ਕਿਹਾ – ਸਿੱਖ ਭਾਵਨਾਵਾਂ ਦਾ ਕਰਦੇ ਹਾਂ ਸਤਿਕਾਰ, ਇਸ ਨੂੰ ਕੋਈ ਵੀ ਵਿਵਾਦ ਬਦਲ ਨਹੀਂ ਸਕਦਾ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਬਾਰੇ ਫ਼ੈਸਲਾ ਨੇਕ ਨੀਅਤ ਨਾਲ ਲਿਆ ਸੀ ਅਤੇ ਪਾਕਿਸਤਾਨ ਸਰਕਾਰ ਇਸ ਨੂੰ ਨੇਕ ਨੀਅਤ ਨਾਲ ਅੱਗੇ ਲੈ ਕੇ ਜਾਵੇਗੀ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਟਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਿੱਖ ਭਾਵਨਾਵਾਂ ਪ੍ਰਤੀ ਟਿੱਪਣੀਆਂ ਨੂੰ ਜਾਣਬੁੱਝ ਕੇ ਗਲਤ ਤਰੀਕੇ ਨਾਲ ਪੇਸ਼ ਕਰਨ ਅਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਜੋ ਕੁਝ ਉਨ੍ਹਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਭਾਰਤ ਸਰਕਾਰ ਨਾਲ ਹੋਈ ਦੁਵੱਲੀ ਗੱਲਬਾਤ ਦੇ ਸਬੰਧ ਵਿਚ ਸੀ। ਅਸੀਂ ਸਿੱਖ ਭਾਵਨਾਵਾਂ ਦਾ ਡੂੰਘਾ ਸਤਿਕਾਰ ਕਰਦੇ ਹਾਂ ਅਤੇ ਇਸ ਨੂੰ ਕੋਈ ਵੀ ਵਿਵਾਦ ਬਦਲ ਨਹੀਂ ਸਕਦਾ। ਅਸੀਂ ਆਪਣੇ ਸਿੱਖ ਭਰਾਵਾਂ ਦੀਆਂ ਲੰਬੇ ਸਮੇਂ ਦੀਆਂ ਕਾਮਨਾਵਾਂ ਦਾ ਸਤਿਕਾਰ ਕਰਦਿਆਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਅਸੀਂ ਇਹ ਇਤਿਹਾਸਕ ਪਹਿਲਕਦਮੀ ਨੇਕ ਨੀਅਤ ਨਾਲ ਕੀਤੀ ਹੈ ਅਤੇ ਇਸ ਨੂੰ ਨੇਕ ਨੀਅਤ ਨਾਲ ਹੀ ਅੱਗੇ ਲੈ ਕੇ ਜਾਵਾਂਗੇ। ਪਿਛਲੇ ਦਿਨੀਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੁਰੈਸ਼ੀ ਦੀ ਉਨ੍ਹਾਂ ਦੀ ਕਰਤਾਰਪੁਰ ਸਾਹਿਬ ਲਾਂਘਾ ਘਟਨਾਵਾਂ ਨੂੰ ਲੈ ਕੇ ਭਾਰਤ-ਪਾਕਿਸਤਾਨ ਸਰਕਾਰਾਂ ਬਾਰੇ ‘ਗੁਗਲੀ’ ਟਿੱਪਣੀ ਲਈ ਅਲੋਚਨਾ ਕੀਤੀ ਸੀ। ਕੁਰੈਸ਼ੀ ਵਲੋਂ ਇਸਲਾਮਾਬਾਦ ਵਿਚ ਇਕ ਸਮਾਗਮ ਦੌਰਾਨ ਇਹ ਕਹਿਣ ਕਿ ਇਮਰਾਨ ਖ਼ਾਨ ਦੀ ਗੁਗਲੀ ਨਾਲ ਭਾਰਤ ਨੇ ਦੋ ਮੰਤਰੀ ਪਾਕਿਸਤਾਨ ਭੇਜ ਦਿੱਤੇ ਦਾ ਜ਼ਿਕਰ ਕਰਦਿਆਂ ਸਵਰਾਜ ਨੇ ਟਵੀਟ ਕੀਤਾ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ, ਤੁਹਾਡੀ ਨਾਟਕੀ ਢੰਗ ਵਾਲੀ ਗੁਗਲੀ ਟਿੱਪਣੀ ਨੇ ਕੁਝ ਹੋਰ ਨਹੀਂ ਤੁਹਾਨੂੰ ਹੀ ਨੰਗਾ ਕੀਤਾ ਹੈ। ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਹਰਦੀਪ ਸਿੰਘ ਪੁਰੀ ਜਿਹੜੇ 28 ਨਵੰਬਰ ਨੂੰ ਕਰਤਾਰਪੁਰ ਸਾਹਿਬ ਗਏ ਸਨ, ਨੇ ਸਾਵਧਾਨ ਕਰਦਿਆਂ ਕਿਹਾ ਕਿ ਜੇਕਰ ਪਾਕਿਸਤਾਨ ਹੁਣ ਤੱਕ ਦੀਆਂ ਨੀਤੀਆਂ ‘ਤੇ ਚਲਦਾ ਰਿਹਾ ਤਾਂ ਕਰਤਾਰਪੁਰ ਲਾਂਘੇ ਨਾਲ ਪੈਦਾ ਹੋਈ ਦੋਸਤੀ ਦੀ ਭਾਵਨਾ ਖਤਮ ਹੋ ਜਾਵੇਗੀ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਵਿਚਾਰ ਨਾਲ ਸਹਿਮਤ ਹਨ ਕਿ ਲਾਂਘਾ ਪਹਿਲਕਦਮੀ ਨੇ ਬਰਲਿਨ ਦੀ ਕੰਧ ਢਹਿਣ ਵਾਂਗ ਆਸ ਪੈਦਾ ਕੀਤੀ ਹੈ।
Check Also
ਮਾਰਕ ਕਾਰਨੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਨਵਰੀ ’ਚ ਦਿੱਤਾ ਸੀ ਅਹੁਦੇ ਤੋਂ ਅਸਤੀਫ਼ਾ ਟੋਰਾਂਟੋ/ਬਿਊਰੋ ਨਿਊਜ਼ : …