
ਗੈਰਕਾਨੂੰਨੀ ਪਰਵਾਸੀਆਂ ਨੂੰ ਬਾਹਰ ਕੱਢਣ ਦੇ ਫੈਸਲੇ ਖਿਲਾਫ ਹੋ ਰਹੇ ਪ੍ਰਦਰਸ਼ਨ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਸੂਬੇ ਕੈਲੀਫੋਰਨੀਆ ਦੇ ਲਾਸ ਏਂਜਲਸ ਵਿਚ ਲੰਘੇ 4 ਦਿਨਾਂ ਤੋਂ ਜਾਰੀ ਰੋਸ ਪ੍ਰਦਰਸ਼ਨ ਦੇ ਚੱਲਦਿਆਂ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਹ ਹਿੰਸਕ ਪ੍ਰਦਰਸ਼ਨ ਗੈਰ ਕਾਨੂੰਨੀ ਪਰਵਾਸੀਆਂ ਨੂੰ ਬਾਹਰ ਕੱਢਣ ਦੇ ਫੈਸਲੇ ਖਿਲਾਫ ਹੋ ਰਹੇ ਹਨ। ਇਸ ਪ੍ਰਦਰਸ਼ਨ ਨੂੰ ਕਾਬੂ ਕਰਨ ਦੇ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ 2,000 ਨੈਸ਼ਨਲ ਗਾਰਡਸ ਹੋਰ ਤੈਨਾਤ ਕਰਨ ਦਾ ਫੈਸਲਾ ਲਿਆ ਹੈ। ਜਿਸ ਨਾਲ ਨੈਸ਼ਨਲ ਗਾਰਡਸ ਦੀ ਗਿਣਤੀ 4,000 ਹੋ ਜਾਵੇਗੀ। ਇਸ ਤੋਂ ਇਲਾਵਾ 700 ਮਰੀਨ ਕਮਾਂਡੋ ਵੀ ਤੈਨਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮਰੀਨ ਕਮਾਂਡੋ ਨੈਸ਼ਨਲ ਗਾਰਡ ਨਾਲ ਮਿਲ ਕੇ ਸੁਰੱਖਿਆ ਵਿਵਸਥਾ ਦਾ ਕੰਮ ਵੀ ਸੰਭਾਲਣਗੇ। ਇਸ ਤੋਂ ਪਹਿਲਾਂ ਟਰੰਪ ਨੇ ਲਾਸ ਏਂਜਲਸ ਵਿਚ ਫੈਲੀ ਹਿੰਸਾ ਅਤੇ ਭੰਨਤੋੜ ਦੇ ਬਾਅਦ ਇੱਥੇ ਤੈਨਾਤ ਕੀਤੇ ਗਏ ਨੈਸ਼ਨਲ ਗਾਰਡ ਦੇ ਜਵਾਨਾਂ ਦੀ ਤਾਰੀਫ ਕੀਤੀ। ਇਹ ਜਵਾਨ ਆਮ ਤੌਰ ’ਤੇ ਸੂਬਿਆਂ ਦੇ ਰਾਜਪਾਲਾਂ ਦੇ ਨਿਰਦੇਸ਼ ’ਤੇ ਹੀ ਬੁਲਾਏ ਜਾਂਦੇ ਹਨ, ਪਰ ਇਸ ਵਾਰ ਟਰੰਪ ਨੇ ਖੁਦ ਹੀ ਉਨ੍ਹਾਂ ਦੀ ਤੈਨਾਤੀ ਕਰ ਦਿੱਤੀ ਹੈ।