Breaking News
Home / ਭਾਰਤ / ਦਿੱਲੀ ਗੁਰਦੁਆਰਾ ਚੋਣਾਂ ‘ਚ ਪੰਥਕ ਮੁੱਦਿਆਂ ਤੋਂ ਦੂਸ਼ਣਬਾਜ਼ੀ ‘ਤੇ ਵੱਧ ਜ਼ੋਰ

ਦਿੱਲੀ ਗੁਰਦੁਆਰਾ ਚੋਣਾਂ ‘ਚ ਪੰਥਕ ਮੁੱਦਿਆਂ ਤੋਂ ਦੂਸ਼ਣਬਾਜ਼ੀ ‘ਤੇ ਵੱਧ ਜ਼ੋਰ

ਮਰਿਆਦਾ ਦੀ ਹੱਦ ਲੰਘ ਰਹੇ ਹਨ ਉਮੀਦਵਾਰ, ਕੋਈ ਨਹੀਂ ਕਿਸੇ ਤੋਂ ਘੱਟ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਪੀਸੀ) ਚੋਣਾਂ ਲਈ ਪ੍ਰਚਾਰ ਮੁਹਿੰਮ ਸਿਖਰ ‘ਤੇ ਹੈ। ਪ੍ਰਚਾਰ ਮੁਹਿੰਮ ਦੇਖ ਕੇ ਨਹੀਂ ਲੱਗ ਰਿਹਾ ਕਿ ਇਹ ਧਾਰਮਿਕ ਸੰਸਥਾ ਦੀ ਚੋਣ ਹੈ ਕਿਉਂਕਿ ਇਸ ‘ਤੇ ਪੂਰੀ ਤਰ੍ਹਾਂ ਨਾਲ ਸਿਆਸੀ ਰੰਗ ਚੜ੍ਹਿਆ ਹੋਇਆ ਹੈ। ਧਾਰਮਿਕ ਮੁੱਦਿਆਂ ਤੋਂ ਜ਼ਿਆਦਾ ਦੂਸ਼ਣਬਾਜ਼ੀ ਦੇ ਸਹਾਰੇ ਜਿੱਤ ਹਾਸਿਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਸ ‘ਚ ਕੋਈ ਵੀ ਪਿੱਛੇ ਨਹੀਂ ਹੈ। ਸਾਰੇ ਇਕ ਦੂਜੇ ‘ਤੇ ਗੰਭੀਰ ਦੋਸ਼ ਲਗਾ ਰਹੇ ਹਨ।
ਇਕ ਦੂਜੇ ਨੂੰ ਹੇਠਾਂ ਦਿਖਾਉਣ ਦੀ ਮੁਹਿੰਮ ਵਿਚ ਨੇਤਾ ਮਰਿਆਦਾ ਵੀ ਲੰਘ ਰਹੇ ਹਨ। ਉਹ ਇਕ ਦੂਜੇ ਦੇ ਪਰਿਵਾਰ ਨੂੰ ਵੀ ਇਸ ਵਿਚ ਘੜੀਸਨ ਤੋਂ ਪਿੱਛੇ ਨਹੀਂ ਰਹਿ ਰਹੇ। ਇਸ ਨੂੰ ਲੈ ਕੇ ਪੋਸਟਰ ਬੈਨਰ ਵੀ ਲਗਾਏ ਜਾ ਰਹੇ ਹਨ। ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮਾਫ਼ੀ ਦਿਵਾਉਣ ਦਾ ਮਾਮਲਾ ਹੋਵੇ ਜਾਂ ਫਿਰ ਡੀਐੱਸਜੀਪੀਸੀ ਵਿਚ ਭ੍ਰਿਸ਼ਟਾਚਾਰ ਦੇ ਪੁਰਾਣੇ ਦੋਸ਼, ਸਾਰਿਆਂ ਨੂੰ ਇਕ ਵਾਰੀ ਫਿਰ ਤੋਂ ਉਠਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਇਸੇ ਤਰ੍ਹਾਂ ਪੰਜਾਬ ਦੀਆਂ ਘਟਨਾਵਾਂ ਉਛਾਲ ਕੇ ਅਕਾਲੀ ਦਲ ਬਾਦਲ ਨੂੰ ਕਟਹਿਰੇ ਵਿਚ ਖੜਾ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਅਕਾਲੀ ਦਲ (ਸਰਨਾ) ਸਾਰੇ 46 ਵਾਰਡਾਂ ਵਿਚ ਚੋਣ ਲੜ ਰਹੇ ਹਨ। ਉਥੇ ਪੰਥਕ ਸੇਵਾ ਦਲ ਨੇ 39, ਅਕਾਲ ਸਹਾਏ ਵੈਲਫੇਅਰ ਸੁਸਾਇਟੀ ਨੇ 11 ਅਤੇ ਆਮ ਅਕਾਲੀ ਦਲ ਨੇ 9 ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਹੈ। ਇਸ ਤਰ੍ਹਾਂ ਨਾਲ ਜ਼ਿਆਦਾਤਰ ਸੀਟਾਂ ‘ਤੇ ਮੁੱਖ ਮੁਕਾਬਲਾ ਬਾਦਲ ਅਤੇ ਸਰਨਾ ਗੁੱਟ ਵਿਚ ਹੈ। ਇਸ ਲਈ ਪ੍ਰਚਾਰ ਮੁਹਿੰਮ ‘ਚ ਵੀ ਇਨ੍ਹਾਂ ਪਾਰਟੀਆਂ ਦਾ ਜ਼ੋਰ ਦਿਖ ਰਿਹਾ ਹੈ। ਬਾਦਲ ਗੁੱਟ ਦਾ ਇਸ ਸਮੇਂ ਡੀਐੱਸਜੀਪੀਸੀ ‘ਤੇ ਕਬਜ਼ਾ ਹੈ। ਇਸ ਦੇ ਨੇਤਾਵਾਂ ਨੇ ਐਲਾਨ ਕੀਤਾ ਸੀ ਕਿ ਉਹ ਪਿਛਲੇ ਚਾਰਾ ਸਾਲਾਂ ‘ਚ ਕੀਤੇ ਕੰਮਾਂ ਦੇ ਆਧਾਰ ‘ਤੇ ਸੰਗਤ ‘ਚ ਜਾ ਕੇ ਵੋਟਾਂ ਮੰਗਣਗੇ ਪਰ ਹਕੀਕਤ ਇਸ ਤੋਂ ਉਲਟ ਹੈ। ਇਸ ਦੇ ਨੇਤਾ ਡੀਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ‘ਤੇ ਜ਼ਬਰਦਸਤ ਹਮਲਾ ਕਰ ਰਹੇ ਹਨ। ਇਸ ਬਾਰੇ ਅਕਾਲੀ ਦਲ ਬਾਦਲ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਕਹਿਣਾ ਹੈ ਕਿ ਉਹ ਕੰਮ ਨੂੰ ਆਧਾਰ ਬਣਾ ਕੇ ਸੰਗਤ ਤੋਂ ਹਮਾਇਤ ਮੰਗ ਰਹੇ ਹਨ ਪਰ ਜੇਕਰ ਉਨ੍ਹਾਂ ‘ਤੇ ਕੋਈ ਦੋਸ਼ ਲਗਾਏਗਾ ਤਾਂ ਉਸ ਦਾ ਜਵਾਬ ਦੇਣਾ ਜ਼ਰੂਰੀ ਹੈ। ਦੂਜੇ ਪਾਸੇ ਪਰਮਜੀਤ ਸਿੰਘ ਸਰਨਾ ਦਾ ਕਹਿਣਾ ਹੈ ਕਿ ਬਾਦਲ ਗੁੱਟ ਨੇ ਪਿਛਲੀਆਂ ਚੋਣਾਂ ਵਿਚ ਵੀ ਉਨ੍ਹਾਂ ਖ਼ਿਲਾਫ਼ ਬੇਬੁਨਿਆਦ ਦੋਸ਼ ਲਗਾਏ ਸਨ ਜਿਸ ਵਿਚੋਂ ਇਕ ਵੀ ਸਾਬਿਤ ਨਹੀਂ ਹੋ ਸਕਿਆ। ਕਮੇਟੀ ਦੇ ਅਹੁਦੇਦਾਰ ਭ੍ਰਿਸ਼ਟਾਚਾਰ ਵਿਚ ਡੁੱਬੇ ਹੋਏ ਹਨ। ਵਿੱਤੀ ਬੇਨਿਯਮੀ ਸਾਹਮਣੇ ਆਉਣੀ ਚਾਹੀਦੀ ਹੈ। ਇਸੇ ਤਰ੍ਹਾਂ ਨਾਲ ਗੁਰਦੁਆਰਾ ਚੋਣਾਂ ਵਿਚ ਪਹਿਲੀ ਵਾਰੀ ਉਤਰੇ ਪੰਥਕ ਸੇਵਾ ਦਲ ਦੇ ਨੇਤਾ ਵੀ ਦੂਸ਼ਣਬਾਜ਼ੀ ਦੀ ਲੜਾਈ ਵਿਚ ਪਿੱਛੇ ਨਹੀਂ ਹਨ। ਇਸ ਦੇ ਜਨਰਲ ਸਕੱਤਰ ਕਰਤਾਰ ਸਿੰਘ ਕੋਛਰ ਦਾ ਕਹਿਣਾ ਹੈ ਕਿ ਸਰਨਾ ਅਤੇ ਬਾਦਲ ਗੁੱਟ ਆਪਸ ਵਿਚ ਮਿਲੇ ਹੋਏ ਹਨ। ਇਹੀ ਕਾਰਨ ਹੈ ਕਿ ਸਰਨਾ ਦੇ ਕਾਰਜ ਕਾਲ ਵਿਚ ਹੋਏ ਭ੍ਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਨਹੀਂ ਲਿਆਂਦੇ ਗਏ। ਉੱਥੇ ਇਸ ਤੋਂ ਆਮ ਸੰਗਤ ਦੁਖੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਦੁਆਰਾ ਚੋਣਾਂ ਵਿਚ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਹੈ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …