Breaking News
Home / Special Story / ਰਾਮ ਮੰਦਰ ਦੇ ਨਿਰਮਾਣ ਦੀ ਚਰਚਾ ਦਰਮਿਆਨ ਅਯੁੱਧਿਆ ਦੇ ਮੰਦਰਾਂ ‘ਤੇ ਰਿਪੋਰਟ

ਰਾਮ ਮੰਦਰ ਦੇ ਨਿਰਮਾਣ ਦੀ ਚਰਚਾ ਦਰਮਿਆਨ ਅਯੁੱਧਿਆ ਦੇ ਮੰਦਰਾਂ ‘ਤੇ ਰਿਪੋਰਟ

ਅਯੁੱਧਿਆ : ਸੈਂਕੜੇ ਸਾਲ ਪੁਰਾਣੇ 182 ਮੰਦਰਾਂ ਦੀ ਖਸਤਾ ਹਾਲਤ, ਜ਼ਮੀਨਾਂ ‘ਤੇ ਕਬਜ਼ਾ
ਅਯੋਧਿਆ : ਦੇਸ਼ ‘ਚ ਇਸ ਸਮੇਂ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਬਹਿਸ ਤੇਜ ਹੋ ਗਈ ਹੈ ਪ੍ਰੰਤੂ ਅਯੁੱਧਿਆ ‘ਚ ਵੱਡੀ ਗਿਣਤੀ ‘ਚ ਅਜਿਹੇ ਮੰਦਰ ਹਨ ਜਿਨ੍ਹਾਂ ਦੀ ਸਮੇਂ ਦੇ ਨਾਲ-ਨਾਲ ਹਾਲਤ ਖਸਤਾ ਹੋ ਗਈ ਹੈ। ਇਹੀ ਨਹੀਂ ਛੋਟੇ ਮੰਦਰਾਂ ਦੀਆਂ ਜ਼ਮੀਨਾਂ ਜਾਂ ਵਿਕ ਗਈਆਂ ਹਨ ਜਾਂ ਉਨ੍ਹਾਂ ‘ਤੇ ਕਬਜ਼ਾ ਹੋ ਗਿਆ ਹੈ। ਦੂਜੇ ਪਾਸੇ ਅਯੁੱਧਿਆ ‘ਚ ਲਗਾਤਾਰ ਧਾਰਮਿਕ ਟੂਰਿਸਟਾਂ ਦੀ ਗਿਣਤੀ ਵਧ ਰਹੀ ਹੈ। ਇਨ੍ਹਾਂ ਦੇ ਲਈ ਵੀ ਠੀਕ ਪ੍ਰਬੰਧ ਨਹੀਂ ਹੋ ਪਾ ਰਿਹਾ। ਇਨ੍ਹਾਂ ਨੂੰ ਕਈ ਵਾਰ ਮਜਬੂਰੀ ‘ਚ ਖਸਤਾ ਹਾਲਤ ਹੋਏ ਮੰਦਰਾਂ ‘ਚ ਹੀ ਰੁਕਣਾ ਪੈਂਦਾ ਹੈ।
ਅਯੁੱਧਿਆ ਨਗਰ ਨਿਗਮ ਨੇ 182 ਖਸਤਾ ਹਾਲਤ ਮੰਦਰਾਂ ਦੀ ਸੂਚੀ ਜਾਰੀ ਕੀਤੀ ਹੈ। ਹਾਲ ਹੀ ‘ਚ ਯੋਗੀ ਸਰਕਾਰ ਨੇ ਅਯੁੱਧਿਆ ਨੂੰ ਨਗਰ ਨਿਗਮ ਐਲਾਨਿਆ ਹੈ। ਨਗਰ ਨਿਗਮ ਦੇ ਮੇਅਰ ਰਿਸ਼ੀਕੇਸ਼ ਉਪਾਧਿਆਏ ਨੇ ਦੱਸਿਆ ਕਿ ਸਮੇਂ-ਸਮੇਂ ‘ਤੇ ਖਸਤਾ ਹਾਲਤ ਮੰਦਰਾਂ ਅਤੇ ਭਵਨਾਂ ਨੂੰ ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ ਕੀਤਾ ਜਾਂਦਾ ਹੈ। ਜਾਂ ਤਾਂ ਮੰਦਰ ਸਵਾਮੀ ਖੁਦ ਖਸਤਾ ਹਾਲਤ ਭਵਨਾਂ ਨੂੰ ਖੁਦ ਢਹਿ-ਢੇਰੀ ਕਰ ਦੇਣ ਜਾਂ ਫਿਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਜਬਰਦਸਤੀ ਢਹਿ ਢੇਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਜਿਹੇ ਕਈ ਮੰਦਰ ਹਨ ਜਿਨ੍ਹਾਂ ਨੂੰ ਨੋਟਿਸ ਤੋਂ ਬਾਅਦ ਵੀ ਖਾਲੀ ਨਹੀਂ ਕੀਤਾ ਗਿਆ ਹੈ। ਇਸ ਦੇ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਚਤਰਭੁਜੀ ਮੰਦਰ ਦੇ ਮਹੰਤ ਬਲਰਾਮ ਦਾਸ ਕਹਿੰਦੇ ਹਨ ਕਿ ਸਰਕਾਰ ਵੀ ਮੰਦਰਾਂ ‘ਚ ਭੇਦ ਭਾਵ ਕਰਦੀ ਹੈ। ਦੀਵਾਲੀ ਮੌਕੇ ਜੋ ਮੰਦਰ ਰਾਮ ਦੀ ਪੌੜੀ ਦੇ ਸਾਹਮਣੇ ਸਨ ਉਨ੍ਹਾਂ ਨੂੰ ਰੰਗ ਰੋਗਨ ਕਰਵਾਇਆ ਗਿਆ ਜਦਕਿ ਸਾਡਾ ਮੰਦਰ ਥੋੜ੍ਹਾ ਪਿੱਛੇ ਸੀ ਉਸ ਨੂੰ ਛੱਡ ਦਿੱਤਾ ਗਿਆ। ਕਨਕ ਭਵਨ ਦੇ ਕੋਲ ਵੈਦ ਦਾ ਕੰਮ ਕਰਨ ਵਾਲੇ ਆਰ ਪੀ ਪਾਂਡਿਆ ਕਹਿੰਦੇ ਹਨ ਕਿ ਅਯੁੱਧਿਆ ‘ਚ ਸ੍ਰੀ ਰਾਮ ਨਾਲ ਜੁੜੇ ਤਕਰੀਬਨ 5 ਹਜ਼ਾਰ ਮੰਦਰ ਹਨ ਪ੍ਰੰਤੂ ਜਾਤੀ ਰਾਜਨੀਤੀ ‘ਚ ਫਸੀ ਦੇਸ਼ ਦੀ ਪਾਰਟੀਆਂ ਨੂੰ ਚੋਣਾਂ ਦੇ ਸਮੇਂ ਸਿਰਫ਼ ਰਾਮ ਜਨਮ ਭੂਮੀ ਦਾ ਮੰਦਰ ਯਾਦ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਅਯੁੱਧਿਆ ‘ਚ ਅਜਿਹੇ ਕਈ ਮੰਦਰ ਹਨ ਜਿਨ੍ਹਾਂ ਦਾ ਕਾਫ਼ੀ ਮਹੱਤਵ ਹੈ ਪ੍ਰੰਤੂ ਇਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ 182 ਖਸਤਾ ਹਾਲਤ ਮੰਦਰਾਂ ਦੀ ਲਿਸਟ ਜ਼ਰੂਰ ਜਾਰੀ ਹੋਈ ਹੈ ਪ੍ਰੰਤੂ ਜਰਜਰ ਮੰਦਰ 500 ਤੋਂ ਜ਼ਿਆਦਾ ਹੀ ਹੋਣਗੇ। ਉਨ੍ਹਾਂ ਦੱਸਿਆ ਕਿ ਅਯੁੱਧਿਆ ‘ਚ ਲਗਭਗ ਹਰ ਘਰ ‘ਚ ਮੰਦਰ ਹੈ। 200 ਮੰਦਰ ਅਜਿਹੇ ਹਨ ਜਿਨ੍ਹਾਂ ਦੀ 30 ਤੋਂ 35 ਸਾਲਾਂ ਦੌਰਾਨ ਮੁਰੰਮਤ ਹੀ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਅਯੁੱਧਿਆ ਬਾਜ਼ਾਰ ‘ਚ ਸ਼ੁਕਲ ਮੰਦਰ ਹੈ, ਇਸ ਦਾ ਨਿਰਮਾਣ 1892 ‘ਚ ਹੋਇਆ ਸੀ, ਇਥੋਂ ਦੀ ਮਾਨਤਾ ਹੈ ਕਿ ਮਹੰਤਾਂ ਨੇ ਜੇਕਰ ਕੁਝ ਗਲਤ ਕਰਨ ਦਾ ਯਤਨ ਕੀਤਾ ਤਾਂ ਉਸ ਨੂੰ ਭਗਵਾਨ ਦੰਡ ਦਿੰਦੇ ਹਨ। ਇਥੇ 1979 ਤੋਂ ਬਾਅਦ ਕੋਈ ਮੁਰੰਮਤ ਦਾ ਕੰਮ ਨਹੀਂ ਹੋਇਆ। ਫਿਰ ਵੀ ਮੇਲਿਆਂ ‘ਚ ਭਗਤ ਆ ਕੇ ਰੁਕਦੇ ਹਨ ਅਤੇ ਇਥੇ ਕਿਰਾਏਦਾਰ ਵੀ ਰਹਿੰਦੇ ਹਨ।
ਹਾਲਾਂਕਿ ਮੰਦਰ ਦੇ ਪੁਜਾਰੀ ਸੰਤ ਪ੍ਰਕਾਸ਼ ਸ਼ੁਕਲ ਕਹਿੰਦੇ ਹਨ ਕਿ ਅਜੇ ਮੰਦਰ ਇੰਨਾ ਵੀ ਜਰਜਰ ਨਹੀਂ ਹੋਇਆ ਕਿ ਇਸ ਨੂੰ ਤੋੜਿਆ ਜਾਵੇ। ਦੂਜੇ ਪਾਸੇ ਅਯੁੱਧਿਆ ਵਧ ਰਿਹਾ ਹੈ। ਜ਼ਿਲ੍ਹੇ ਦੇ ਰੀਜਨਲ ਟੂਰਿਸਟ ਅਫ਼ਸਰ ਵੀਪੀ ਸਿੰਘ ਨੇ ਦੱਸਿਆ ਕਿ ਅਯੁੱਧਿਆ ‘ਚ ਹਰ ਸਾਲ ਟੂਰਿਸਟ ਵਧ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ 2016 ‘ਚ ਇਕ ਜਨਵਰੀ ਤੋਂ 31 ਦਸੰਬਰ ਤੱਕ 1 ਕਰੋੜ 25 ਲੱਖ ਸ਼ਰਧਾਲੂ ਆਏ ਸਨ, ਜਦਕਿ 2017 ‘ਚ 1 ਕਰੋੜ 41 ਲੱਖ ਟੂਰਿਸਟ ਪਹੁੰਚੇ। ਉਥੇ ਹੀ 2018 ‘ਚ 31 ਅਕਤੂਬਰ ਤੱਕ ਇਕ ਕਰੋੜ 45 ਲੱਖ ਟੂਰਿਸਟ ਆ ਚੁੱਕੇ ਹਨ। ਦਸੰਬਰ ਤੱਕ ਇਹ ਅੰਕੜਾ ਡੇਢ ਕਰੋੜ ਤੋਂ ਉਪਰ ਜਾਵੇਗਾ। ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਦੇ ਰੁਕਣ ਦਾ ਵਧੀਆ ਪ੍ਰਬੰਧ ਨਹੀਂ ਹੈ। ਰੀਜਨਲ ਟੂਰਿਸਟ ਅਫ਼ਸਰ ਵੀਪੀ ਸਿੰਘ ਨੇ ਦੱਸਿਆ ਕਿ ਟੂਰਿਸਟ ਵਿਭਾਗ ਦਾ ਇਕ ਸਾਕੇਤ ਹੋਟਲ ਹੈ, ਜਦਕਿ ਸਰਯੂ ਤੱਕ ‘ਤੇ ਇਕ ਯਾਤਰੀ ਨਿਵਾਸ ਹੈ। ਕੁਝ ਪ੍ਰੋਜੈਕਟ ਰਮਾਇਣ ਸਰਕਟ ਯੋਜਨਾ ਅਧੀਨ ਹਨ। ਅਜਿਹੇ ‘ਚ ਸ਼ਰਧਾਲੂ ਫਿਰ ਧਰਮਸ਼ਾਲਾ, ਮੰਦਰ ਦਾ ਰੁਖ ਕਰਦੇ ਹਨ ਜਦਕਿ ਰੁਕਣ ਦੀਆਂ ਸਾਰੀਆਂ ਥਾਵਾਂ ਭਰ ਜਾਂਦੀਆਂ ਹਨ ਤੇ ਖਸਤਾ ਹਾਲਤ ਮੰਦਰਾਂ ‘ਚ ਵੀ ਰੁਕਣਾ ਭਗਤਾਂ ਦੀ ਮਜਬੂਰੀ ਬਣ ਜਾਂਦੀ ਹੈ।
ਹਾਲਾਂਕਿ ਅਯੁੱਧਿਆ ‘ਚ ਬਣੀ ਸੰਤ ਸਭਾ ਦੇ ਪ੍ਰਧਾਨ ਕਨੱਈਆ ਦਾਸ ਕਹਿੰਦੇ ਹਨ ਕਿ ਅਜੇ ਸੰਗਠਨ ਦਾ ਧਿਆਨ ਰਾਮ ਜਨਮਭੂਮੀ ‘ਤੇ ਸ੍ਰੀ ਰਾਮ ਦਾ ਮੰਦਰ ਬਣਾਉਣ ‘ਤੇ ਹੈ। ਜਦੋਂ ਭਗਵਾਨ ਦਾ ਮੰਦਰ ਬਣ ਜਾਵੇਗਾ ਤਾਂ ਸਾਰੇ ਮੰਦਰਾਂ ਦੀ ਵਿਵਸਥਾ ਆਪਣੇ ਆਪ ਸਹੀ ਹੋ ਜਾਵੇਗੀ। ਅਯੁੱਧਿਆ ਦੇ ਮੇਅਰ ਰਿਸ਼ੀਕੇਸ਼ ਉਪਾਧਿਆਏ ਕਹਿੰਦੇ ਹਨ ਕਿ ਜਰਜਰ ਮੰਦਰ ਜੋ ਕਿ ਪੁਰਾਣੇ ਹਨ, ਉਨ੍ਹਾਂ ਨੂੰ ਸੰਭਾਲਣ ਦੀ ਯੋਜਨਾ ‘ਤੇ ਵੀ ਕੰਮ ਚੱਲ ਰਿਹਾ ਹੈ। ਸ਼ਾਸਨ ‘ਚ ਭੇਜਿਆ ਗਿਆ ਹੈ ਕਿ ਜਿਨ੍ਹਾਂ ਮੰਦਰਾਂ ਦਾ ਪੁਰਾਤਨ ਮਹੱਤਵ ਹੈ, ਉਨ੍ਹਾਂ ਦੀ ਸਥਿਤੀ ਸਹੀ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ। ਜਲਦੀ ਹੀ ਇਸ ਨਾਲ ਸਬੰਧਤ ਯੋਜਨਾ ਦਾ ਐਲਾਨ ਕੀਤਾ ਜਾਵੇਗਾ। ਉਥੇ ਹੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅਵਧ ਰਾਜ ਦੇ ਬੁਲਾਰੇ ਸ਼ਰਦ ਸ਼ਰਮਾ ਕਹਿੰਦੇ ਹਨ ਕਿ ਸਾਡੀ ਲੰਮੇ ਸਮੇਂ ਤੋਂ ਇਹੀ ਮੰਗ ਹੈ ਕਿ ਹੋਰ ਤੀਰਥ ਸਥਾਨਾਂ ਦੀ ਤਰ੍ਹਾਂ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਅਯੁੱਧਿਆ ਦੇ ਮੰਦਰਾਂ ਨੂੰ ਵੀ ਆਪਣੀ ਯੋਜਨਾਵਾਂ ‘ਚ ਸ਼ਾਮਲ ਕਰੇ। ਅਯੁੱਧਿਆ ਦੇ ਮੰਦਰ ਸਾਡੀ ਸੰਸਕ੍ਰਿਤਕ ਵਿਰਾਸਤ ਹਨ, ਇਨ੍ਹਾਂ ਸੰਭਾਲਣ ਦਾ ਕੰਮ ਕਰਨਾ ਚਾਹੀਦਾ ਹੈ। ਇਸ ਮਾਮਲੇ ‘ਚ ਅਸੀਂ ਅਯੁੱਧਿਆ ਦੇ ਵਿਧਾਇਕ ਵੇਦ ਗੁਪਤਾ ਨਾਲ ਵੀ ਗੱਲਬਾਤ ਕੀਤੀ। ਉਹ ਕਹਿੰਦੇ ਹਨਕਿ ਅਯੁੱਧਿਆ ‘ਚ ਅਜਿਹੇ ਬਹੁਤ ਘੱਟ ਮੰਦਰ ਹਨ ਜੋ ਜਰਜਰ ਹਾਲਤ ‘ਚ ਹਨ। ਜਰਜਰ ਹਾਲਤ ‘ਚ ਉਨ੍ਹਾਂ ਦੇ ਰਹਿਣਯੋਗ ਭਵਨ ਜ਼ਰੂਰ ਹਨ। ਜਿੱਥੇ ਮਹੰਤ ਸ਼ਰਧਾਲੂਆਂ ਨੂੰ ਰੋਕਦੇ ਹਨ, ਉਨ੍ਹਾਂ ਨੂੰ ਢਾਹੁਣਾ ਜ਼ਰੂਰੀ ਹੈ ਕਿਉਂਕਿ ਜੋ ਵੀ ਮੰਦਰ ਦਾ ਕਰਤਾ-ਧਰਤਾ ਹੈ ਉਹ ਮੰਦਰ ‘ਚ ਹੋਰ ਕਿਸੇ ਦਾ ਦਖਲ ਨਹੀਂ ਚਾਹੁੰਦੇ। ਇਸ ਲਈ ਉਨ੍ਹਾਂ ਦੀ ਮੁਰੰਮਤ ਵੀ ਨਹੀਂ ਹੋ ਪਾ ਰਹੀ। ਜਿਨ੍ਹਾਂ ਮੰਦਰਾਂ ਦੀ ਹਾਲਤ ਖਰਾਬ ਹੈ ਉਨ੍ਹਾਂ ਦੇ ਲਈ ਮੈਂ ਸਰਕਾਰ ਤੋਂ ਸਹਿਯੋਗ ਦੀ ਮੰਗ ਕਰਦਾ ਹਾਂ।
ਇਤਿਹਾਸਕ ਮੰਦਰਾਂ ਦੀ ਸਥਿਤੀ ਵੀ ਖਰਾਬ
ਜ਼ਿਆਦਾਤਰ ਮੰਦਰਾਂ ਦੀ ਜ਼ਮੀਨ ਵਿਕ ਗਈ ਜਾਂ ਉਨ੍ਹਾਂ ‘ਤੇ ਕਬਜ਼ਾ ਹੋ ਗਿਆ
