
ਪੰਜਾਬ ’ਚ ਹੁਣ 45 ਦਿਨਾਂ ਦੇ ਅੰਦਰ ਕੋਈ ਵੀ ਇੰਡਸਟਰੀ ਲਗਾਉਣ ਦੀ ਮਿਲ ਜਾਵੇਗੀ ਮਨਜੂਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ‘ਫਾਸਟ ਟਰੈਕ ਪੰਜਾਬ ਪੋਰਟਲ’ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਚੰਡੀਗੜ੍ਹ ਵਿਚ ਬੋਲਦੇ ਹੋਏ ਸੀਐਮ ਮਾਨ ਨੇ ਕਿਹਾ ਕਿ ਇਸ ਨਾਲ ਪੰਜਾਬ ਦੀ ਇੰਡਸਟਰੀ ਨੂੰ ਵੱਡਾ ਲਾਭ ਮਿਲੇਗਾ ਤੇ ਸੂਬੇ ਵਿਚ ਇੰਡਸਟਰੀ ਲਾਉਣੀ ਅਸਾਨ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਹੁਣ 45 ਦਿਨਾਂ ਦੇ ਅੰਦਰ ਕੋਈ ਵੀ ਇੰਡਸਟਰੀ ਲਗਾਉਣ ਦੀ ਮਨਜੂਰੀ ਮਿਲ ਜਾਵੇਗੀ। ਇਸ ਮੌਕੇ ਮਾਨ ਨੇ ਕਿਹਾ ਕਿ ਅੱਜ ਦਾ ਫੈਸਲਾ ਬੜੀ ਦੇਰ ਤੋਂ ਉਡੀਕਿਆ ਜਾ ਰਿਹਾ ਸੀ ਅਤੇ ਇਸ ਫੈਸਲੇ ਨੇ ਸੂਬੇ ਵਿਚ ਇੰਡਸਟਰੀ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿਚ ਇੰਡਸਟਰੀ ਲੱਗੇਗੀ ਤਾਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਨਸ਼ੇ ਖਤਮ ਹੋਣਗੇ। ਮੁੱਖ ਮੰਤਰੀ ਨੇ ਕਾਰੋਬਾਰੀਆਂ ਨੂੰ ਵੱਧ ਤੋਂ ਵੱਧ ਇਸ ਪੋਰਟਲ ਦਾ ਫਾਇਦਾ ਚੁੱਕਣ ਲਈ ਕਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਸੀਂ ਇੰਡਸਟਰੀ ਵਿਚ ਵੀ ਮੋਹਰੀ ਸੂਬਾ ਬਣਾਉਣਾ ਹੈ।