
ਕਿਹਾ : ਵਿਧਾਇਕਾਂ ਦੀ ਮਨੀ ਟ੍ਰੇਲ ਦੀ ਜਾਂਚ ਕਰਵਾਓ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ’ਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਲੰਘੇ ਦਿਨ ਅਕਾਲੀ ਦਲ ਅਤੇ ਕਾਂਗਰਸ ਨੂੰ ਨਸ਼ਿਆਂ ਲਈ ਜ਼ਿੰਮੇਵਾਰ ਦੱਸਦਿਆਂ ਦੋਹਾਂ ਹੀ ਪਾਰਟੀਆਂ ਦੇ ਆਗੂਆਂ ਦੇ ਡੋਪ ਟੈਸਟ ਕਰਵਾਉਣ ਦੀ ਗੱਲ ਕਹੀ ਸੀ। ਇਸਦੇ ਚੱਲਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਡੋਪ ਟੈਸਟ ਤਾਂ ਛੋਟੀ ਗੱਲ ਹੈ। ਉਨ੍ਹਾਂ ਸੀਐਮ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਚੈਲੰਜ ਕੀਤਾ ਹੈ ਕਿ ਪਹਿਲਾਂ ‘ਆਪ’ ਦੇ ਸਾਰੇ ਪ੍ਰਧਾਨਾਂ, ਨੇਤਾਵਾਂ ਅਤੇ ਵਿਧਾਇਕਾਂ ਦੀ ਮਨੀ ਟ੍ਰੇਲ ਦੀ ਜਾਂਚ ਕਰਵਾਓ ਅਤੇ ਇਸਦਾ ਜਿੰਮਾ ਈ.ਡੀ. ਨੂੰ ਸੌਂਪਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਸਭ ਸਾਹਮਣੇ ਆ ਜਾਵੇਗਾ ਕਿ ਇਨ੍ਹਾਂ ਕੋਲ ਪੈਸਾ ਕਿੱਥੋਂ ਆਇਆ ਹੈ।