ਚਤਰਭੁਜੀ ਮੰਦਰ ਦੇ ਮਹੰਤ ਬਲਰਾਮ ਦਾਸ ਦੱਸਦੇ ਹਨ ਕਿ ਇਕ ਸਮੇਂ ਰਾਮ ਦੀ ਪੌੜ ‘ਤੇ ਚਤਰਭੁਜੀ ਮੰਦਰ ਦੇ ਨੇੜੇ ਸਭ ਤੋਂ ਜ਼ਿਆਦਾ ਜ਼ਮੀਨ ਸੀ। ਇਨ੍ਹਾਂ ਜ਼ਮੀਨਾਂ ‘ਤੇ ਜਾਂ ਤਾਂ ਕਬਜ਼ਾ ਹੋ ਗਿਆ ਜਾਂ ਕਿਰਾਏਦਾਰ ਹੁਣ ਕਮਰਾ ਖਾਲੀ ਨਹੀਂ ਕਰ ਰਹੇ। ਪੂਰਬ ‘ਚ ਮਹੰਤਾਂ ਨੇ ਵਿਹੜੇ ਦੀ ਜ਼ਮੀਨ ‘ਤੇ ਘਰ ਬਣਾਉਣ ਦੇ ਲਈ ਵੇਚ ਦਿੱਤੀ। ਸ਼ੁਕਲ ਮੰਦਰ ਦੇ ਪੁਜਾਰੀ ਸੰਤ ਪ੍ਰਕਾਸ਼ ਕਹਿੰਦੇ ਹਨ ਕਿ ਵੱਡੇ ਮੰਦਰ ਤਾਕ ‘ਚ ਰਹਿੰਦੇ ਹਨ ਕਿ ਜਿਸ ਦੀ ਹਾਲਤ ਖਰਾਬ ਹੋਵੇ ਉਸ ਨੂੰ ਖਰੀਦ ਲਿਆ ਜਾਵੇ ਜਾਂ ਕਬਜ਼ਾ ਕਰ ਲਿਆ ਜਾਵੇ। ਮੰਦਰ ਬਚਾਉਣ ਦੇ ਲਈ ਗਰੀਬ ਮਹੰਤ ਜਾਂ ਪੁਜਾਰੀ ਮੰਦਰ ਚਲਾਉਂਦੇ ਰਹਿੰਦੇ ਹਨ। ਸ਼ੀਸ਼ ਮਹਿਲ ਮੰਦਿਰ ‘ਚ ਵੀ ਕਿਰਾਏਦਾਰ ਵੱਲੋਂ ਕਬਜ਼ੇ ਦਾ ਮਾਮਲਾ ਵਿਵਾਦਾਂ ‘ਚ ਹੈ। ਇਕ ਕਿਰਾਏਦਾਰ ਤਾਂ ਆਪਣਾ ਮਕਾਨ ਬਣਨ ਤੋਂ ਬਾਅਦ ਵੀ ਸਿਰਫ਼ ਰਾਤ ਸੌਂਣ ਲਈ ਆਉਂਦਾ ਹੈ।
2 ਵਿਅਕਤੀਆਂ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ ਸੀ ਖਸਤਾ ਹਾਲਤ ਮੰਦਰਾਂ ਦੀ ਨਿਸ਼ਾਨਦੇਹੀ
ਸਾਵਨ ਮੇਲੇ ‘ਚ 16 ਅਗਸਤ 2016 ਨੂੰ ਲਛਮਣਘਾਟ ਸਥਿਤ ਖਸਤਾ ਹਾਲਤ ਯਾਦਵ ਪੰਚਾਇਤੀ ਮੰਦਰ ਦੀ ਛੱਤ ਡਿੱਗ ਗਈ ਸੀ। ਇਸ ਹੇਠਾਂ ਦਬ ਕੇ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ 4 ਤੋਂ 5 ਸ਼ਰਧਾਲੂ ਜ਼ਖਮੀ ਹੋ ਗਏ ਸਨ। ਜਿਸ ਤੋਂ ਬਾਅਦ ਨਗਰ ਨਿਗਮ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ। ਦਰਅਸਲ ਅਯੁੱਧਿਆ ‘ਚ ਸਾਵਨ ਮੇਲਾ, ਕਾਰਤਿਕ ਪੂਰਣਿਮਾ ਅਤੇ ਰਾਮਨੌਵੀਂ ਤਿੰਨ ਪ੍ਰਮੁੱਖ ਮੇਲੇ ਹਨ। ਇਨ੍ਹਾਂ ‘ਚ ਆਉਣ ਵਾਲੇ ਸ਼ਰਧਾਲੂ ਮੰਦਰਾਂ ‘ਚ ਰੁਕਦੇ ਹਨ। ਪ੍ਰਸ਼ਾਸਨ ਚਾਹੁੰਦਾ ਹੈ ਕਿ ਖਸਤਾ ਹਾਲਤ ਮੰਦਰਾਂ ‘ਚ ਸ਼ਰਧਾਲੂ ਮੰਦਰਾਂ ‘ਚ ਨਾ ਠਹਿਰਨ ਪ੍ਰੰਤੂ ਇਸ ਦੇ ਉਲਟ ਜਿਨ੍ਹਾਂ ਮੰਦਰਾਂ ਨੇ ਆਪਣੇ ਭਵਨ ਨਹੀਂ ਗਿਰਾਏ ਉਨ੍ਹਾਂ ‘ਚ ਸ਼ਰਧਾਲੂ ਅਜੇ ਵੀ ਰੁਕਦੇ ਹਨ। ਇਸ ਦਾ ਕਾਰਨ ਇਹ ਵੀ ਹੈ ਕਿ ਉਨ੍ਹਾਂ ਨੂੰ ਠਹਿਰਨ ਦੇ ਲਈ ਵਧੀਆ ਜਗ੍ਹਾ ਨਹੀਂ ਮਿਲਦੀ।
ਸਭ ਦੀ ਹਾਲਤ ਖਸਤਾ : ਜੋ ਸੀਤਾ ਜੀ ਨੂੰ ਮੂੰਹ ਦਿਖਾਈ ‘ਚ ਮਿਲਿਆ, ਜਿੱਥੇ ਸ਼ਿਵ ਖੁਦ ਆਏ
ਚਤਰਭੁਜੀ ਮੰਦਰ : ਇਹ ਮੰਦਰ ਲਗਭਗ 600 ਸਾਲਾ ਪੁਰਾਣਾ ਹੈ। ਸੰਤ ਸ੍ਰੀ ਰਮਤਾ ਦਾਸ ਨੇ ਇਸ ਨੂੰ ਵਸਾਇਆ ਸੀ। ਮਹੰਤ ਬਲਰਾਮ ਦਾਸ ਦੱਸਦੇ ਹਨ ਕਿ ਕੋਈ ਆਮਦਨ ਨਹੀਂ ਹੈ। ਸਾਵਨ ਮੇਲਾ, ਕਾਰਤਿਕ ਪੂਰਣਿਮਾ ਅਤੇ ਰਾਮਨੌਵੀਂ ਮੇਲਾ ਹੁੰਦਾ ਹੈ, ਉਦੋਂ ਹੀ ਕੁਝ ਭਗਤ ਦਰਸ਼ਨਾਂ ਲਈ ਆਉਂਦੇ ਹਨ। ਮੰਦਰ ਦੀ ਹਾਲਤ ਖਰਾਬ ਹੋ ਗਈ ਹੈ ਇਸ ਲਈ ਜ਼ਿਆਦਾ ਭਗਤ ਨਹੀਂ ਆਉਂਦੇ।
ਸ਼ੀਸ਼ ਮਹਿਲ ਮੰਦਰ : ਇਥੋਂ ਦੀ ਕਰਤਾ-ਧਰਤਾ ਸੁਸ਼ੀਲਾ ਸਿੰਘ ਦੱਸਦੀ ਹੈ ਕਿ ਸਕੰਦ ਪੁਰਾਣ ‘ਚ ਜ਼ਿਕਰ ਹੈ ਕਿ ਰਾਜਾ ਦਸ਼ਰਥ ਨੇ ਸੀਤਾ ਮਾਤਾ ਨੂੰ ਮੂੰਹ ਦਿਖਾਈ ‘ਚ ਇਹ ਭਵਨ ਦਿੱਤਾ ਸੀ। ਹੁਣ ਗੇਟ ਜਰਜਰ ਹੋ ਗਿਆ ਹੈ। ਮੰਦਰ ਦਾ ਝਗੜਾ ਕਿਰਾਏਦਾਰਾਂ ਨਾਲ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਖਸਤਾ ਹਾਲਤ ਹੋਣ ਦੀ ਵਜ੍ਹਾ ਕਾਰਨ ਕਈ ਨੋਟਿਸ ਆ ਚੁੱਕੇ ਹਨ ਹਾਲਾਂਕਿ ਮੰਦਰ ਵਾਲੀ ਜਗ੍ਹਾ ਸੁਰਖਿਅਤ ਹੈ।
