
ਕਿਹਾ : ‘ਆਪ’ ਸਰਕਾਰ ਬਣੀ ਹੁਣ ਤੱਕ ਦੀ ਸਭ ਤੋਂ ਕਰਜ਼ਦਾਰ ਸਰਕਾਰ
ਜਲੰਧਰ/ਬਿਊਰੋ ਨਿਊਜ਼
ਜਲੰਧਰ ਕੈਂਟ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਪਰਗਟ ਸਿੰਘ ਨੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਦੀ ਆਲੋਚਨਾ ਕੀਤੀ ਹੈ। ਪਰਗਟ ਸਿੰਘ ਨੇ ਪੰਜਾਬ ਦੀ ‘ਆਪ’ ਸਰਕਾਰ ਨੂੰ ਹੁਣ ਤੱਕ ਦੀ ਸਭ ਤੋਂ ਕਰਜ਼ਦਾਰ ਸਰਕਾਰ ਦੱਸਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਿਛਲੇ ਹੀ ਮਹੀਨੇ ‘ਆਪ’ ਸਰਕਾਰ ਨੇ ਕਰੀਬ ਇਕ ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜ਼ਾ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਰਗਟ ਸਿੰਘ ਨੇ ਕਿਹਾ ਸੀ ਕਿ ਦਿੱਲੀ ਚੋਣਾਂ ਹਾਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਟੀਮ ਨੂੰ ਲਗਾਤਾਰ ਪੰਜਾਬ ਸਰਕਾਰ ਦੇ ਵਿਭਾਗਾਂ ਵਿਚ ਫਿੱਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਪਰੈਲ ਮਹੀਨੇ ’ਚ ਪੰਜਾਬ ਸਰਕਾਰ ਦੀ ਮੀਡੀਆ ਏਜੰਸੀ ਵਿਚੋਂ ਪੰਜਾਬੀ ਲੜਕੇ-ਲੜਕੀਆਂ ਦੀ ਛੁੱਟੀ ਕਰ ਦਿੱਤੀ ਗਈ ਸੀ। ਪਰਗਟ ਸਿੰਘ ਨੇ ਆਰੋਪ ਲਗਾਉਂਦਿਆਂ ਕਿਹਾ ਸੀ ਕਿ ਹੁਣ ਪੰਜਾਬ ਸਰਕਾਰ ਦੀ ਇਸੇ ਮੀਡੀਆ ਏਜੰਸੀ ਵਿਚ ਦਿੱਲੀ ਤੋਂ 120 ਤੋਂ ਜ਼ਿਆਦਾ ਵਿਅਕਤੀਆਂ ਦੀ ਭਰਤੀ ਕੀਤੀ ਗਈ ਹੈ।