਂ ਆਪਣਾ ਪ੍ਰਾਜੈਕਟ ਬੰਦ ਕਰਨ ਨਾਲ ਜੀ.ਐੱਸ.ਟੀ, ਢੋਆ-ਢੁਆਈ, ਬਾਡਰ ਟੈਕਸ ਸਮੇਤ ਵੱਖ-ਵੱਖ ਟੈਕਸਾਂ ਦੇ ਰੂਪ ਵਿਚ ਮਿਲਣ ਵਾਲੀ ਕਰੀਬ 700 ਕਰੋੜ ਰੁਪਏ ਦੀ ਰਾਸ਼ੀ ਦਾ ਸਰਕਾਰ ਨੂੰ ਵੱਡਾ ਵਿੱਤੀ ਨੁਕਸਾਨ ਵੀ ਹੋਵੇਗਾ। ਜਾਣਕਾਰੀ ਅਨੁਸਾਰ ਅਡਾਨੀ ਗਰੁੱਪ ਵਲੋਂ ਕਿਲ੍ਹਾ ਰਾਏਪੁਰ ਵਿਖੇ ਸਾਲ 2017 ‘ਚ 7 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 80 ਏਕੜ ਵਿਚ ਮਲਟੀ ਮਾਡਲ ਲਾਜਿਸਟਿਕ ਪਾਰਕ (ਖ਼ੁਸ਼ਕ ਬੰਦਰਗਾਹ) ਉਸਾਰਿਆ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਅਡਾਨੀ ਪ੍ਰਾਜੈਕਟ ਤੋਂ ਸਰਕਾਰ ਨੂੰ ਜੀ.ਐੱਸ.ਟੀ ਸਮੇਤ ਵੱਖ-ਵੱਖ ਟੈਕਸਾਂ ਦੇ ਰੂਪ ‘ਚ ਕਰੀਬ 700 ਕਰੋੜ ਅਦਾ ਕੀਤੇ ਜਾ ਰਹੇ ਸਨ, ਜਿਸ ਦੇ ਬੰਦ ਹੋਣ ਨਾਲ ਸਰਕਾਰ ਨੂੰ ਵੀ ਵੱਡਾ ਵਿੱਤੀ ਘਾਟਾ ਪਵੇਗਾ। ਉਕਤ ਪ੍ਰਾਜੈਕਟ ‘ਤੇ ਕੰਮ ਕਰਦੇ ਅਧਿਕਾਰੀ ਰਵਿੰਦਰ ਸਿੰਘ ਨੇ ਪ੍ਰਾਜੈਕਟ ਦੇ ਬੰਦ ਹੋਣ ਦੀ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਇਸ ਖ਼ੁਸ਼ਕ ਬੰਦਰਗਾਹ ਤੋਂ ਲੁਧਿਆਣਾ ਸਮੇਤ ਸੂਬੇ ਦੇ ਵੱਖ-ਵੱਖ ਥਾਵਾਂ ਬਣੇ ਉਦਯੋਗਾਂ ਨੂੰ ਰੇਲ ਤੇ ਸੜਕੀ ਆਵਾਜਾਈ ਰਾਹੀਂ ਸਾਮਾਨ ਦਾ ਅਦਾਨ-ਪ੍ਰਦਾਨ ਕੀਤਾ ਜਾਣਾ ਸੀ ਪਰ ਜਨਵਰੀ 2021 ਤੋਂ ਕਿਸਾਨ ਯੂਨੀਅਨਾਂ ਵਲੋਂ ਕਿਲ੍ਹਾ ਰਾਏਪੁਰ ਵਾਲੇ ਪਾਸੇ ਮੁੱਖ ਗੇਟ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਇੱਥੇ ਸਾਰਾ ਕੰਮ ਬੰਦ ਹੋ ਗਿਆ ਸੀ।
ਸੰਯੁਕਤ ਮੋਰਚੇ ਦਾ ਐਲਾਨ : ਇਸ ਦੌਰਾਨ ਸੰਯੁਕਤ ਮੋਰਚੇ ਦੇ ਆਗੂਆਂ ਵਲੋਂ ਇੱਥੋਂ ਧਰਨਾ ਚੁੱਕਣ ਤੋਂ ਕੋਰੀ ਨਾਂਹ ਕਰ ਦਿੱਤੀ ਗਈ ਹੈ। ਪਿਛਲੇ ਸੱਤ ਮਹੀਨਿਆਂ ਤੋਂ ਤਾਇਨਾਤ ਕਿਸਾਨ ਆਗੂ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਫਿਲਹਾਲ ਕਿਸਾਨ ਉਸ ਸਮੇਂ ਤੱਕ ਕਿਲ੍ਹਾ ਰਾਏਪੁਰ ਵਿਖੇ ਧਰਨਾ ਜਾਰੀ ਰੱਖਣਗੇ, ਜਦੋਂ ਤੱਕ ਖੇਤੀ ਸਬੰਧੀ ਪਾਸ ਤਿੰਨੇ ਕਾਨੂੰਨ ਵਾਪਸ ਨਹੀ ਹੁੰਦੇ।
ਅਕਾਲੀ ਦਲ ਤੇ ਬਸਪਾ ਆਗੂਆਂ ਨੇ ਕਿਸਾਨਾਂ ਲਈ ਮੰਗਿਆ ਨਿਆਂ
ਸੰਸਦ ਮੈਂਬਰਾਂ ਨੂੰ ਕਣਕ ਦੀਆਂ ਬੱਲੀਆਂ ਵੰਡੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਦ ਮੈਂਬਰਾਂ ਨੇ ਸੰਸਦ ਮੈਂਬਰਾਂ ਨੂੰ ਕਣਕ ਦੀਆਂ ਬੱਲੀਆਂ ਦੇ ਕੇ ਦਿੱਲੀ ਦੀਆਂ ਹੱਦਾਂ ‘ਤੇ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਕਿਸਾਨਾਂ ਲਈ ਨਿਆਂ ਮੰਗਿਆ।
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਜੋ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਨ, ਨੇ ਐੱਨਡੀਏ ਸਰਕਾਰ ਦੇ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੂੰ ਕਣਕ ਦੀਆਂ ਬੱਲੀਆਂ ਭੇਟ ਕੀਤੀਆਂ ਤੇ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਵਿਹਾਰ ‘ਤੇ ਆਤਮ-ਚਿੰਤਨ ਕਰਨ ਵਾਸਤੇ ਆਖਿਆ। ਕੁਝ ਮੰਤਰੀਆਂ ਨੇ ਕਣਕ ਦੀਆਂ ਬੱਲੀਆਂ ਸਵੀਕਾਰ ਨਹੀਂ ਕੀਤੀਆਂ। ਬਹੁਤ ਸਾਰੇ ਸੰਸਦ ਮੈਂਬਰਾਂ ਨੇ ਨਾ ਸਿਰਫ ਇਹ ਬੱਲੀਆਂ ਪ੍ਰਵਾਨ ਕੀਤੀਆਂ ਬਲਕਿ ਰਮਾ ਦੇਵੀ ਨੇ ਇਹ ਬੱਲੀਆਂ ਮੱਥੇ ‘ਤੇ ਲਾ ਕੇ ਇਨ੍ਹਾਂ ਪ੍ਰਤੀ ਸਤਿਕਾਰ ਵੀ ਦਰਸਾਇਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇਕਰ ਅਸੀਂ ਰੋਜ਼ ਰੋਟੀ ਖਾ ਰਹੇ ਹਾਂ ਤਾਂ ਇਸ ਲਈ ਕਿਸਾਨਾਂ ਦਾ ਧੰਨਵਾਦ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਬਦਸਲੂਕੀ ਕਰ ਰਹੀ ਹੈ ਤੇ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਤੋਂ ਇਨਕਾਰੀ ਹੈ।
ਹਰਸਿਮਰਤ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਕਣਕ ਦੀਆਂ ਬੱਲੀਆਂ ਭੇਟ ਕਰਕੇ ਆਪਣੀ ਜ਼ਮੀਰ ਜਗਾਉਣ ਦੀ ਅਪੀਲ ਕੀਤੀ ਹੈ।
ਪੰਜਾਬ ਦੇ ਸੰਘਰਸ਼ੀ ਅਖਾੜਿਆਂ ਤੋਂ ਕਿਸਾਨਾਂ ਨੂੰ ਸਿਆਸਤਦਾਨਾਂ ਤੋਂ ਸੁਚੇਤ ਰਹਿਣ ਦਾ ਸੱਦਾ
ਖੇਤੀ ਕਾਨੂੰਨਾਂ ਖਿਲਾਫ ਪੰਜਾਬ ‘ਚ ਧਰਨੇ ਲਗਾਤਾਰ ਜਾਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸੰਘਰਸ਼ੀ ਅਖਾੜਿਆਂ ਤੋਂ ਕਿਸਾਨ ਬੁਲਾਰਿਆਂ ਨੇ ਚੋਣਾਂ ਨੇੜੇ ਆਉਣ ‘ਤੇ ਗਿਰਗਟ ਵਾਂਗ ਰੰਗ ਬਦਲਣ ਵਾਲੇ ਸਿਆਸਤਦਾਨਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ ਹੈ। ਸੂਬੇ ਵਿੱਚ 32 ਕਿਸਾਨ ਜਥੇਬੰਦੀਆਂ ਵੱਲੋਂ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਨੇਤਾਵਾਂ, ਰੇਲਵੇ ਸਟੇਸ਼ਨਾਂ ਦੇ ਪਾਰਕਾਂ, ਟੌਲ ਪਲਾਜ਼ਿਆਂ, ਅੰਬਾਨੀ ਅਤੇ ਅਡਾਨੀ ਟਿਕਾਣਿਆਂ ਅਤੇ ਪੈਟਰੋਲ ਪੰਪਾਂ ਸਮੇਤ ਸਵਾ ਸੌ ਤੋਂ ਵੱਧ ਥਾਵਾਂ ‘ਤੇ ਚੱਲ ਰਹੇ ਧਰਨਿਆਂ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਜਦੋਂ ਵੀ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਨੇੜੇ ਹੁੰਦੀਆਂ ਹਨ ਤਾਂ ਸਿਆਸੀ ਪਾਰਟੀਆਂ ਲੋਕਾਂ ਨੂੰ ਵਰਗਲਾਉਣ ਲਈ ਝੂਠ ਤੇ ਫਰੇਬ ਦਾ ਸਹਾਰਾ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਮੇਤ 5 ਸੂਬਿਆਂ ਦੀਆਂ ਚੋਣਾਂ ਸਿਰ ‘ਤੇ ਹਨ, ਇਸ ਲਈ ਸਿਆਸੀ ਪਾਰਟੀਆਂ ਨੇ ਚੋਗਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਸੰਘਰਸ਼ੀ ਅਖਾੜਿਆਂ ‘ਚ ਬਿਜਲੀ ਸੋਧ ਬਿੱਲ ਬਾਰੇ ਗੱਲ ਕਰਦਿਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਬਿੱਲ ਨੂੰ ਕਾਨੂੰਨ ਦਾ ਰੂਪ ਦੇਣਾ ਚਾਹੁੰਦੀ ਹੈ, ਜਦੋਂਕਿ ਕਿਸਾਨਾਂ ਨਾਲ ਹੋਈ ਗੱਲਬਾਤ ਦੌਰਾਨ ਅਜਿਹਾ ਨਾ ਕਰਨ ਦਾ ਵਾਅਦਾ ਕਰ ਚੁੱਕੀ ਹੈ। ਆਗੂਆਂ ਨੇ ਕਿਹਾ ਕਿ ਕਿਸਾਨ ਇਸ ਬਿੱਲ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ।
ਕਿਸਾਨਾਂ ਨੂੰ ਨੋਟਿਸ ਭੇਜਣ ਲਈ ਚੰਡੀਗੜ੍ਹ ਪੁਲਸ ਦੀ ਨਿਖੇਧੀ
