ਲਾਹੌਰ/ਬਿਊਰੋ ਨਿਊਜ਼ : ਸਿੱਖ ਸ਼ਰਧਾਲੂਆਂ ਲਈ ਇਤਿਹਾਸਕ ਲਾਂਘੇ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪਾਕਿਸਤਾਨ ਨੇ ਕਰਤਾਰਪੁਰ ਬਾਰਡਰ ਉੱਤੇ ਇਮੀਗ੍ਰੇਸ਼ਨ ਕੇਂਦਰ ਖੋਲ੍ਹ ਦਿੱਤਾ ਹੈ। ਇਹ ਲਾਂਘਾ ਖੁੱਲ੍ਹਣ ਨਾਲ ਸਿੱਖ ਸ਼ਰਧਾਲੂਆਂ ਵੱਲੋਂ ਪਾਕਿਸਤਾਨ ਵਿਚ ਸਥਿਤ ਆਪਣੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ। ਫੈੱਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫਆਈਏ) ਦੇ ਡਿਪਟੀ ਡਾਇਰੈਕਟਰ (ਪੰਜਾਬ) ਮੁਫਖ਼ਰ ਅਦੀਲ ਨੇ ਕਿਹਾ ਕਿ ਬਾਰਡਰ ਪਾਰ ਕਰਨਾ ਮਨੁੱਖੀ ਤਸਕਰੀ ਕਰਨ ਵਾਲਿਆਂ ਅਤੇ ਨਸ਼ਾ ਤਸਕਰਾਂ ਲਈ ਆਸਾਨ ਹੋ ਸਕਦਾ ਹੈ, ਇਸ ਲਈ ਸਰਹੱਦ ਦੇ ਦੋਵੇਂ ਪਾਸਿਆਂ ‘ਤੇ ਸਥਿਤੀ ਉੱਤੇ ਕੰਟਰੋਲ ਰੱਖਣ ਲਈ ਮਜ਼ਬੂਤ ਢਾਂਚੇ ਦੀ ਲੋੜ ਸੀ। ਉਨ੍ਹਾਂ ਦੱਸਿਆ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਸਬੰਧ ਵਿਚ ਐੱਫਆਈਏ ਨੇ ਨਾਰੋਵਾਲ (ਲਾਹੌਰ ਤੋਂ 120 ਕਿਲੋਮੀਟਰ ਦੂਰ) ਵਿਚ ਕਰਤਾਰਪੁਰ ਬਾਰਡਰ ‘ਤੇ ਇਮੀਗ੍ਰੇਸ਼ਨ ਕੇਂਦਰ ਖੋਲ੍ਹ ਦਿੱਤਾ ਹੈ।
ਉਨ੍ਹਾਂ ਦੱਸਿਆ,’ਐੱਫਆਈਏ ਦੇ ਅਧਿਕਾਰੀ ਸਿੱਖ ਸ਼ਰਧਾਲੂਆਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨਗੇ ਅਤੇ ਬਾਇਓਮੀਟਰਿਕ ਪ੍ਰਣਾਲੀ ਰਾਹੀਂ ਉਨ੍ਹਾਂ ਦੀ ਸ਼ਨਾਖਤ ਕਰਨਗੇ। ਵੀਜ਼ਾ ਪ੍ਰਾਪਤ ਸਿੱਖ ਸ਼ਰਧਾਲੂਆਂ ਨੂੰ ਸ਼ਹਿਰ ਵਿਚ ਪ੍ਰਵੇਸ਼ ਕਰਨ ਦੀ ਆਗਿਆ ਹੋਵੇਗੀ ਜਦਕਿ ਪਰਮਿਟ ਹਾਸਲ ਸ਼ਰਧਾਲੂਆਂ ਨੂੰ ਸਿਰਫ ਗੁਰਦੁਆਰਾ ਦਰਬਾਰ ਸਾਹਿਬ ਜਾਣ ਦੀ ਆਗਿਆ ਹੋਵੇਗੀ।’
ਬਟਵਾਰੇ ਸਮੇਂ ਕਾਂਗਰਸ ਦੀਆਂ ਗਲਤੀਆਂ ਕਾਰਨ ਕਰਤਾਰਪੁਰ ਪਾਕਿ ਵਾਲੇ ਪਾਸੇ ਗਿਆ : ਮੋਦੀ
ਹਨੂੰਮਾਨਗੜ੍ਹ : ਨਰਿੰਦਰ ਮੋਦੀ ਨੇ ਰਾਜਸਥਾਨ ਦੇ ਹਨੂੰਮਾਨਗੜ੍ਹ ‘ਚ ਚੋਣ ਰੈਲੀ ਦੌਰਾਨ ਭਾਰਤ-ਪਾਕਿ ਬਟਵਾਰੇ ਸਮੇਂ ਕਾਂਗਰਸ ਦੀਆਂ ਗਲਤੀਆਂ ਨੂੰ ਗਿਣਾਇਆ। ਮੋਦੀ ਨੇ ਕਿਹਾ ਕਿ ਕਾਂਗਰਸ ਦੀਆਂ ਗਲਤੀਆਂ ਕਾਰਨ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੂਮੀ ਕਰਤਾਰਪੁਰ ਪਾਕਿਸਤਾਨ ਵਾਲੇ ਪਾਸੇ ਚਲੀ ਗਈ ਪਰ ਕਾਂਗਰਸ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਮੋਦੀ ਨੇ ਕਿਹਾ ਕਿ ਵੰਡ ਮੌਕੇ ਜੇਕਰ ਕਾਂਗਰਸ ਦੇ ਆਗੂਆਂ ਨੇ ਇਸ ਗੱਲ ਪ੍ਰਤੀ ਥੋੜ੍ਹੀ ਜਿਹੀ ਸਮਝਦਾਰੀ ਤੋਂ ਕੰਮ ਲਿਆ ਹੁੰਦਾ ਤਾਂ ਸਿਰਫ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਕਰਤਾਰਪੁਰ ਸਾਡੇ ਤੋਂ ਵੱਖ ਨਾ ਹੁੰਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਸੱਤਾ ਦੇ ਮੋਹ ਕਰਕੇ ਬਹੁਤ ਗਲਤੀਆਂ ਕੀਤੀਆਂ, ਜਿਸਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ।
ਕਰਤਾਰਪੁਰ ਲ2ਾਂਘਾ ਖੋਲ੍ਹਣ ਦਾ ਚੀਨ ਵਲੋਂ ਵੀ ਸਵਾਗਤ
ਬੀਜਿੰਗ : ਚੀਨ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਭਾਰਤ ਤੇ ਪਾਕਿਸਤਾਨ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਆਪਸ ਵਿਚਕਾਰ ਗੱਲਬਾਤ ਨੂੰ ਮਜ਼ਬੂਤ ਕਰਨਾ ਅਤੇ ਠੀਕ ਢੰਗ ਨਾਲ ਆਪਣੇ ਮਤਭੇਦਾਂ ਨਾਲ ਮੁਖ਼ਾਤਿਬ ਹੋਣਾ ਵਿਸ਼ਵ ਦੀ ਸ਼ਾਂਤੀ ਅਤੇ ਵਿਕਾਸ ਲਈ ਕਾਫ਼ੀ ਮਾਇਨੇ ਰੱਖਦਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੇਂਗ ਸ਼ੁਆਂਗ ਨੇ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਚੰਗੀ ਗੱਲਬਾਤ ਵੇਖ ਕੇ ਸਾਨੂੰ ਬੇਹੱਦ ਖੁਸ਼ੀ ਹੈ। ਦੱਖ਼ਣੀ ਏਸ਼ੀਆ ਵਿਚ ਦੋਵੇਂ ਦੇਸ਼ ਕਾਫ਼ੀ ਅਹਿਮ ਹਨ। ਵਿਸ਼ਵ ਦੀ ਸ਼ਾਂਤੀ ਤੇ ਵਿਕਾਸ ਲਈ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿਚਕਾਰ ਸਥਿਰਤਾ ਕਾਫ਼ੀ ਮਾਇਨੇ ਰੱਖਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਦਿਲੋਂ ਉਮੀਦ ਕਰਦੇ ਹਾਂ ਕਿ ਸਥਿਰਤਾ ਤੇ ਸ਼ਾਂਤੀ ਲਈ ਆਪਣੇ ਰਿਸ਼ਤਿਆਂ ਵਿਚ ਸੁਧਾਰ ਲਈ ਦੋਵੇ ਦੇਸ਼ ਗੱਲਬਾਤ ਤੇ ਤਾਲਮੇਲ ਨੂੰ ਮਜ਼ਬੂਤੀ ਪ੍ਰਦਾਨ ਕਰ ਸਕਦੇ ਹਨ ਅਤੇ ਆਪਣੇ ਮਤਭੇਦਾਂ ਨਾਲ ਸਹੀਂ ਤਰ੍ਹਾਂ ਮੁਖ਼ਾਤਿਬ ਹੋ ਸਕਦੇ ਹਨ।
