ਨਵੀਂ ਦਿੱਲੀ : ਮੁੰਬਈ ਦੀ ਅਦਾਲਤ ਨੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਕਿਰੀਟ ਸੋਮੱਈਆ ਦੀ ਪਤਨੀ ਡਾਕਟਰ ਮੇਧਾ ਸੋਮੱਈਆ ਵਲੋਂ ਦਾਇਰ ਮਾਨਹਾਨੀ ਦੇ ਇਕ ਮਾਮਲੇ ਵਿਚ ਸ਼ਿਵ ਸੈਨਾ (ਊਧਵ ਬਾਲਾਸਾਹਬ ਠਾਕਰੇ) ਦੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੂੰ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਸੰਜੇ ਰਾਊਤ ਨੂੰ 15 ਦਿਨਾਂ ਦੀ ਜੇਲ੍ਹ ਦੀ ਸਜ਼ਾ ਸੁਣਵਾਈ ਹੈ। ਸੰਜੇ ਰਾਊਤ ਨੂੰ 25 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ, ਜੋ ਮੁਆਵਜ਼ੇ ਵਜੋਂ ਵਸੂਲਿਆ ਜਾਵੇਗਾ। ਰਾਊਤ ਨੂੰ ਭਾਰਤੀ ਦੰਡਾਵਲੀ ਦੀ ਧਾਰਾ 500 ਤਹਿਤ ਮਾਨਹਾਨੀ ਦਾ ਦੋਸ਼ੀ ਠਹਿਰਾਇਆ ਗਿਆ ਹੈ। ਮੁੰਬਈ ਦੇ ਰੂਈਆ ਕਾਲਜ ਵਿਚ ਆਰਗੈਨਿਕ ਕੈਮਿਸਟਰੀ ਦੀ ਪ੍ਰੋਫੈਸਰ ਮੇਧਾ ਸੋਮੱਈਆ ਨੇ ਰਾਊਤ ਵਿਰੁੱਧ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ। ਜ਼ਿਕਰਯੋਗ ਹੈ ਕਿ ਸੰਜੇ ਰਾਊਤ ਨੇ ਮੇਧਾ ਸੋਮੱਈਆ ਅਤੇ ਉਨ੍ਹਾਂ ਦੇ ਐਨ.ਜੀ.ਓ. ਯੁਵਾ ਅਦਾਰੇ ‘ਤੇ 100 ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਲਗਾਇਆ ਸੀ।