ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ
ਦੇਹਰਾਦੂਨ/ਬਿੳੂਰੋ ਨਿੳੂਜ਼
ਉਤਰਾਖੰਡ ਦੇ ਪੌੜੀ ਗੜਵਾਲ ਜ਼ਿਲ੍ਹੇ ਵਿਚ ਲੰਘੀ ਰਾਤ ਬਰਾਤੀਆਂ ਨਾਲ ਭਰੀ ਇਕ ਬੱਸ ਡੂੰਘੀ ਖੱਡ ਵਿਚ ਡਿੱਗਣ ਕਾਰਨ 25 ਵਿਅਕਤੀਆਂ ਦੀ ਮੌਤ ਹੋ ਗਈ ਹੈ। ਸਟੇਟ ਡਿਜਾਸਟਰ ਰਿਸਪਾਂਸ ਫੋਰਸ (ਐਸ.ਡੀ.ਆਰ.ਐਫ.) ਦੇ ਜਵਾਨਾਂ ਅਤੇ ਪਿੰਡ ਵਾਸੀਆਂ ਵਲੋਂ ਰਾਤ ਭਰ ਚਲਾਈ ਗਈ ਰਾਹਤ ਮੁਹਿੰਮ ਦੌਰਾਨ 21 ਬਰਾਤੀਆਂ ਨੂੰ ਜ਼ਖ਼ਮੀ ਹਾਲਤ ਵਿਚ ਨੇੜਲੇ ਸਿਹਤ ਕੇਂਦਰਾਂ ਵਿਚ ਭਰਤੀ ਕਰਵਾਇਆ ਗਿਆ। ਸੂਬੇ ਦੇ ਡੀਜੀਪੀ ਅਸ਼ੋਕ ਕੁਮਾਰ ਨੇ ਦੱਸਿਆ ਹੈ ਕਿ ਇਸ ਹਾਦਸੇ ਵਿਚ 25 ਵਿਅਕਤੀਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਬੱਸ ਵਿਚ ਕਰੀਬ 50 ਵਿਅਕਤੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਹਰਿਦੁਆਰ ਦੇ ਸ਼ਿਆਮਪੁਰ ਖੇਤਰ ਦੇ ਪਿੰਡ ਲਾਲਢਾਂਗ ਦੇ ਰਹਿਣ ਵਾਲੇ ਸੰਦੀਪ ਪੁੱਤਰ ਨੰਦ ਰਾਮ ਦੀ ਬਰਾਤ ਮੰਗਲਵਾਰ ਨੂੰ ਪੌੜੀ ਜ਼ਿਲ੍ਹੇ ਦੇ ਪਿੰਡ ਕਾਂਡਾ ਲਈ ਰਵਾਨਾ ਹੋਈ ਸੀ। ਬਰਾਤੀਆਂ ਨਾਲ ਭਰੀ ਇਹ ਬੱਸ ਪੌੜੀ ਦੇ ਬੀਰੋਂਖਲ ਸਿਮੜੀ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ’ਚ ਜਾਨ ਗੁਆਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫਸੋਸ ਜ਼ਾਹਰ ਕੀਤਾ ਹੈ ਅਤੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਵੀ ਉਤਰਾਖੰਡ ’ਚ ਬਰਫ ਦੇ ਤੋਦਿਆਂ ’ਚ ਫਸਣ ਕਰਕੇ 10 ਪਰਬਤਾਰੋਹੀਆਂ ਦੀ ਜਾਨ ਚਲੇ ਗਈ ਸੀ।