ਦਸ਼ਰਥ ਯੱਗਸ਼ਾਲਾ : ਮਹੰਤ ਵਿਜੇ ਦਾਸ ਦੱਸਦੇ ਹਨ ਕਿ ਇਥੇ ਹੀ ਰਾਜਾ ਦਸ਼ਰਥ ਨੇ ਪੁੱਤਰ ਪ੍ਰਾਪਤੀ ਦੇ ਲਈ ਯੱਗ ਕੀਤਾ ਸੀ। ਇਸ ਮੰਦਰ ਦਾ 500 ਸਾਲ ਪੁਰਾਣਾ ਇਤਿਹਾਸ ਹੈ। ਵਿਜੇ ਦਾਸ ਕਹਿੰਦੇ ਹਨ ਕਿ ਜਿਨ੍ਹਾਂ ਮੰਦਰਾਂ ਦੇ ਕੋਲ ਪੈਸਾ ਹੈ ਉਨ੍ਹਾਂ ਮੰਦਰਾਂ ਨੇ ਅੱਗੇ ਦਾ ਮੇਨ ਗੇਟ ਅਤੇ ਅੰਦਰੋਂ ਸਭ ਵਧੀਆ ਬਣਾ ਰੱਖੇ ਹਨ। ਉਨ੍ਹਾਂ ਮੰਦਰਾਂ ਦੇ ਸੰਤਾਂ ਦੀ ਪਹੁੰਚ ਵੀ ਸਰਕਾਰ ‘ਚ ਬੈਠੇ ਵਿਅਕਤੀਆਂ ਤੱਕ ਹੈ।
ਸ੍ਰੀਰਾਮ ਨਿਵਾਸ ਮੰਦਰ : ਮੰਦਰ ਦੇ ਅੱਗੇ ਦਾ ਵੱਡਾ ਹਿੱਸਾ ਖਸਤਾ ਹਾਲਤ ‘ਚ ਹੈ। ਮਹੰਤ ਰਾਮਰੰਗ ਸ਼ਾਸਤਰੀ ਕੋਨੇ ‘ਚ ਸ਼ਿਵਲਿੰਗ ਨੂੰ ਦਿਖਾਉਂਦੇ ਹੋਏ ਕਹਿੰਦੇ ਹਨ ਕਿ ਜਦੋਂ ਸ੍ਰੀਰਾਮ ਦਾ ਜਨਮ ਹੋਇਆ ਸੀ ਉਦੋਂ ਸਾਧੂ ਭੇਸ਼ ‘ਚ ਜੋਤਿਸ਼ ਬਣ ਕੇ ਭਗਵਾਨ ਸ਼ਿਵ ਉਨ੍ਹਾਂ ਦਾ ਦਰਸ਼ਨ ਕਰਨ ਪਹੁੰਚੇ ਸਨ। ਰਾਮਰੰਗ ਸ਼ਾਸਤਰੀ ਨੇ ਦੱਸਿਆ ਕਿ ਮੰਦਰ ਦਾ ਅਗਲਾ ਹਿੱਸਾ ਕਾਫ਼ੀ ਖਰਾਬ ਹੋ ਚੁੱਕਿਆ ਹੈ। ਮੰਦਰ ਤਕਰੀਬਨ 250 ਸਾਲ ਪੁਰਾਣਾ ਹੈ। ਰਾਮ ਭਗਤ ਦਰਸ਼ਨ ਕਰਨ ਲਈ ਆਉਂਦੇ ਰਹਿੰਦੇ ਹਨ। ਅਜੇ ਕੁਝ ਸਾਲ ਪਹਿਲਾਂ ਪਿਛਲੇ ਹਿੱਸੇ ਦੀ ਮੁਰੰਮਤ ਕਰਵਾਈ ਗਈ ਸੀ। ਜਲਦ ਹੀ ਹੋਰ ਹਿੱਸਿਆਂ ਦੀ ਮੁਰੰਮਤ ਵੀ ਹੋਵੇਗੀ।

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …