Breaking News
Home / ਭਾਰਤ / ਯੂਪੀ ਵਿਧਾਨ ਸਭਾ ‘ਚ ਫੋਨ, ਪੋਸਟਰ ਅਤੇ ਝੰਡੇ ਲਿਜਾਣ ‘ਤੇ ਪਾਬੰਦੀ

ਯੂਪੀ ਵਿਧਾਨ ਸਭਾ ‘ਚ ਫੋਨ, ਪੋਸਟਰ ਅਤੇ ਝੰਡੇ ਲਿਜਾਣ ‘ਤੇ ਪਾਬੰਦੀ

ਨਵੇਂ ਨਿਯਮਾਂ ਦਾ ਵਿਰੋਧ; ਸਪਾ ਆਗੂਆਂ ਨੇ ਕਾਲੇ ਕੱਪੜੇ ਪਾ ਕੇ ਰੋਸ ਪ੍ਰਗਟਾਇਆ
ਲਖਨਊ/ਬਿਊਰੋ ਨਿਊਜ਼ : ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਵਿਧਾਇਕਾਂ ਨੂੰ ਫੋਨ, ਸਿਆਸੀ ਪੋਸਟਰ ਜਾਂ ਝੰਡੇ ਲਿਜਾਣ ਦੀ ਮਨਾਹੀ ਦੇ ਨਵੇਂ ਨਿਯਮ ਮੰਗਲਵਾਰ ਤੋਂ ਲਾਗੂ ਕਰ ਦਿੱਤੇ ਗਏ ਜਿਸ ਦਾ ਸਪਾ ਦੇ ਵਿਧਾਇਕਾਂ ਨੇ ਜ਼ਬਰਦਸਤ ਵਿਰੋਧ ਕੀਤਾ। ਮੰਗਲਵਾਰ ਤੋਂ ਸ਼ੁਰੂ ਹੋਏ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਨਵੇਂ ਨਿਯਮ ਲਾਗੂ ਕਰਨ ਖਿਲਾਫ਼ ਸਪਾ ਨੇ ਰੋਸ ਪ੍ਰਦਰਸ਼ਨ ਕੀਤਾ। ਸਮਾਜਵਾਦੀ ਪਾਰਟੀ ਦੇ ਮੈਂਬਰਾਂ ਨੇ ਕਾਲੇ ਕੱਪੜੇ ਪਹਿਨੇ ਹੋਏ ਸਨ। ਇੱਕ ਵਿਧਾਇਕ ਨੇ ਆਪਣੇ ਕੁੜਤੇ ‘ਤੇ ਸਰਕਾਰ ਵਿਰੋਧੀ ਨਾਅਰਿਆਂ ਦੇ ਪੋਸਟਰ ਚਿਪਕਾਏ ਹੋਏ ਸਨ। ਸਪਾ ਮੁਖੀ ਅਖਿਲੇਸ਼ ਯਾਦਵ ਚਿੱਟਾ ਕੁੜਤਾ-ਪਜਾਮਾ ਪਹਿਨ ਕੇ ਵਿਧਾਨ ਸਭਾ ‘ਚ ਆਏ, ਉਨ੍ਹਾਂ ਕੁੜਤੇ ਪਜਾਮੇ ‘ਤੇ ਕਾਲੇ ਰੰਗ ਦੀ ਜੈਕੇਟ ਪਹਿਨੀ ਹੋਈ ਸੀ। ਪਾਰਟੀ ਦੇ ਕੁਝ ਆਗੂ ਉੱਪਰ ਤੋਂ ਹੇਠਾਂ ਤੱਕ ਕਾਲੇ ਕੱਪੜਿਆਂ ਵਿੱਚ ਨਜ਼ਰ ਆਏ। ਵਿਧਾਇਕ ਮੋਬਾਈਲ ਫੋਨ, ਝੰਡੇ ਜਾਂ ਬੈਨਰ ਲੈ ਕੇ ਵਿਧਾਨ ਸਭਾ ‘ਚ ਦਾਖ਼ਲ ਹੁੰਦੇ ਨਹੀਂ ਦੇਖੇ ਗਏ। ਰਾਜ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਮੰਗਲਵਾਰ ਨੂੰ ਸਦਨ ਦੇ ਮੌਜੂਦਾ ਭਾਜਪਾ ਵਿਧਾਇਕ ਆਸ਼ੂਤੋਸ਼ ਟੰਡਨ ਅਤੇ ਹੋਰ ਸਾਬਕਾ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਸ਼ੁਰੂ ਹੋਇਆ। ਜਦੋਂ ਵਿਰੋਧੀ ਧਿਰ ਦੇ ਆਗੂ ਅਖਿਲੇਸ਼ ਯਾਦਵ ਨੂੰ ਪਾਰਟੀ ਦੇ ਵਿਧਾਇਕਾਂ ਦੇ ਕੱਪੜਿਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਰਕਾਰ ਵਿਰੁੱਧ ਪ੍ਰਦਰਸ਼ਨ ਸੀ। ਯਾਦਵ ਨੇ ਵਿਧਾਨ ਸਭਾ ਦੇ ਬਾਹਰ ਮੀਡੀਆ ਨੂੰ ਕਿਹਾ, ”ਸਰਕਾਰ ਅਜਿਹੇ ਨਵੇਂ ਨਿਯਮ ਲਾਗੂ ਕਰਕੇ ਲੋਕਤੰਤਰ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਆਖ਼ਰ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਹੈ। ਜਨਤਾ ਦੀ ਤਰਫ਼ੋਂ ਸਵਾਲ ਉਠਾਉਣਾ ਸਾਡੀ ਜ਼ਿੰਮੇਵਾਰੀ ਹੈ। ਇਕ ਹੋਰ ਸੀਨੀਅਰ ਸਪਾ ਆਗੂ ਮਨੋਜ ਪਾਰਸ ਨੇ ਕਿਹਾ ਕਿ ਭਾਜਪਾ ਲੋਕਤੰਤਰੀ ਪ੍ਰਣਾਲੀ ਨੂੰ ਤਬਾਹ ਕਰ ਰਹੀ ਹੈ। ਇਹ ਸਦਨ ਸਿਰਫ਼ ਤਿੰਨ ਦਿਨ ਚੱਲੇਗਾ ਅਤੇ ਮੈਂਬਰਾਂ ਦੇ ਵਿਚਾਰ ਸੁਣੇ ਨਹੀਂ ਜਾਣਗੇ।

 

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …