Breaking News
Home / ਭਾਰਤ / 43 ਵਿਅਕਤੀ ਜਿੰਦਾ ਸੜੇ

43 ਵਿਅਕਤੀ ਜਿੰਦਾ ਸੜੇ

ਉਪਹਾਰ ਸਿਨੇਮਾ ਅਗਨੀ ਕਾਂਡ ਤੋਂ ਬਾਅਦ ਕੌਮੀ ਰਾਜਧਾਨੀ ‘ਚ ਸਭ ਤੋਂ ਭਿਆਨਕ ਅਗਨੀ ਕਾਂਡ
ਨਵੀਂ ਦਿੱਲੀ : ਨਵੀਂ ਦਿੱਲੀ ਦੇ ਭੀੜ-ਭਾੜ ਵਾਲੇ ਅਨਾਜ ਮੰਡੀ ਇਲਾਕੇ ‘ਚ ਰਾਣੀ ਝਾਂਸੀ ਰੋਡ ‘ਤੇ ਬਹੁ-ਮੰਜ਼ਿਲਾ ਇਮਾਰਤ ‘ਚ ਐਤਵਾਰ ਸਵੇਰੇ ਅਚਾਨਕ ਭਿਆਨਕ ਅੱਗ ਲੱਗਣ ਕਾਰਨ 43 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਡੇਢ ਦਰਜਨ ਦੇ ਕਰੀਬ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ‘ਚ ਦਿੱਲੀ ਅੱਗ ਬੁਝਾਊ ਦਸਤੇ ਦੇ ਦੋ ਮੁਲਾਜ਼ਮ ਵੀ ਸ਼ਾਮਲ ਹਨ। ਉੱਤਰੀ ਦਿੱਲੀ ‘ਚ ਪੈਂਦੀ ਇਮਾਰਤ ‘ਚ ਗ਼ੈਰਕਾਨੂੰਨੀ ਫੈਕਟਰੀਆਂ ਚੱਲ ਰਹੀਆਂ ਸਨ। ਕੌਮੀ ਰਾਜਧਾਨੀ ‘ਚ 1997 ਦੇ ਉਪਹਾਰ ਸਿਨਮਾ ਅਗਨੀ ਕਾਂਡ ਮਗਰੋਂ ਇਹ ਸਭ ਤੋਂ ਭਿਆਨਕ ਹਾਦਸਾ ਹੈ। ਉਸ ਸਮੇਂ ਸਿਨਮਾਘਰ ‘ਚ ਅੱਗ ਲੱਗਣ ਕਾਰਨ 59 ਵਿਅਕਤੀ ਮਾਰੇ ਗਏ ਸਨ। ਦਿੱਲੀ ਪੁਲਿਸ ਨੇ ਇਮਾਰਤ ਦੇ ਮਾਲਕ ਰੇਹਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਧਾਰਾ 304 ਤਹਿਤ ਮਾਮਲਾ ਦਰਜ ਕੀਤਾ ਹੈ। ਉੱਤਰੀ ਜ਼ਿਲ੍ਹੇ ਦੀ ਡੀਸੀਪੀ ਮੋਨਿਕਾ ਭਾਰਦਵਾਜ ਨੇ ਦੱਸਿਆ ਕਿ ਇਮਾਰਤ ਲਈ ਦਿੱਲੀ ਫਾਇਰ ਸਰਵਿਸ ਤੋਂ ਕੋਈ ਇਤਰਾਜ਼ ਨਹੀਂ (ਐੱਨਓਸੀ) ਦਾ ਪ੍ਰਮਾਣ ਪੱਤਰ ਨਹੀਂ ਲਿਆ ਗਿਆ ਸੀ। ਪੁਲਿਸ ਅਤੇ ਅੱਗ ਬੁਝਾਊ ਦਸਤੇ ਦੇ ਅਧਿਕਾਰੀਆਂ ਮੁਤਾਬਕ ਜ਼ਿਆਦਾਤਰ ਮੌਤਾਂ ਅੱਗ ਦੇ ਧੂੰਏਂ ‘ਚ ਸਾਹ ਘੁੱਟਣ ਕਰਕੇ ਹੋਈਆਂ ਹਨ ਕਿਉਂਕਿ ਤੜਕੇ 5.22 ਵਜੇ ਅੱਗ ਲੱਗਣ ਵੇਲੇ ਉਥੇ ਮਜ਼ਦੂਰ ਗੂੜ੍ਹੀ ਨੀਂਦ ਸੁੱਤੇ ਪਏ ਸਨ। ਅਧਿਕਾਰੀਆਂ ਮੁਤਾਬਕ ਅੱਗ ਇਮਾਰਤ ਦੀ ਦੂਜੀ ਮੰਜ਼ਿਲ ਤੋਂ ਸ਼ੁਰੂ ਹੋਈ। ਦਿੱਲੀ ਫਾਇਰ ਸਰਵਿਸ ਨੂੰ ਜਦੋਂ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਤੁਰੰਤ 30 ਗੱਡੀਆਂ ਮੌਕੇ ‘ਤੇ ਭੇਜੀਆਂ ਗਈਆਂ। ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਅਮਲੇ ਦੇ ਕਰੀਬ 150 ਜਵਾਨਾਂ ਨੇ ਇਮਾਰਤ ‘ਚੋਂ 63 ਵਿਅਕਤੀਆਂ ਨੂੰ ਬਾਹਰ ਕੱਢਿਆ। ਉਨ੍ਹਾਂ ਕਿਹਾ ਕਿ 43 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਹੋਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ‘ਚ ਇਕ ਬੱਚਾ ਵੀ ਸ਼ਾਮਲ ਹੈ। ਇਸ ਦੀ ਤਸਦੀਕ ਨਹੀਂ ਹੋ ਸਕੀ ਕਿ ਜ਼ਖ਼ਮੀ ਹੋਏ ਵਿਅਕਤੀ ਫੈਕਟਰੀਆਂ ਦੇ ਕਾਮੇ ਸਨ ਪਰ ਇਮਾਰਤ ‘ਚ ਸੁੱਤੇ ਪਏ ਬਹੁਤੇ ਲੋਕ ਮਜ਼ਦੂਰ ਸਨ ਜੋ ਉੱਤਰ ਪ੍ਰਦੇਸ਼ ਅਤੇ ਬਿਹਾਰ ਨਾਲ ਸਬੰਧਤ ਸਨ। ਗਲੀਆਂ ਭੀੜੀਆਂ ਹੋਣ ਕਰਕੇ ਅੱਗ ਬੁਝਾਊ ਦਸਤੇ ਨੂੰ ਬਚਾਅ ਕਾਰਜਾਂ ‘ਚ ਮੁਸ਼ਕਲਾਂ ਆਈਆਂ ਅਤੇ ਉਨ੍ਹਾਂ ਨੂੰ ਖਿੜਕੀਆਂ ਦੀਆਂ ਗਰਿੱਲਾਂ ਕੱਟ ਕੇ ਅੰਦਰ ਜਾਣਾ ਪਿਆ। ਮੁੱਢਲੀ ਜਾਂਚ ਮੁਤਾਬਕ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਜਾਪਦੀ ਹੈ। ਬਿਜਲੀ ਕੰਪਨੀ ਬੀਵਾਈਪੀਐੱਲ ਨੇ ਕਿਹਾ ਕਿ ਅੱਗ ‘ਅੰਦਰੂਨੀ ਪ੍ਰਣਾਲੀ’ ਵਿਚ ਖਾਮੀ ਕਾਰਨ ਲੱਗੀ। ਜ਼ਖ਼ਮੀ ਲੋਕਾਂ ਨੂੰ ਬਾਹਰ ਕੱਢ ਕੇ ਆਟੋ ਅਤੇ ਆਵਾਜਾਈ ਦੇ ਹੋਰ ਸਾਧਨਾਂ ਰਾਹੀਂ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ, ਰਾਮ ਮਨੋਹਰ ਲੋਹੀਆ ਤੇ ਹਿੰਦੂ ਰਾਓ ਹਸਪਤਾਲਾਂ ‘ਚ ਦਾਖ਼ਲ ਕਰਵਾਇਆ ਗਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਥੀ ਮੰਤਰੀਆਂ ਇਮਰਾਨ ਹੁਸੈਨ ਅਤੇ ਸਤਿੰਦਰ ਜੈਨ ਨਾਲ ਅੱਗ ਵਾਲੀ ਥਾਂ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਅਨਾਜ ਮੰਡੀ ‘ਚ ਅਗਨੀ ਕਾਂਡ ਦਾ ਦੁੱਖ ਹੈ।
ਮ੍ਰਿਤਕਾਂ ਦੇ ਵਾਰਸਾਂ ਤੇ ਜ਼ਖ਼ਮੀਆਂ ਲਈ ਮੁਆਵਜ਼ੇ ਦਾ ਐਲਾਨ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਤੇ ਜ਼ਖ਼ਮੀਆਂ ਦਾ ਮੁਫ਼ਤ ਤੇ ਇਕ-ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਦੋ-ਦੋ ਲੱਖ ਰੁਪਏ ਤੇ ਗੰਭੀਰ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਦਿੱਲੀ ਪ੍ਰਦੇਸ਼ ਭਾਜਪਾ ਵੱਲੋਂ ਵੀ ਮ੍ਰਿਤਕਾਂ ਦੇ ਪਰਿਵਾਰਾਂ ਲਈ 5-5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਪਣੇ ਸੂਬੇ ਨਾਲ ਸਬੰਧਤ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਵਿਤੀ ਮਦਦ ਦਾ ਐਲਾਨ ਕੀਤਾ ਹੈ।
ਫਾਇਰਮੈਨ ਨੇ ਬਚਾਈਆਂ 11 ਜਾਨਾਂ
ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਅਨਾਜ ਮੰਡੀ ਖੇਤਰ ਵਿਚ ਇਮਾਰਤ ਨੂੰ ਲੱਗੀ ਭਿਆਨਕ ਅੱਗ ‘ਤੇ ਕਾਬੂ ਪਾਉਣ ਲਈ ਅੱਗ ਬੁਝਾਊ ਦਸਤੇ ‘ਚ ਸ਼ਾਮਲ ਫਾਇਰਮੈਨ ਰਾਜੇਸ਼ ਸ਼ੁਕਲਾ ਨੇ ਬਹਾਦਰੀ ਦਾ ਨਮੂਨਾ ਪੇਸ਼ ਕੀਤਾ। ਭਾਂਬੜ ਬਣੀ ਇਮਾਰਤ ‘ਚ ਸੱਭ ਤੋਂ ਪਹਿਲਾਂ ਉਹ ਦਾਖ਼ਲ ਹੋਇਆ। ਫਾਇਰਮੈਨ ਰਾਜੇਸ਼ ਸ਼ੁਕਲਾ ਨੇ ਜ਼ਹਿਰੀਲੇ ਧੂੰਏਂ ਦੀ ਪ੍ਰਵਾਹ ਨਾ ਕਰਦਿਆਂ ਆਪਣੀ ਜਾਨ ‘ਤੇ ਖੇਡਦਿਆਂ 11 ਜਾਨਾਂ ਬਚਾਈਆਂ। ਬਚਾਅ ਕਾਰਜਾਂ ਦੌਰਾਨ ਉਸ ਦੀਆਂ ਲੱਤਾਂ ‘ਤੇ ਸੱਟਾਂ ਲੱਗੀਆਂ ਹਨ ਅਤੇ ਉਹ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਹੁਣ ਇਸ ‘ਅਸਲ ਨਾਇਕ’ ਦੀ ਕਾਫ਼ੀ ਪ੍ਰਸ਼ੰਸਾ ਹੋ ਰਹੀ ਹੈ। ਦਿੱਲੀ ਦੇ ਮੰਤਰੀ ਸਤਿੰਦਰ ਜੈਨ ਨੇ ਹਸਪਤਾਲ ਵਿੱਚ ਉਸ ਨਾਲ ਮੁਲਾਕਾਤ ਕੀਤੀ ਅਤੇ ਉਸ ਦੀ ਬਹਾਦਰੀ ਦੇ ਸੋਹਲੇ ਗਾਏ। ਜੈਨ ਨੇ ਟਵੀਟ ਕੀਤਾ, ”ਫਾਇਰਮੈਨ ਰਾਜੇਸ਼ ਸ਼ੁਕਲਾ ਅਸਲ ਨਾਇਕ ਹਨ। ਉਹ ਇਮਾਰਤ ਵਿਚ ਸਭ ਤੋਂ ਪਹਿਲਾਂ ਦਾਖ਼ਲ ਹੋਣ ਅਤੇ 11 ਜਾਨਾਂ ਬਚਾਉਣ ਵਾਲਾ ਫਾਇਰਮੈਨ ਹੈ। ਸੱਟਾਂ ਲੱਗਣ ਦੇ ਬਾਵਜੂਦ ਉਸ ਨੇ ਆਪਣੇ ਕੰਮ ਨੂੰ ਅੰਜਾਮ ਤੱਕ ਪਹੁੰਚਾਇਆ। ਮੈਂ ਇਸ ਬਹਾਦਰ ਨਾਇਕ ਨੂੰ ਸਲਾਮ ਕਰਦਾ ਹਾਂ।” ਉਨ੍ਹਾਂ ਰਾਜੇਸ਼ ਸ਼ੁਕਲਾ ਨਾਲ ਮੁਲਾਕਾਤ ਦੀ ਇੱਕ ਤਸਵੀਰ ਵੀ ਟਵੀਟ ਕੀਤੀ ਹੈ।

Check Also

ਖੇਤੀ ਕਾਨੂੰਨਾਂ ਖਿਲਾਫ ਦਿੱਲੀ ’ਚ ਰੋਸ ਮਾਰਚ ਕਰਨ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਮਿਲੀ ਇਜਾਜ਼ਤ

ਭਲਕੇ 17 ਸਤੰਬਰ ਨੂੰ ਕੀਤਾ ਜਾਣਾ ਸੀ ਰੋਸ ਮਾਰਚ ਨਵੀਂ ਦਿੱਲੀ/ਬਿਊਰੋ ਨਿਊਜ਼ ਖੇਤੀ ਕਾਨੂੰਨਾਂ ਖਿਲਾਫ …