ਰਾਂਚੀ : ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੀ ਤੁਲਨਾ ‘ਚੂਹੇ’ ਨਾਲ ਕੀਤੀ ਅਤੇ ਭਾਜਪਾ ਤੇ ਆਰਐੱਸਐੱਸ ‘ਤੇ ਸਿਆਸੀ ਲਾਭ ਲੈਣ ਲਈ ਸੂਬੇ ਵਿੱਚ ਫਿਰਕੂ ਸਦਭਾਵਨਾ ਵਿਗਾੜਨ ਦੀ ਕੋਸ਼ਿਸ਼ ਕਰਨ ਦਾ ਆਰੋਪ ਲਾਇਆ। ਸਾਹਿਬਗੰਜ ਜ਼ਿਲ੍ਹੇ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਸੋਰੇਨ ਨੇ ਦਾਅਵਾ ਕੀਤਾ ਕਿ ਭਾਜਪਾ ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਵਿਚਾਲੇ ਨਫਰਤ ਫੈਲਾ ਰਹੀ ਹੈ। ਉਨ੍ਹਾਂ ਇਸ ਵਿੱਚ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਦੀ ਸ਼ਮੂਲੀਅਤ ਵੀ ਉਭਾਰੀ।
ਰਾਂਚੀ ਤੋਂ ਆਨਲਾਈਨ ਮਾਧਿਅਮ ਰਾਹੀਂ ਰੈਲੀ ਨੂੰ ਸੰਬੋਧਨ ਕਰਦਿਆਂ ਸੋਰੇਨ ਨੇ ਕਿਹਾ, ‘ਆਰਐੱਸਐੱਸ ਸੂਬੇ ਵਿੱਚ ਚੂਹਿਆਂ ਵਾਂਗ ਹਮਲਾ ਕਰ ਰਿਹਾ ਹੈ ਅਤੇ ਇਸ ਨੂੰ ਤਬਾਹ ਕਰ ਰਿਹਾ ਹੈ। ਜਦੋਂ ਤੁਸੀਂ ਉਨ੍ਹਾਂ ਨੂੰ ‘ਦਾਰੂ’ ਨਾਲ ਪਿੰਡਾਂ ‘ਚ ਦਾਖਲ ਹੁੰਦੇ ਦੇਖਦੇ ਹੋ ਤਾਂ ਉਨ੍ਹਾਂ ਨੂੰ ਭਜਾ ਦਿਓ। ਉਹ ਚੋਣਾਂ ਤੋਂ ਪਹਿਲਾਂ ਸਿਆਸੀ ਲਾਹੇ ਲਈ ਫਿਰਕੂ ਅਸ਼ਾਂਤੀ ਅਤੇ ਤਣਾਅ ਪੈਦਾ ਕਰਨਾ ਚਾਹੁੰਦੇ ਹਨ।’