ਹਰਿਦੁਆਰ : ਹਰਿਦੁਆਰ ‘ਚ ਚੱਲ ਰਹੇ ਗਿਆਨ ਕੁੰਡ ‘ਚ ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਦੋ ਤੋਂ ਵੱਧ ਬੱਚਿਆਂ ਵਾਲੇ ਲੋਕਾਂ ਦਾ ਵੋਟ ਦਾ ਅਧਿਕਾਰ ਖਤਮ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਿਹੜੇ ਸਾਡੇ ਵਾਂਗ ਵਿਆਹ ਨਾ ਕਰਨ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਗਿਆਨ ਕੁੰਡ ‘ਚ ਬੋਲਦਿਆਂ ਉਨ੍ਹਾਂ ਕਿਹਾ ਕਿ ਅਗਲੇ 20-25 ਸਾਲਾਂ ਵਿਚ ਯੋਗ ਦੇ ਨਾਲ-ਨਾਲ ਭਾਰਤੀ ਵੈਦਿਕ ਪਰੰਪਰਾ ਦਾ ਰਾਜ ਪੂਰੀ ਦੁਨੀਆ ਵਿਚ ਸਥਾਪਿਤ ਹੋ ਜਾਵੇਗਾ। ਗਿਆਨ ਕੁੰਭ ਦੀ ਸਾਰਥਕਤਾ ‘ਤੇ ਰੋਸ਼ਨੀ ਪਾਉਂਦਿਆਂ ਉਨ੍ਹਾਂ ਕਿਹਾ ਕਿ ਛੇਤੀ ਹੀ ਧਰਮ ਤੇ ਅਧਿਆਤਮ ‘ਤੇ ਅਧਾਰਿਤ ਭਾਰਤੀ ਸਿੱਖਿਆ ਬੋਰਡ ਗਠਿਤ ਹੋਣ ਦੀ ਉਮੀਦ ਹੈ, ਇਸਦੀ ਤਜਵੀਜ਼ ਦਿੱਤੀ ਗਈ ਹੈ। ਇਹ ਮੈਕਾਲੇ ਸਿੱਖਿਆ ਪ੍ਰਣਾਲੀ ਦਾ ਬਦਲ ਹੋਵੇਗਾ। ਪਤੰਜਲੀ ਯੋਗਪੀਠ ‘ਚ ਗਿਆਨ ਕੁੰਭ ‘ਚ ਦੂਜੇ ਦੇ ਤਕਨੀਕੀ ਇਜਲਾਸ ਨੂੰ ਸੰਬੋਧਨ ਕਰਦਿਆਂ ਰਾਮਦੇਵ ਨੇ ਕਿਹਾ ਕਿ ਭਾਰਤੀ ਗਿਆਨ ਪਰੰਪਰਾ ਵਿਚ ਲਿੰਗ, ਵਰਣ, ਜਾਤ, ਧਰਮ ਆਦਿ ਦਾ ਕੋਈ ਵਖਰੇਵਾ ਨਹੀਂ ਹੈ। ਭਾਰਤੀ ਗਿਆਨ ਪਰੰਪਰਾ ਵੇਦਾਂ ‘ਤੇ ਅਧਾਰਿਤ ਹੈ। ਇਸ ਵਿਚ ਸਾਰਿਆਂ ਨੂੰ ਸਮਾਨ ਸਿੱਖਿਆ ਦਾ ਅਧਿਕਾਰ ਹੈ। ਸਾਡੇ ਅੰਦਰ ਗਿਆਨ ਦੀਆਂ ਅਸੀਮ ਸੰਭਾਵਨਾਵਾਂ ਹਨ, ਇਸ ਨੂੰ ਲੱਭਣ ਵਿਚ ਗੁਰੂ ਤੇ ਯੂਨੀਵਰਸਿਟੀ ਦੀ ਭੂਮਿਕਾ ਅਹਿਮ ਹੈ।
