Breaking News
Home / ਭਾਰਤ / ਆਰ ਐਸ ਐਸ ਵੱਲੋਂ ਮਨਾਏ ਗਏ ਪ੍ਰਕਾਸ਼ ਉਤਸਵ ਨੇ ਅਕਾਲੀ-ਭਾਜਪਾ ਦੇ ਰਿਸ਼ਤਿਆਂ ‘ਚ ਘੋਲੀ ਕੁੜੱਤਣ

ਆਰ ਐਸ ਐਸ ਵੱਲੋਂ ਮਨਾਏ ਗਏ ਪ੍ਰਕਾਸ਼ ਉਤਸਵ ਨੇ ਅਕਾਲੀ-ਭਾਜਪਾ ਦੇ ਰਿਸ਼ਤਿਆਂ ‘ਚ ਘੋਲੀ ਕੁੜੱਤਣ

ਟੁੱਟੇਗਾ ਨਹੁੰ-ਮਾਸ ਦਾ ਰਿਸ਼ਤਾ?
ਸੰਘ ਧਾਰਮਿਕਤਾ ਦੀ ਆੜ ‘ਚ ਲੜਨਾ ਚਾਹੁੰਦੈ ਐਸ ਜੀ ਪੀ ਸੀ ਚੋਣਾਂ : ਪ੍ਰੋ. ਬਡੂੰਗਰ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਿੱਖ ਇਕਾਈ ਰਾਸ਼ਟਰੀ ਸਿੱਖ ਸੰਗਤ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਮਨਾਉਣ ਨੂੰ ਲੈ ਕੇ ਭਾਜਪਾ ਤੇ ਅਕਾਲੀ ਦਲ ਦੇ ਰਾਹ ਵੱਖਰੇ ਵੀ ਹੋ ਸਕਦੇ ਹਨ। ਨਵੀਂ ਦਿੱਲੀ ਵਿਖੇ ਸੰਘ ਦੇ ਵਿੰਗ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ਤੋਂ ਸਿੱਖਾਂ ਨੇ ਜਿੱਥੇ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ, ਉਥੇ ਹੀ ਪੰਥ ਦੇ ਦਬਾਅ ਹੇਠ ਭਾਜਪਾ ਦੀ ਭਾਈਵਾਲ ਅਕਾਲੀ ਦਲ ਦੇ ਲੀਡਰਾਂ ਨੇ ਅਤੇ ਅਕਾਲੀ ਦਲ ਦੇ ਆਖੇ ‘ਤੇ ਚੱਲਣ ਵਾਲੇ ਜਥੇਦਾਰ ਸਾਹਿਬਾਨ ਨੇ ਵੀ ਇਸ ਸਮਾਗਮ ਤੋਂ ਦੂਰੀ ਬਣਾ ਲਈ। ਇਹੋ ਨਹੀਂ 2004 ਦੇ ਹੁਕਮਨਾਮੇ ਨੂੰ ਮੂਹਰੇ ਰੱਖਦਿਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇਹ ਬਿਆਨ ਵੀ ਆਇਆ ਕਿ ਸੰਘ ਅਜਿਹੇ ਧਾਰਮਿਕ ਸਮਾਗਮਾਂ ਦੀ ਆੜ ਵਿਚ ਪੰਥਕ ਮਾਮਲਿਆਂ ਵਿਚ ਦਖਲ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਸੰਘ ‘ਤੇ ਇਹ ਦੋਸ਼ ਲਗਦੇ ਰਹੇ ਹਨ ਕਿ ਉਹ ਸਿੱਖ ਮਾਮਲਿਆਂ ਵਿਚ ਸਮੇਂ-ਸਮੇਂ ਸਿੱਧੇ ਅਤੇ ਅਸਿੱਧੇ ਰੂਪ ਵਿਚ ਦਖਲ ਦੇਣ ਦੀਆਂ ਕੋਸ਼ਿਸ਼ਾਂ ਕਰਦਾ ਹੈ। ਇਸ ਸਮਾਗਮ ਵਿਚ ਵੀ ਜਾਂ ਤਾਂ ਭਾਜਪਾ ਨਾਲ ਸਬੰਧਤ ਸਿੱਖ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ ਜਾਂ ਫਿਰ ਵੱਡੀ ਗਿਣਤੀ ਵਿਚ ਨਾਮਧਾਰੀ ਭਾਈਚਾਰਾ ਸ਼ਾਮਿਲ ਹੋਇਆ। ਬਾਕੀ ਮੌਜੂਦ ਸੰਘ ਪੱਖੀ ਲੋਕਾਂ ਨੂੰ ਸਿਰਾਂ ‘ਤੇ ਪੀਲੇ ਸਾਫ਼ੇ ਬੰਨ੍ਹਾ ਕੇ ਸਮਾਗਮ ‘ਚ ਬਿਠਾਇਆ ਗਿਆ ਜਦੋਂਕਿ ਇਸ ਸਮਾਗਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੀ ਨਹੀਂ ਗਿਆ, ਭਾਵ ਪੰਥਕ ਮਰਿਆਦਾ ਵੀ ਸੰਘ ਦੇ ਇਸ ਪ੍ਰਕਾਸ਼ ਉਤਸਵ ਸਮਾਗਮ ‘ਚੋਂ ਗਾਇਬ ਸੀ ਤੇ ਪੰਥਕ ਲੋਕ ਵੀ ਸ਼ਾਮਲ ਨਾ ਹੋਏ। ਇਥੋਂ ਤੱਕ ਕਿ ਬਾਦਲਾਂ ਨੇ ਤੇ ਉਨ੍ਹਾਂ ਦੇ ਆਗੂਆਂ ਨੇ ਜਿੱਥੇ ਸਮਾਗਮ ਦਾ ਬਾਈਕਾਟ ਕੀਤਾ, ਉਥੇ ਹੀ ਦਿੱਲੀ ਕਮੇਟੀ, ਤੇ ਸ਼੍ਰੋਮਣੀ ਕਮੇਟੀ ਵੀ ਸਮਾਗਮ ਤੋਂ ਦੂਰ ਹੀ ਰਹੀ। ਇਹੋ ਨਹੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਤਾਂ ਆਖ ਦਿੱਤਾ ਕਿ ਸੰਘ ਧਾਰਮਿਕਤਾ ਦੀ ਆੜ ਵਿਚ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਦੀ ਇੱਛੁਕ ਹੈ। ਅਜਿਹੇ ‘ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਥੇਦਾਰ ਸਾਹਿਬਾਨਾਂ ਦਾ ਸੰਘ ਦੇ ਸਮਾਗਮ ਤੋਂ ਦੂਰੀ ਬਣਾਉਣਾ, ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਬਾਗੀ ਸੁਰ ਅਪਣਾਉਣਾ, ਸੰਕੇਤ ਹੈ ਕਿ ਸਭ ਕੁਝ ਅਕਾਲੀ ਦਲ ਦੇ ਇਸ਼ਾਰੇ ‘ਤੇ ਹੀ ਹੋ ਰਿਹਾ ਹੋਵੇਗਾ। ਇਸ ਲਈ ਸਿਆਸੀ ਗਲਿਆਰਿਆਂ ਵਿਚ ਚਰਚਾ ਛਿੜ ਗਈ ਹੈ ਕਿ ਸੰਘ ਦੇ ਇਸ ਸਮਾਗਮ ਨੇ ਅਕਾਲੀ-ਭਾਜਪਾ ਦੇ ਰਿਸ਼ਤਿਆਂ ਵਿਚ ਜਿੱਥੇ ਕੁੜੱਤਣ ਭਰ ਦਿੱਤੀ ਹੈ, ਉਥੇ ਜਿਸ ਗੱਠਜੋੜ ਨੂੰ ਪ੍ਰਕਾਸ਼ ਸਿੰਘ ਬਾਦਲ ਨਹੁੰ-ਮਾਸ ਦਾ ਰਿਸ਼ਤਾ ਦੱਸਦੇ ਸਨ, ਉਹ ਰਿਸ਼ਤਾ ਵੀ ਦਮ ਤੋੜਦਾ ਨਜ਼ਰ ਆਉਣ ਲੱਗਾ ਹੈ।

 

Check Also

ਦਿੱਲੀ ਦੀ ਆਬੋ-ਹਵਾ ਬੇਹੱਦ ਖਰਾਬ ਸਥਿਤੀ ਵਿਚ ਪਹੁੰਚੀ

ਸਰਕਾਰੀ ਦਫ਼ਤਰਾਂ ਦਾ ਟਾਈਮ ਟੇਬਲ ਬਦਲਿਆ, ਸਕੂਲਾਂ ’ਚ 6ਵੀਂ ਕਲਾਸ ਤੋਂ ਮਾਸਕ ਕੀਤਾ ਜ਼ਰੂਰੀ ਨਵੀਂ …