10.3 C
Toronto
Saturday, November 8, 2025
spot_img
Homeਦੁਨੀਆਪਾਕਿਸਤਾਨ ਗਈ ਅੰਜੂ ਬਣੀ ਫਾਤਿਮਾ

ਪਾਕਿਸਤਾਨ ਗਈ ਅੰਜੂ ਬਣੀ ਫਾਤਿਮਾ

ਫੇਸਬੁੱਕ ਦੋਸਤ ਨਾਲ ਕਰਾਇਆ ਵਿਆਹ
ਪਿਸ਼ਾਵਰ : ਵਿਆਹੁਤਾ ਭਾਰਤੀ ਔਰਤ ਅੰਜੂ, ਜੋ ਕਿ ਕਾਨੂੰਨੀ ਢੰਗ ਨਾਲ ਪਾਕਿਸਤਾਨ ਗਈ ਸੀ, ਨੇ ਉੱਥੇ ਆਪਣੇ ਫੇਸਬੁੱਕ ਦੋਸਤ ਪਾਕਿਸਤਾਨੀ ਨਾਗਰਿਕ ਨਾਲ ਵਿਆਹ ਕਰਵਾ ਲਿਆ ਹੈ। ਅੰਜੂ ਦੇ ਦੋ ਬੱਚੇ ਭਾਰਤ ਵਿਚ ਹਨ ਤੇ ਵਿਆਹ ਕਰਾਉਣ ਤੋਂ ਪਹਿਲਾਂ ਉਸ ਨੇ ਇਸਲਾਮ ਕਬੂਲ ਕੀਤਾ ਹੈ। ਇਸਲਾਮ ਕਬੂਲ ਕਰਨ ਤੋਂ ਬਾਅਦ ਉਹ ਅੰਜੂ ਤੋਂ ਫਾਤਿਮਾ ਹੋ ਗਈ ਹੈ। ਅੰਜੂ (34) ਆਪਣੇ 29 ਸਾਲਾ ਪਾਕਿਸਤਾਨੀ ਦੋਸਤ ਨਸਰੁੱਲ੍ਹਾ ਦੇ ਘਰ ਰਹਿ ਰਹੀ ਹੈ। ਉਹ ਸੰਨ 2019 ਵਿਚ ਫੇਸਬੁੱਕ ਰਾਹੀਂ ਇਕ-ਦੂਜੇ ਦੇ ਸੰਪਰਕ ਵਿਚ ਆਏ ਸਨ। ਅੱਪਰ ਦੀਰ ਜ਼ਿਲ੍ਹੇ ਦੀ ਪੁਲਿਸ ਨੇ ਦੱਸਿਆ ਕਿ ਨਸਰੁੱਲ੍ਹਾ ਤੇ ਅੰਜੂ ਦਾ ਨਿਕਾਹ ਉਸ ਵੱਲੋਂ ਇਸਲਾਮ ਕਬੂਲਣ ਤੋਂ ਬਾਅਦ ਸਿਰੇ ਚੜ੍ਹ ਗਿਆ ਹੈ। ਦੋਵੇਂ ਨਸਰੁੱਲ੍ਹਾ ਦੇ ਪਰਿਵਾਰਕ ਮੈਂਬਰਾਂ ਨਾਲ ਦੀਰ ਬਾਲਾ ਦੀ ਜ਼ਿਲ੍ਹਾ ਅਦਾਲਤ ਗਏ। ਮਲਕੰਦ ਡਿਵੀਜ਼ਨ ਦੇ ਡੀਆਈਜੀ ਨਸੀਰ ਮਹਿਮੂਦ ਸੱਤੀ ਨੇ ਨਿਕਾਹ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮਹਿਲਾ ਨੂੰ ਕੋਰਟ ਤੋਂ ਪੁਲਿਸ ਸੁਰੱਖਿਆ ਹੇਠ ਘਰ ਲਿਆਂਦਾ ਗਿਆ। ਇਸ ਤੋਂ ਪਹਿਲਾਂ ਨਸਰੁੱਲ੍ਹਾ ਤੇ ਅੰਜੂ ਸਖ਼ਤ ਸੁਰੱਖਿਆ ਹੇਠ ਸੈਰ-ਸਪਾਟੇ ਲਈ ਬਾਹਰ ਗਏ ਸਨ। ਉਨ੍ਹਾਂ ਦੀਰ ਅੱਪਰ ਜ਼ਿਲ੍ਹੇ ਨੂੰ ਚਿਤਰਾਲ ਨਾਲ ਜੋੜਦੀ ਲਵਾਰੀ ਸੁਰੰਗ ਦੇਖੀ।
ਅੰਜੂ ਯੂਪੀ ਦੇ ਪਿੰਡ ਦੀ ਜੰਮਪਲ ਹੈ ਤੇ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਰਹੀ ਸੀ। ਇਕ ਵੀਡੀਓ ਸਾਂਝੀ ਕਰਦਿਆਂ ਉਸ ਨੇ ਕਿਹਾ, ‘ਮੈਂ ਪਾਕਿਸਤਾਨ ਵਿਚ ਸੁਰੱਖਿਅਤ ਮਹਿਸੂਸ ਕਰਦੀ ਹਾਂ। ਕਾਨੂੰਨੀ ਢੰਗ ਤੇ ਪੂਰੀ ਯੋਜਨਾਬੰਦੀ ਨਾਲ ਇੱਥੇ ਆਈ ਹਾਂ, ਅਜਿਹਾ ਨਹੀਂ ਹੈ ਕਿ ਮੈਂ ਦੋ ਦਿਨਾਂ ਵਿਚ ਅਚਾਨਕ ਇੱਥੇ ਆ ਗਈ। ਮੈਂ ਸਾਰੇ ਮੀਡੀਆ ਕਰਮੀਆਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਮੇਰੇ ਰਿਸ਼ਤੇਦਾਰਾਂ ਅਤੇ ਬੱਚਿਆਂ ਨੂੰ ਪ੍ਰੇਸ਼ਾਨ ਨਾ ਕਰਨ।’ ਅੰਜੂ ਦਾ ਵਿਆਹ ਪਹਿਲਾਂ ਅਰਵਿੰਦ ਨਾਲ ਹੋਇਆ ਸੀ, ਜੋ ਕਿ ਰਾਜਸਥਾਨ ਵਿਚ ਹੈ। ਉਨ੍ਹਾਂ ਦੀ ਇਕ 15 ਸਾਲ ਦੀ ਧੀ ਤੇ ਛੇ ਸਾਲ ਦਾ ਪੁੱਤਰ ਹੈ। ਦੱਸਣਯੋਗ ਹੈ ਕਿ ਅੰਜੂ ਅਟਾਰੀ-ਵਾਹਗਾ ਸਰਹੱਦ ਰਾਹੀਂ ਕਾਨੂੰਨੀ ਢੰਗ ਨਾਲ ਪਾਕਿਸਤਾਨ ‘ਚ ਦਾਖਲ ਹੋਈ ਸੀ। ਦਿੱਲੀ ਵਿਚ ਪਾਕਿਸਤਾਨ ਹਾਈ ਕਮਿਸ਼ਨ ਨੂੰ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਵੱਲੋਂ ਭੇਜੇ ਪੱਤਰ ਵਿਚ ਕਿਹਾ ਗਿਆ ਸੀ ਕਿ ਅੰਜੂ ਨੂੰ ਸਿਰਫ਼ ਅੱਪਰ ਦੀਰ ਲਈ 30 ਦਿਨਾਂ ਦਾ ਵੀਜ਼ਾ ਦਿੱਤਾ ਜਾ ਰਿਹਾ ਹੈ। ਨਸਰਉੱਲ੍ਹਾ ਯੂਨੀਵਰਸਿਟੀ ਤੋਂ ਸਾਇੰਸ ਗ੍ਰੈਜੂਏਟ ਹੈ। ਉਸ ਨੇ ਸਥਾਨਕ ਪ੍ਰਸ਼ਾਸਨ ਨੂੰ ਦਿੱਤੇ ਹਲਫਨਾਮੇ ਵਿਚ ਕਿਹਾ ਹੈ ਕਿ ਅੰਜੂ 20 ਅਗਸਤ ਨੂੰ ਭਾਰਤ ਪਰਤ ਜਾਵੇਗੀ।
ਪਤੀ ਨੂੰ ਜੈਪੁਰ ਜਾਣ ਬਾਰੇ ਕਹਿ ਕੇ ਘਰੋਂ ਨਿਕਲੀ ਸੀ ਅੰਜੂ
ਅੰਜੂ ਦੇ ਪਤੀ ਅਰਵਿੰਦ ਨੇ ਭਿਵਾੜੀ, ਰਾਜਸਥਾਨ ਵਿਚ ਮੀਡੀਆ ਨੂੰ ਦੱਸਿਆ ਕਿ ਉਹ ਜੈਪੁਰ ਜਾਣ ਬਾਰੇ ਕਹਿ ਕੇ ਘਰੋਂ ਗਈ ਸੀ, ਪਰ ਮਗਰੋਂ ਪਰਿਵਾਰ ਨੂੰ ਪਤਾ ਲੱਗਾ ਕਿ ਉਹ ਪਾਕਿਸਤਾਨ ਵਿਚ ਹੈ। ਉਸ ਨੇ ਆਸ ਜਤਾਈ ਕਿ ਉਹ ਪਰਤ ਆਵੇਗੀ। ਜ਼ਿਕਰਯੋਗ ਹੈ ਕਿ ਅੰਜੂ ਨਾਲ ਜੁੜੀ ਇਹ ਘਟਨਾ ਸੀਮਾ ਗੁਲਾਮ ਹੈਦਰ ਦੇ ਕੇਸ ਨਾਲ ਮੇਲ ਖਾਂਦੀ ਹੈ। ਚਾਰ ਬੱਚਿਆ ਦੀ ਮਾਂ ਪਾਕਿਸਤਾਨੀ ਨਾਗਰਿਕ ਸੀਮਾ (30) ਹਾਲ ਹੀ ਵਿਚ, ਭਾਰਤ ਦੇ ਨਾਗਰਿਕ ਸਚਿਨ ਮੀਣਾ (22) ਨੂੰ ਮਿਲਣ ਲਈ ਲੁਕਵੇਂ ਢੰਗ ਨਾਲ ਦਿੱਲੀ ਨੇੜੇ ਨੋਇਡਾ ਪਹੁੰਚ ਗਈ ਸੀ। ਉਹ ਦੋਵੇਂ ਇਕ-ਦੂਜੇ ਨੂੰ 2019 ਵਿਚ ‘ਪਬਜੀ’ ਖੇਡਦੇ ਆਨਲਾਈਨ ਮਿਲੇ ਸਨ।
ਪਾਕਿਸਤਾਨ ‘ਚ ਤਿੰਨ ਹਿੰਦੂ ਭੈਣਾਂ ਦਾ ਮੁਸਲਮਾਨਾਂ ਨਾਲ ਜਬਰੀ ਵਿਆਹ
ਕਰਾਚੀ : ਪਾਕਿਸਤਾਨ ਦੇ ਸਿੰਧ ਸੂਬੇ ‘ਚ ਇੱਕ ਹਿੰਦੂ ਕਾਰੋਬਾਰੀ ਦੀਆਂ ਤਿੰਨ ਧੀਆਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਜਬਰੀ ਧਰਮ ਪਰਿਵਰਤਨ ਕੀਤਾ ਗਿਆ ਤੇ ਫਿਰ ਮੁਸਲਿਮ ਵਿਅਕਤੀਆਂ ਨਾਲ ਵਿਆਹ ਕਰਵਾ ਦਿੱਤਾ ਗਿਆ। ਇਹ ਜਾਣਕਾਰੀ ਪਾਕਿਸਤਾਨ ਵਿਚਲੇ ਘੱਟ ਗਿਣਤੀ ਭਾਈਚਾਰਿਆਂ ਦੇ ਹੱਕਾਂ ਬਾਰੇ ਗਰੁੱਪ ਨੇ ਦਿੱਤੀ। ਪਾਕਿਸਤਾਨ ਦਾਰੇਵਾਰ ਇਤਿਹਾਦ ਦੇ ਮੁਖੀ ਸ਼ਿਵਾ ਕਾਚੀ ਨੇ ਦੱਸਿਆ ਕਿ ਇਹ ਘਟਨਾ ਸਿੰਧ ਦੇ ਧਰਕੀ ਇਲਾਕੇ ‘ਚ ਵਾਪਰੀ ਜਿੱਥੇ ਹਿੰਦੂ ਕਾਰੋਬਾਰੀ ਲੀਲਾ ਰਾਮ ਦੀਆਂ ਤਿੰਨ ਧੀਆਂ ਚਾਂਦਨੀ, ਰੋਸ਼ਨੀ ਤੇ ਪਰਮੇਸ਼ ਕੁਮਾਰੀ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਜਬਰੀ ਇਸਲਾਮ ਕਬੂਲ ਕਰਵਾਇਆ ਗਿਆ। ਉਨ੍ਹਾਂ ਕਿਹਾ, ‘ਪੀਰ ਜਾਵੇਦ ਅਹਿਮਦ ਕਾਦਰੀ ਨੇ ਧਰਮ ਪਰਿਵਰਤਨ ਕਰਵਾਇਆ ਤੇ ਬਾਅਦ ਵਿੱਚ ਲੜਕੀਆਂ ਦਾ ਵਿਆਹ ਮੁਸਲਿਮ ਵਿਅਕਤੀਆਂ ਨਾਲ ਕਰ ਦਿੱਤਾ ਗਿਆ।’ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦੀਆਂ ਅਪੀਲਾਂ ਦੇ ਬਾਵਜੂਦ ਹਿੰਦੂ ਲੜਕੀਆਂ ਦਾ ਜਬਰੀ ਧਰਮ ਪਰਿਵਰਤਨ ਕਰਵਾਉਣ ਦੀ ਪ੍ਰਕਿਰਿਆ ਰੁਕ ਨਹੀਂ ਰਹੀ। ਉਨ੍ਹਾਂ ਦੱਸਿਆ ਕਿ ਤਿੰਨੇ ਭੈਣਾਂ ਦਾ ਵਿਆਹ ਉਨ੍ਹਾਂ ਵਿਅਕਤੀਆਂ ਨਾਲ ਕੀਤਾ ਗਿਆ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਅਗਵਾ ਕੀਤਾ ਸੀ।

RELATED ARTICLES
POPULAR POSTS