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਲੀਗਲ ਪੈਨਲ ਦੇ ਕਨਵੀਨਰ ਪਰੇਮ ਸਿੰਘ ਭੰਗੂ ਨੇ ਚੰਡੀਗੜ੍ਹ ਪੁਲਸ ਵੱਲੋਂ 26 ਜੂਨ ਨੂੰ ਕਿਸਾਨ ਆਗੂਆਂ ਖਿਲਾਫ ਦਰਜ ਕੀਤੀਆਂ ਗਈਆਂ ਐੱਫਆਈਆਰਜ਼ ਸਬੰਧੀ ਕਿਸਾਨਾਂ ਨੂੰ ਨੋਟਿਸ ਭੇਜਣ ਦੀ ਸਖਤ ਨਿਖੇਧੀ ਕੀਤੀ ਹੈ। ਆਗੂ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਤਾੜਨਾ ਕੀਤੀ ਹੈ ਕਿ ਉਹ ਅਜਿਹੇ ਨੋਟਿਸ ਜਾਰੀ ਕਰਕੇ ਸਥਿਤੀ ਨਾ ਭੜਕਾਵੇ। ਉਨ੍ਹਾਂ ਕਿਸਾਨਾਂ ਨੂੰ ਸਪੱਸ਼ਟ ਕਿਹਾ ਕਿ ਉਹ ਜਾਂਚ ਪੜਤਾਲ ਲਈ ਪੁਲਿਸ ਕੋਲ ਹਾਜ਼ਰ ਨਾ ਹੋਣ। ਆਗੂ ਨੇ ਕਿਹਾ ਕਿ ਪੁਲਿਸ ਦੀ ਮਨਸ਼ਾ ਪੜਤਾਲ ਬਹਾਨੇ ਕਿਸਾਨਾਂ ਨੂੰ ਕੇਸਾਂ ਵਿੱਚ ਫਸਾਉਣ ਦੀ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਇਹ ਨੋਟਿਸ ਜਾਰੀ ਕਰਨੇ ਤੁਰੰਤ ਬੰਦ ਕੀਤੇ ਜਾਣ ਨਹੀਂ ਤਾਂ ਸੰਯੁਕਤ ਮੋਰਚਾ ਇਸ ਖਿਲਾਫ ਸਖਤ ਕਾਰਵਾਈ ਕਰੇਗਾ।
ਗੁਰਨਾਮ ਸਿੰਘ ਚਡੂਨੀ ਨੇ ਚੋਣਾਂ ਲੜਨ ਦੀ ਮੁੜ ਕੀਤੀ ਵਕਾਲਤ
ਕਿਹਾ : ਲੋਕ-ਸੇਵਾਦਾਰ ਬਣਨ ਲਈ ਲੜੀਆਂ ਜਾਣ ਚੋਣਾਂ
ਬੰਗਾ/ਬਿਊਰੋ ਨਿਊਜ਼ : ਖਟਕੜ ਕਲਾਂ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਯਾਦਗਾਰੀ ਸਮਾਰਕ ‘ਤੇ ਸ਼ਰਧਾਂਜਲੀ ਭੇਟ ਕਰਨ ਪੁੱਜੇ ਭਾਰਤੀ ਕਿਸਾਨ ਯੂਨੀਅਨ (ਚਡੂਨੀ) ਦੇ ਕੌਮੀ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਗੁਰਨਾਮ ਸਿੰਘ ਚਡੂਨੀ ਨੇ ਪੰਜਾਬ ‘ਚ ਕਿਸਾਨਾਂ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਲੜਨ ਦੀ ਮੁੜ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਚੋਣਾਂ ਲੋਕਾਂ ਦੇ ਸੇਵਾਦਾਰ ਬਣਨ ਲਈ ਲੜੀਆਂ ਜਾਣ। ਚਡੂਨੀ ਨੇ ਕਿਹਾ ਕਿ ਉਹ ਅੱਜ ਵੀ ਸੰਯੁਕਤ ਮੋਰਚੇ ਦੇ ਸੱਚੇ ਸਿਪਾਹੀ ਹਨ। ਮੋਰਚੇ ਦੇ ਕਿਸੇ ਆਗੂ ਨਾਲ ਉਨ੍ਹਾਂ ਦੇ ਮੱਤਭੇਦ ਨਹੀਂ ਹਨ। ਉਹ ਚੋਣਾਂ ਦਾ ਵਿਚਾਰ ਰੱਖ ਕੇ ਲੋਕਾਂ ਨੂੰ ਸਮੇਂ ਦੇ ਜ਼ਾਲਮ ਹਾਕਮਾਂ ਨੂੰ ਚੱਲਦਾ ਕਰਨ ਲਈ ਜਾਗਰੂਕ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸਾਨ ਮੋਰਚਾ ਭਾਵੇਂ ਉਨ੍ਹਾਂ ਨੂੰ ਜਿੰਨੀ ਮਰਜ਼ੀ ਵਾਰ ਮੁਅੱਤਲ ਕਰੇ, ਉਹ ਇਸ ਵਿਚਾਰਧਾਰਾ ‘ਤੇ ਕਾਇਮ ਰਹਿਣਗੇ।
ਉਨ੍ਹਾਂ ਕਿਹਾ ਕਿ ਸਮਾਜਿਕ ਤਬਦੀਲੀ ਤੇ ਆਰਥਿਕ ਮੁਕਤੀ ਦੀ ਆਸ ਰੱਖ ਕੇ ਇਹ ਚੋਣਾਂ ਲੜੀਆਂ ਜਾਣੀਆਂ ਚਾਹੀਦੀਆਂ ਹਨ। ਇਸ ਨਾਲ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕੇਂਦਰ ‘ਤੇ ਵੀ ਜ਼ੋਰ ਪਵੇਗਾ। ਉਨ੍ਹਾਂ ਕਿਹਾ ਕਿ ਲੰਮੇ ਅਰਸੇ ਤੋਂ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ‘ਤੇ ਬਣਨ ਵਾਲੀਆਂ ਸਰਕਾਰਾਂ ਦੀ ਰਵਾਇਤ ਤੋੜਨ ਲਈ ‘ਮਿਸ਼ਨ ਪੰਜਾਬ’ ਤਹਿਤ ਸੱਤਾ ਹਾਸਲ ਕਰ ਕੇ ਦੇਸ਼ ‘ਚ ਮਿਸਾਲ ਪੈਦਾ ਕਰਨੀ ਜ਼ਰੂਰੀ ਹੈ। ਇਸ ਤੋਂ ਬਾਅਦ 2024 ਵਿੱਚ ‘ਮਿਸ਼ਨ ਭਾਰਤ’ ਤਹਿਤ ਕੇਂਦਰ ਵਿੱਚ ਵੀ ਲੋਕਾਂ ਦੀ ਆਪਣੀ ਸਰਕਾਰ ਬਣਾਉਣ ਲਈ ਰਾਹ ਪੱਧਰਾ ਹੋ ਜਾਵੇਗਾ। ਇਸ ਤੋਂ ਪਹਿਲਾਂ ਚਡੂਨੀ ਨੇ ਗੜ੍ਹਸ਼ੰਕਰ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਨੀਤੀ ਘਾੜਿਆਂ ਨੇ ਹੀ ਦੇਸ਼ ਨੂੰ ਲੁੱਟਿਆ ਹੈ, ਇਸ ਲਈ ਦੇਸ਼ ਨੂੰ ਬਚਾਉਣ ਲਈ ਪ੍ਰਬੰਧ ਬਦਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨ ਮੋਰਚੇ ਦੀ ਮਜ਼ਬੂਤੀ ਲਈ ਸੱਦਾ ਦੇਣ ਦੇ ਨਾਲ ‘ਮਿਸ਼ਨ ਪੰਜਾਬ’ ਸਬੰਧੀ ਵੀ ਜਾਗਰੂਕ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ‘ਮਿਸ਼ਨ ਪੰਜਾਬ’ ਕਿਸੇ ਚੌਧਰ ਲਈ ਨਹੀਂ ਸਗੋਂ ਲੋਕਾਂ ਲਈ ਹੈ। ਲੋਕ 117 ਇਮਾਨਦਾਰ ਚਿਹਰੇ ਲੱਭ ਕੇ ਪੰਜਾਬ ਨੂੰ ਦੇਸ਼ ਵਿੱਚ ਇੱਕ ਮਾਡਲ ਦੇ ਰੂਪ ਵਿੱਚ ਪੇਸ਼ ਕਰਨ ਅਤੇ ਮਗਰੋਂ 2024 ਵਿੱਚ ‘ਮਿਸ਼ਨ ਭਾਰਤ’ ਮੁਹਿੰਮ ਚਲਾਈ ਜਾਵੇ।