ਉਨ੍ਹਾਂ ਨੇ ਵਿਦਿਅਕ ਅਦਾਰਿਆਂ ਵਿਚ ਅਭਿਆਸ ‘ਤੇ ਵਧੇਰੇ ਜ਼ੋਰ ਦੇਣ ਦੀ ਵਕਾਲਤ ਕੀਤੀ। ਉਨ੍ਹਾਂ ਨੇ ਐਲਾਨ ਕੀਤਾ ਕਿ ਪਤੰਜਲੀ ਦਿੱਲੀ ‘ਚ ਅਪਰਾ ਤੇ ਪਰਾ ਵਿੱਦਿਆ ‘ਤੇ ਅਧਾਰਿਤ ਦੁਨੀਆ ਦੀ ਪਹਿਲੀ ਸਰਬਉਤਮ ਯੂਨੀਵਰਸਿਟੀ ਬਣਾਏਗੀ। ਯੋਗ ਗਰੂ ਨੇ ਕਿਹਾ ਕਿ ਅਸੀਂ ਭਾਰਤੀ ਤੇ ਸਵਦੇਸ਼ੀ ਦੇ ਹਾਮੀ ਹਾਂ। ਉਨ੍ਹਾਂ ਨੇ ਯੂਨੀਵਰਸਿਟੀਆਂ ‘ਚ ਯੋਗ, ਆਯੁਰਵੇਦ ਤੇ ਨੈਚਰੋਪੈਥੀ ਆਦਿ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ।
ਕਰਨਾਟਕ ਜ਼ਿਮਨੀ ਚੋਣ ‘ਚ ਭਾਜਪਾ ਨੂੰ ਵੱਡਾ ਝਟਕਾ
ਜੇਡੀਐਸ-ਕਾਂਗਰਸ ਗਠਜੋੜ ਨੇ ਪੰਜ ਵਿਚੋਂ ਚਾਰ ਸੀਟਾਂ ‘ਤੇ ਕੀਤੀ ਜਿੱਤ ਦਰਜ
ਬੰਗਲੌਰ : ਕਰਨਾਟਕ ਵਿਚ ਸੱਤਾਧਾਰੀ ਜਨਤਾ ਦਲ (ਐਸ)-ਕਾਂਗਰਸ ਗੱਠਜੋੜ ਨੇ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਐਲਾਨੇ ਜ਼ਿਮਨੀ ਚੋਣਾਂ ਦੇ ਨਤੀਜਿਆਂ ਵਿਚ 4-1 ਦੀ ਜਿੱਤ ਨਾਲ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਹੈ। ਗੱਠਜੋੜ ਨੇ ਵਿਧਾਨ ਸਭਾ ਦੀਆਂ ਦੋ ਅਤੇ ਲੋਕ ਸਭਾ ਦੀਆਂ ਤਿੰਨ ਸੀਟਾਂ ਵਿਚੋਂ ਦੋ ਉੱਤੇ ਜਿੱਤ ਦਰਜ ਕਰਦਿਆਂ ਕਰਨਾਟਕ ਵਿਚ ਆਪਣੇ ਦਬਦਬੇ ਨੂੰ ਬਰਕਰਾਰ ਰੱਖਿਆ ਹੈ। ਰੈੱਡੀ ਭਰਾਵਾਂ ਦਾ ਗੜ੍ਹ ਮੰਨੀ ਜਾਂਦੀ ਬੱਲਾਰੀ ਸੰਸਦੀ ਸੀਟ ਤੋਂ ਹਾਰ ਕੇਂਦਰ ਦੀ ਭਾਜਪਾ ਸਰਕਾਰ ਲਈ ਵੱਡੀ ਸੱਟ ਹੈ। ਉਧਰ ਸਾਬਕਾ ਮੁੱਖ ਮੰਤਰੀ ਬੀ.ਐਸ.ਯੇਦੀਯੁਰੱਪਾ ਦੇ ਪੁੱਤ ਬੀ.ਵਾਈ.