ਕਰਤਾਰਪੁਰ ਲਾਂਘੇ ਨਾਲ ਭਾਰਤ ਤੇ ਪਾਕਿ ‘ਚ ਰਿਸ਼ਤੇ ਸੁਧਰਨਗੇ: ਰੂਬੀ ਢੱਲਾ
ਅੰਮ੍ਰਿਤਸਰ : ਕੈਨੇਡਾ ਦੀ ਸਾਬਕਾ ਸੰਸਦ ਮੈਂਬਰ ਰੂਬੀ ਢੱਲਾ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਗੁਰਦੁਆਰਾ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਫ਼ੈਸਲੇ ਦਾ ਸਵਾਗਤ ਕੀਤਾ। ਆਪਣੇ ਪੰਜਾਬ ਦੌਰੇ ਦੌਰਾਨ ਬੀਬੀ ਢੱਲਾ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕੁਝ ਸਮਾਂ ਗੁਰਬਾਣੀ ਕੀਰਤਨ ਦਾ ਅਨੰਦ ਮਾਣਿਆ। ਇਸ ਉਪਰੰਤ ਉਨ੍ਹਾਂ ਆਖਿਆ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਵਲੋਂ ਗੁਰਦੁਆਰਾ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦੇ ਫ਼ੈਸਲੇ ਨਾਲ ਵਿਸ਼ਵ ਭਰ ਦੀ ਸਿੱਖ ਸੰਗਤ ਵਿਚ ਖ਼ੁਸ਼ੀ ਦੀ ਲਹਿਰ ਹੈ। ਇਸ ਫ਼ੈਸਲੇ ਨਾਲ ਦੋਵਾਂ ਦੇਸ਼ਾਂ ਦੇ ਆਪਸੀ ਰਿਸ਼ਤਿਆਂ ਵਿਚ ਵੀ ਸੁਧਾਰ ਹੋਵੇਗਾ। ਉਨ੍ਹਾਂ ਆਖਿਆ ਕਿ ਸਿੱਖ ਸੰਗਤ ਵਲੋਂ ਇਹ ਲਾਂਘਾ ਖੋਲ੍ਹਣ ਵਾਸਤੇ ਚਿਰੋਕਣੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਲਾਂਘਾ ਖੁੱਲ੍ਹਵਾਉਣ ਦਾ ਸਿਹਰਾ ਕਿਸੇ ਦੇ ਵੀ ਸਿਰ ਬੱਝੇ ਪਰ ਇਸ ਨਾਲ ਦੋਵਾਂ ਦੇਸ਼ਾਂ ਦੇ ਆਪਸੀ ਰਿਸ਼ਤਿਆਂ ਵਿਚ ਸੁਧਾਰ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ਆਖਿਆ ਕਿ ਦੋਵਾਂ ਦੇਸ਼ਾਂ ਦੇ ਲੋਕ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਚਾਹੁੰਦੇ ਹਨ। ਨਵਜੋਤ ਸਿੰਘ ਸਿੱਧੂ ਸਬੰਧੀ ਵਾਦ-ਵਿਵਾਦ ਬਾਰੇ ਉਨ੍ਹਾਂ ਆਖਿਆ ਕਿ ਦੋਵਾਂ ਦੇਸ਼ਾਂ ਵਿਚ ਸ਼ਾਂਤੀ ਬਹਾਲੀ ਵਾਸਤੇ ਅਤੇ ਰਿਸ਼ਤਿਆਂ ਵਿਚ ਸੁਧਾਰ ਲਿਆਉਣ ਲਈ ਅਜਿਹੀਆਂ ਗੱਲਾਂ ਨੂੰ ਹਵਾ ਨਹੀਂ ਦੇਣੀ ਚਾਹੀਦੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …