Breaking News
Home / ਭਾਰਤ / ਵਾਰਾਨਸੀ ਰੋਡ ਸ਼ੋਅ ਦੌਰਾਨ ਸੋਨੀਆ ਦੀ ਸਿਹਤ ਵਿਗੜੀ

ਵਾਰਾਨਸੀ ਰੋਡ ਸ਼ੋਅ ਦੌਰਾਨ ਸੋਨੀਆ ਦੀ ਸਿਹਤ ਵਿਗੜੀ

Sonia Gandhi Road Show copy copyਯੂਪੀ ਵਿੱਚ ਮੋਦੀ ਦੇ ਹਲਕੇ ਤੋਂ ਕਾਂਗਰਸ ਦੀ ਚੋਣ ਮੁਹਿੰਮ ਦਾ ਆਗ਼ਾਜ਼
ਵਾਰਾਨਸੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਵਾਰਾਨਸੀ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵਿਸ਼ਾਲ ਰੋਡ ਸ਼ੋਅ ਕਰਕੇ 2017 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਮੁਹਿੰਮ ਦਾ ਆਗ਼ਾਜ਼ ਕੀਤਾ। ਸਿਹਤ ਵਿਗੜਨ ਕਾਰਨ ਸੋਨੀਆ ਨੂੰ ਸਰਕਟ ਹਾਊਸ ਤੋਂ ਇੰਗਲਿਸ਼ੀਆ ਲਾਈਨ (ਅੱਠ ਕਿਲੋਮੀਟਰ) ਤੱਕ ਕੀਤੇ ਜਾਣ ਵਾਲੇ ਰੋਡ ਸ਼ੋਅ ਨੂੰ ਅੱਧ ਵਿਚਾਲੇ ਛੱਡ ਕੇ ਜਾਣਾ ਪਿਆ। ਤਿੰਨ ਘੰਟੇ ਜਾਰੀ ਰਹੇ ਰੋਡ ਸ਼ੋਅ ਨੂੰ ਕੁੱਝ ਸਮੇਂ ਲਈ ਲੋਹੂਰਾਬੀਰ ਚੌਕ ਨੇੜੇ ਰੋਕਣਾ ਪਿਆ। ਸੋਨੀਆ ਦੇ ਚਲੇ ਜਾਣ ਬਾਅਦ ਰੋਡ ਸ਼ੋਅ ਜਾਰੀ ਰਿਹਾ।
ਇਸ ਮਾਰਚ ਦੀ ਸ਼ੁਰੂਆਤ ਕਾਂਗਰਸ ਪ੍ਰਧਾਨ ਵੱਲੋਂ ਸਰਕਟ ਹਾਊਸ ਵਿੱਚ ਬੀ ਆਰ ਅੰਬਦੇਕਰ ਦੇ ਬੁੱਤ ਉਤੇ ਫੁੱਲ ਮਾਲਾਵਾਂ ਚੜ੍ਹਾ ਕੇ ਕੀਤੀ। ਸੋਨੀਆ ਗਾਂਧੀ, ਜੋ ਪਹਿਲਾਂ ਕਾਰ ਵਿੱਚ ਸਵਾਰ ਸੀ, ਬਾਅਦ ਵਿਚ ਉਹ ਖੁੱਲ੍ਹੀ ਛੱਤ ਵਾਲੇ ਵਾਹਨ ਵਿੱਚ ਸਵਾਰ ਹੋ ਗਈ, ਨੇ ਭੀੜ ਦੇ ਉਤਸ਼ਾਹ ਦਾ ਹੱਥ ਹਿਲਾ ਕੇ ਜਵਾਬ ਦਿੱਤਾ।
ਪਾਰਟੀ ਵਰਕਰਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ 69 ਸਾਲਾ ਸੋਨੀਆ ਦੀ ਸਿਹਤ ਵਿਗੜਨ ਕਾਰਨ ਮਾਰਚ ਅੱਧ ਵਿਚਾਲੇ ਛੱਡਣਾ ਪਿਆ। ਸੂਤਰਾਂ ਮੁਤਾਬਕ ਉਨ੍ਹਾਂ ਨੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਮੱਥਾ ਟੇਕ ਕੇ ਦਿੱਲੀ ਵਾਪਸ ਜਾਣਾ ਸੀ ਪਰ ਸਿਹਤ ਖਰਾਬ ਹੋਣ ਕਾਰਨ ਇਹ ਫੇਰੀ ਰੱਦ ਕਰਨੀ ਪਈ। ਉਸ ਨੂੰ ਬੁਖਾਰ ਸੀ ਪਰ ਉਸ ਨੇ ਇਸ ਰੋਡ ਸ਼ੋਅ ਨੂੰ ਖੜ੍ਹੇ ਪੈਰ ਰੱਦ ਨਾ ਕਰਨ ਦਾ ਫ਼ੈਸਲਾ ਕੀਤਾ।
ਨਰਿੰਦਰ ਮੋਦੀ ਨੇ ਟਵੀਟ ਕੀਤਾ, ‘ਸੋਨੀਆ ਜੀ ਦੀ ਵਾਰਾਨਸੀ ਫੇਰੀ ਦੌਰਾਨ ਸਿਹਤ ਵਿਗੜਨ ਬਾਰੇ ਪਤਾ ਲੱਗਾ ਹੈ। ਮੈਂ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਅਤੇ ਤੰਦਰੁਸਤੀ ਦੀ ਦੁਆ ਕਰਦਾ ਹਾਂ।’
ਕਈ ਥਾਵਾਂ ਉਤੇ ਸੋਨੀਆ ਉਤੇ ਗੁਲਾਬ ਦੀਆਂ ਪੱਤੀਆਂ ਦੀ ਵਰਖਾ ਕੀਤੀ ਗਈ। ਇਸ ਰੋਡ ਸ਼ੋਅ ਵਿੱਚ ਸ਼ਾਮਲ ਦਰਜਨਾਂ ਮਿੰਨੀ ਟਰੱਕਾਂ ਉਤੇ ’27 ਸਾਲ, ਯੂਪੀ ਬੇਹਾਲ’ ਦੇ ਨਾਅਰਿਆਂ ਵਾਲੇ ਬੈਨਰ ਲੱਗੇ ਹੋਏ ਸਨ। ਇਸ ਮੌਕੇ ਯੂਪੀ ਲਈ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਸ਼ੀਲਾ ਦੀਕਸ਼ਿਤ, ਏਆਈਸੀਸੀ ਦੇ ਜਨਰਲ ਸਕੱਤਰ ਗੁਲਾਮ ਨਬੀ ਆਜ਼ਾਦ, ਪਾਰਟੀ ਦੇ ਸੂਬਾਈ ਪ੍ਰਧਾਨ ਰਾਜ ਬੱਬਰ ਅਤੇ ਸੀਨੀਅਰ ਆਗੂ ਪ੍ਰਮੋਦ ਤਿਵਾੜੀ ਤੇ ਸੰਜੈ ਸਿੰਘ ਹਾਜ਼ਰ ਸਨ। ਮੋਦੀ ਦੇ ਇੱਥੋਂ ਲੋਕ ਸਭਾ ਚੋਣ ਜਿੱਤਣ ਬਾਅਦ ਸੋਨੀਆ ਗਾਂਧੀ ਪਹਿਲੀ ਵਾਰ ਵਾਰਾਨਸੀ ਆਏ।
ਕਾਂਗਰਸ ਵੱਲੋਂ ਵਾਰਾਨਸੀ ਵਿੱਚ ਵਿਕਾਸ ਦੀ ਘਾਟ ਸਬੰਧੀ ‘ਦਰਦ-ਏ-ਬਨਾਰਸ’ ਮੁਹਿੰਮ ਛੇੜੀ ਹੋਈ ਹੈ। ਕਾਂਗਰਸ 27 ਸਾਲਾਂ ਤੋਂ ਯੂਪੀ ਦੀ ਸੱਤਾ ਤੋਂ ਬਾਹਰ ਹੈ। ਵਾਰਾਨਸੀ ਪੂਰਬੀ ਯੂਪੀ ਦਾ ਅਹਿਮ ਹਿੱਸਾ ਹੈ, ਜਿਸ ਅਧੀਨ ਵਿਧਾਨ ਸਭਾ ਦੀਆਂ ਕੁੱਲ 403 ਸੀਟਾਂ ਵਿੱਚੋਂ 160 ਸੀਟਾਂ ਆਉਂਦੀਆਂ ਹਨ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …