30 ਲੱਖ ਘਰਾਂ ਅਤੇ ਦਫਤਰਾਂ ਵਿਚ ਬਿਜਲੀ ਹੋਈ ਗੁੱਲ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਫਲੋਰੀਡਾ ਅਤੇ ਨੇੜਲੇ ਖੇਤਰਾਂ ਵਿਚ ਮਿਲਟਨ ਨਾਮ ਦੇ ਆਏ ਤੂਫਾਨ ਅਤੇ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ। ਇਸ ਤੂਫਾਨ ਅਤੇ ਹੜ੍ਹਾਂ ਕਾਰਨ ਫਲੋਰੀਡਾ ਵਿਚ 16 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਅਤੇ ਕਈ ਘਰ ਵੀ ਤਬਾਹ ਹੋ ਗਏ ਹਨ। ਇਸੇ ਦੌਰਾਨ 30 ਲੱਖ ਘਰਾਂ ਅਤੇ ਦਫਤਰਾਂ ਵਿਚ ਬਿਜਲੀ ਵੀ ਗੁੱਲ ਹੋ ਗਈ। ਸੈਂਟਰਲ ਫਲੋਰੀਡਾ ਵਿਚ ਇਸ ਤੂਫਾਨ ਕਰਕੇ 10 ਤੋਂ 15 ਇੰਚ ਤੱਕ ਮੀਂਹ ਪਿਆ, ਜਿਸ ਕਾਰਨ ਹੜ੍ਹ ਆਇਆ। ਮਿਲਟਨ ਨਾਮ ਦਾ ਤੂਫਾਨ ਫਲੋਰੀਡਾ ਦੇ ਤੱਟ ਨਾਲ ਟਕਰਾਉਣ ਵਾਲਾ ਇਸ ਸਾਲ ਦਾ ਤੀਜਾ ਤੂਫਾਨ ਹੈ। ਫਲੋਰੀਡਾ ਦੇ ਗਵਰਨਰ ਡੀਸੈਂਟਿਸ ਨੇ ਕਿਹਾ ਹੈ ਕਿ 3 ਮਿਲੀਅਨ ਤੋਂ ਵੱਧ ਘਰ ਬਿਜਲੀ ਤੋਂ ਬਿਨਾਂ ਹੋ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਤਾਕੀਦ ਕੀਤੀ ਹੈ। ਇਸ ਤੂਫਾਨ ਕਾਰਨ 135 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ, ਜਿਸ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।