ਰਾਘਵੇਂਦਰ ਨੇ ਸਖਤ ਮੁਕਾਬਲੇ ਵਿਚ ਸ਼ਿਵਾਮੋਗਾ ਸੰਸਦੀ ਸੀਟ ‘ਤੇ ਜਿੱਤ ਦਰਜ ਕਰਦਿਆਂ ਪਿਤਾ ਸਮੇਤ ਪਾਰਟੀ ਦੀ ਲਾਜ ਰੱਖੀ ਹੈ। ਰਾਘਵੇਂਦਰ ਨੇ ਜੇਡੀਐਸ ਦੇ ਮਧੂ ਬੰਗਾਰੱਪਾ ਨੂੰ ਕਰੀਬੀ ਮੁਕਾਬਲੇ ਵਿਚ 52,148 ਵੋਟਾਂ ਦੇ ਫ਼ਰਕ ਨਾਲ ਹਰਾਇਆ। ਮਧੂ, ਸਾਬਕਾ ਕਾਂਗਰਸੀ ਮੁੱਖ ਮੰਤਰੀ ਮਰਹੂਮ ਐਸ.ਬੰਗਾਰੱਪਾ ਦਾ ਪੁੱਤ ਹੈ। ਇਨ੍ਹਾਂ ਨਤੀਜਿਆਂ ਨਾਲ 224 ਮੈਂਬਰੀ ਕਰਨਾਟਕ ਵਿਧਾਨ ਸਭਾ ਵਿੱਚ ਕਾਂਗਰਸ-ਜੇਡੀਐਸ ਗੱਠਜੋੜ ਦੇ ਵਿਧਾਇਕਾਂ ਦੀ ਗਿਣਤੀ 120 ਹੋ ਗਈ ਹੈ ਜਦੋਂਕਿ ਭਾਜਪਾ ਦੇ 104 ਵਿਧਾਇਕ ਹਨ। ਕਾਂਗਰਸ ਦੇ ਵੀ.ਐੱਸ.ਉਗਰੱਪਾ ਨੇ ਬੱਲਾਰੀ ਸੰਸਦੀ ਸੀਟ 2.43 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ। ਉਗਰੱਪਾ ਨੇ ਭਾਜਪਾ ਉਮੀਦਵਾਰ ਸ਼ਾਂਤਾ ਨੂੰ ਹਰਾਇਆ, ਜੋ ਸਾਬਕਾ ਐਮਪੀ ਬੀ.ਸ੍ਰੀਰਾਮੁਲੂ ਦੀ ਭੈਣ ਹੈ। ਹੋਰਨਾਂ ਸੀਟਾਂ ਵਿੱਚ ਮੁੱਖ ਮੰਤਰੀ ਐੱਚ.ਡੀ.ਕੁਮਾਰਾਸਵਾਮੀ ਦੀ ਪਤਨੀ ਅਨੀਤਾ ਨੇ ਰਾਮਨਗਰ ਅਸੈਂਬਲੀ ਸੀਟ 1.09 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ। ਅਨੀਤਾ ਨੇ ਭਾਜਪਾ ਦੇ ਐਲ.ਚੰਦਰਸ਼ੇਖਰ ਨੂੰ ਹਰਾਇਆ। ਜਮਖੰਡੀ ਵਿਧਾਨ ਸਭਾ ਦੀ ਸੀਟ ‘ਤੇ ਕਾਂਗਰਸੀ ਉਮੀਦਵਾਰ ਆਨੰਦ ਨਯਾਮਗੌੜਾ ਨੇ ਭਾਜਪਾ ਦੇ ਸ੍ਰੀਕਾਂਤ ਕੁਲਕਰਨੀ ਨੂੰ 39,480 ਵੋਟਾਂ ਦੇ ਫਰਕ ਨਾਲ ਸ਼ਿਕਸਤ ਦਿੱਤੀ। ਜੇਡੀਐਸ ਉਮੀਦਵਾਰ ਐਲ.ਆਰ.ਸ਼ਿਵਰਾਮ ਗੌੜਾ ਨੇ ਮਾਂਡਿਆ ਲੋਕ ਸਭਾ ਸੀਟ ਤੋਂ ਭਾਜਪਾ ਦੇ ਸਿੱਧਾਰਮੱਈਆ ਨੂੰ 3.24 ਲੱਖ ਦੇ ਵੱਡੇ ਫਰਕ ਨਾਲ ਹਰਾਇਆ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …