Breaking News
Home / ਨਜ਼ਰੀਆ / “ਆਹ ਤੂੰ ਕੀ ਕੀਤਾ ਤਕਦੀਰੇ੩੩..!

“ਆਹ ਤੂੰ ਕੀ ਕੀਤਾ ਤਕਦੀਰੇ੩੩..!

ਡਾ: ਰਛਪਾਲ ਗਿੱਲ ਟੋਰਾਂਟੋ
ਟੋਰਾਂਟੋ ਦੇ ਉੱਤਰ-ਪੱਛਮੀਂ ਖੰਭਾਂ ਦੇ ਕੋਨੇਂ ‘ਤੇ ਵਸਦੇ ਬਰੈਂਪਟਨ ਸ਼ਹਿਰ ਵਿੱਚ, ਮਾਰਚ 19, ਸੋਮਵਾਰ ਵਾਲ਼ੇ ਦਿਨ ਸ਼ਾਮੀਂ ਛੇ ਕੁ ਵਜੇ ਢਹੇ ਖੂਨੀ ਕਹਿਰ ਨੇ ਸਾਰੇ ਪੰਜਾਬੀ ਭਾਈਚਾਰੇ ਨੂੰ ਸੋਗ ਦੀ ਚੰਦਰੀ ਲਹਿਰ ਵਿਚ ਸਮੋ ਲਿਆ ਹੈ। ਸਿੱਟੇ ਵਜੋਂ ਹਰ ਪੰਜਾਬੀ ਦਾ ਹਿਰਦਾ ਬੁਰੀ ਤਰ੍ਹਾਂ ਵਲੂੰਧਰਿਆ ਗਿਆ।
ਅੱਥਰੀ, ਅਵਾਰਾ, ਵਿਗੜੀ, ਅਤੇ ਲੀਹੋਂ ਲੱਥੀ ਮੁੰਡੀਰ ਦੇ ਅੱਠ ਭੂਤਰੇ ਤੇ ਉਲ਼ੱਥ ਛੋਕਰਿਆਂ ਦੇ ਟੋਲੇ ਦੇ ਜ਼ਾਲਮ-ਨਿਰਦੱਈ ਹੱਥਾਂ ਤੋਂ ਇੱਕ ਨਹਾਇਤ ਹੀ ਮਿਹਨਤੀ, ਧਰਮੀ, ਹੋਣਹਾਰ ਅਤੇ ਨਹਿੱਥੇ 21 ਸਾਲਾ ਗੱਭਰੂ ਦਾ ਕਤਲ ਹੋ ਗਿਆ। ਤਿੰਨਾਂ ਭੈਣਾਂ ਦਾ ਇਹ ਚੋਬਰ ਭਰਾ, ਮੇਰੀ ਵੱਡੀ ਭੈਣ ਚਰਨਜੀਤ ਧਾਲ਼ੀਵਾਲ਼ ਦੀ ਨੂੰਹ ਮਨਦੀਪ ਦੀ ਸਕੀ ਭੂਆ ਦਾ ਇੱਕਲੌਤਾ ਬੇਟਾ ਸੀ। ਹਸਦੇ ਵਸਦੇ ਘਰ ਵਿੱਚ ਸੱਥਰ ਵਿੱਛਾ ਦਿੱਤਾ ਇਹਨਾਂ ਦਰਿੰਦਿਆਂ ਨੇ। “ਸੋਨਾ ਸੁਆਹ ਪਲਾਂ ਵਿੱਚ ਕਰਗੀ ਪਈ ਗ਼ੈਬ ਦੀ ਫੇਟੀ” ਬੇ-ਮੁਹਾਰੀ ਮੁੰਡੀਰ ਨੂੰ ਤਹੱਮਲ-ਮਿਜਾਜ਼, ਸਲੀਕੇ ਅਤੇ ਮਰਯਾਦਾ ਦੀ ਮੁਹਾਰਨੀ ਪੜ੍ਹਨੀ ਨਹੀਂ ਆਈ, ਅਤੇ ਨਾ ਹੀ ਅਸੀਂ ਸਿਖਾਇਆ ਹੈ। ਇਸ ਕਿਸਮ ਦੀਆਂ ਵਾਰਦਾਤਾਂ ਦੇ ਰਸਤੇ ਹਮੇਸ਼ਾ ਨਰਕਾਂ ਦੀ ਮੋਰੀ ਵੱਲ ਜਾਂਦੇ ਹਨ।
ਸੋਚਣ ਦੀ ਘੜੀ ਨੇ ਆਪਾਂ ਨੂੰ ਸਮਝਾਉਣ ਲਈ ਹੁਣ ਬੜੀ ਜ਼ੋਰ ਨਾਲ਼ ਠੱਕ-ਠੱਕ ਕਰਨਾ ਸ਼ੁਰੂ ਕਰ ਦਿਤਾ ਹੈ। ਅਕਸਰ ਜ਼ਿਆਦਾ ਗਿਣਤੀ ਵਿਚ ਮਾਪਿਆਂ ਦੀ ਲਾਡ-ਲਡਿੱਕੀ ਅਤੇ ਡਰੂ ਟੋਕ-ਟੁਕਾਈ ਕਰਕੇ ਵਿਗੜੀ ਲਫੰਡਰ-ਮੁੰਡੀਰ ਨੂੰ ਵਿਆਹਾਂ-ਸ਼ਾਦੀਆਂ ਅਤੇ ਅਖੌਤੀ ਸਭਿਆਚਾਰਕ ਸ਼ੋਅ ਰੂਪੀ ਅਖਾੜਿਆਂ ਵਿਚ ਖੜਮਸਤੀ ਕਰਦਿਆਂ, ਖੌਰੂ ਤੇ ਖ਼ਲਲ ਪਾਉਂਦਿਆਂ, ਲਾ-ਲਾ ਕਰਦਿਆਂ ਅਤੇ ਨਿੱਕੀ-ਨਿੱਕੀ ਗੱਲ ਉੱਤੇ ਆਪੇ ਤੋਂ ਬਾਹਰ ਹੁੰਦਿਆਂ ਅਕਸਰ ਦੇਖਿਆ ਜਾਂਦਾ ਹੈ।ઠ
ਸੋਚੋ ਇਹ ਸਾਰਾ ਕੁੱਝ ਆਪਣੀ ਪਨੀਰੀ ਨੂੰ ਕਿਸ ਪਾਸੇ ਵੱਲ ਧੱਕ ਰਿਹਾ ਹੈ। ਹੁਣ ਅੱਖਾਂ ਮੀਚਿਆਂ ਕੁੱਝ ਨਹੀਂ ਲੱਭਣਾ। ਅੱਜ ਇਨ੍ਹਾਂ ਘਰਾਂ ਵਿਚ ਦੀਵੇ ਗ਼ੁਲ ਹੋਏ ਹਨ, ਤੇ ਕੱਲ੍ਹ ਨੂੰ ਮੇਰੇ ਜਾਂ ਤੁਹਾਡੇ ਘਰ ਦੀ ਵਾਰੀ ਆਵੇਗੀ।ઠ
ਸੱਜਣੋਂ! ਸੰਭਲ਼ੋ! ਗੁੱਸਾ ਨਾ ਕਰਿਓ੩… ਟਾਹਰਾਂ ਮਾਰਦੇ ਕਿਸੇ ਵੀ ਧਾਰਮਿਕ ਅਦਾਰਿਆਂ, ਸੰਸਥਾਵਾਂ ਅਤੇ ਸੋਸ਼ਲ ਮਹਿਕਮਿਆਂ ਦੇ ਵਰਕਰਾਂ ਨੇ ਇਸ ਦਾ ਇਲਾਜ ਨਹੀ ਕਰਨਾ। ਇਹ ਚੀਗਾ ਆਪਾਂ ਨੂੰ ਖੁਦ ਹੀ ਚੁੱਕਣਾ ਪਵੇਗਾ। ਇਹ ਪਹਿਲ ਘਰ ਤੋਂ ਸ਼ੁਰੂ ਕਰਨੀ ਪਵੇਗੀ। ਹਰ ਘਰ ਦੇ ਹਰ ਜੀਅ ਨੂੰ ਆਪਣੀ ਜ਼ਿੰਮੇਦਾਰੀ ਆਪ ਸੰਭਾਲਣੀ ਪਵੇਗੀ। ਵੱਧ ਤੋਂ ਵੱਧ ਨੇੜਤਾ ਵਧਾਓ, ਘੁਲ਼-ਮਿਲਣ ਦੀ ਆਦਤ ਪਾ ਕੇ ਬੱਚਿਆਂ ਨਾਲ਼ ਹਰ ਰੋਜ਼ ਮਿੱਥ ਕੇ ਕੁੱਝ ਸਿਹਤਮੰਦ ਪਲ ਸਾਂਝੇ ਕਰੋ। ਉਹਨਾਂ ਦੇ ਸੁਭਾਅ ਦੀ ਡਿਗਰੀ ਅਤੇ ਦਿਸ਼ਾ ਨਾਪੋ। ਉਹਨਾਂ ਨਾਲ਼ ਪੁਰਖਿਆਂ ਅਤੇ ਆਪਣੀ ਦਾਸਤਾਂ ਦੀ ਸਾਂਝ ਪਾਓ। ਠਰੰਮਾ, ਸਹਿਜਤਾ, ਹਲੀਮੀ, ਮਿੱਠਤ, ਨਰਮੀਂ, ਅਤੇ ਗੁਸਾ ਥੁੱਕਣ ਦੇ ਪਾਠ ਪੜ੍ਹਾਓ।ઠ
ਇੱਥੇ ਜ਼ਿਆਦਾਤਰ ਬੱਚੇ ਮਾਪਿਆਂ ਦੀ ਗੱਲ ਨਾ ਤਾਂ ਸੁਣਦੇ ਹਨ, ਨਾ ਸਹਾਰਦੇ ਹਨ, ਅਤੇ ਨਾ ਹੀ ਕੋਈ ਤਵੱਜੋ ਦਿੰਦੇ ਹਨ। ਸਿੱਟੇ ਵਜੋਂ ਉਹ ਅੱਤੜ, ਰੁੱਖੇ, ਘਾਬਰੇ ਵੇ, ਬੇ-ਪ੍ਰਵਾਹ, ਅਤੇ ਕੁਰੱਖ਼ਤ ਸੁਭਾਅ ਦੇ ਬਣ ਜਾਂਦੇ ਹਨ। ਬੇ-ਸ਼ੱਕ! ਇੱਥੋਂ ਦੇ ਬੱਚੇ ਆਪਣੀ ਜ਼ਿੰਦਗੀ ਵਿਚ ਕਿਸੇ ਵੀ ਤਰ੍ਹਾਂ ਦੀ ਦਖ਼ਲ-ਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਦੇ, ਪਰ ਫਿਰ ਵੀ ਮਾਪਿਆਂ ਨੂੰ ਯਤਨ ਕਰਨੇ ਚਾਹੀਦੇ ਹਨ ਕਿ ਬੱਚਿਆਂ ਦੀਆਂ ਰੋਜ਼ਾਨਾ ਗਤੀ-ਵਿਧੀਆਂ ਨੂੰ ਤਾੜਿਆ ਜਾਵੇ, ਬਾਹਰ ਜਾਂਦੇ ਅਤੇ ਵਾਪਿਸ ਆਉਂਦਿਆਂ ਦੇ ਸਮੇਂ ਨੂੰ ਨੋਟ ਕਰਿਆ ਜਾਵੇ। ਜੇ ਤੁਹਾਨੂੰ ਲੱਗਦਾ ਹੈ ਕਿ ਬੱਚਾ ਰਸਤੇ ਤੋਂ ਭਟਕ ਰਿਹਾ ਤਾਂ ਫੌਰਨ ਮਿੱਠੀ ਮਿੱਠੀ ਟੋਕ-ਟੁਕਾਈ ਕਰਕੇ ਤਰੀਕੇ ਅਤੇ ਸਲੀਕੇ ਨਾਲ਼ ਸਮਝਾਉਣ ਦੀ ਹੌਲ਼ੀ ਹੌਲ਼ੀ ਕੋਸ਼ਿਸ਼ ਕਰੋ। ਉਹਨਾਂ ਦੇ ਦੋਸਤਾਂ ਦੇ ਪਿਛੋਕੜ ਦਾ ਪਤਾ ਕਰੋ, ਅਤੇ ਆਨੀਂ-ਬਹਾਨੀਂ ਬੱਚਿਆਂ ਦੀ ਲਗਪਗ ਹਰ ਹਰਕਤ ਉਤੇ ਛੁੱਪਵੀਂ ਬਾਜ਼ ਨਜ਼ਰ ਰੱਖੋ।
ਜਜ਼ਬਾਤੀ ਹੋ ਕੇ ਮੂਲੋਂ ਬਾਹਲ਼ੇ ਲਾਡ ਦੇ ਝੂਟੇ ਦੇ ਕੇ ਖੁਲੇ-ਪਣ ਦੀਆਂ ਵਾਂਗਾਂ ਢਿੱਲੀਆਂ ਕਰਨਾ ਖ਼ਤਰਨਾਕ ਰੁਝਾਨ, ਝੂਠੀ ਵਡਿਆਈ, ਅਤੇ ਫੋਕਾ ਸ਼ੌਕ ਹੈ। ਤੁਹਾਡੇ ਵੱਲੋਂ ਦਿੱਤੀਆਂ ਨਜਾਇਜ਼ ਅਤੇ ਬੇ-ਲੋੜੀਆਂ ਸਹੂਲਤਾਂ ਦੀ ਤਵੱਕੋ ਕਾਰਨ ਉਹ ਘੋਰੀ ਬਣ ਜਾਂਦੇ ਹਨ। ਉਹਨਾਂ ਉੱਤੇ ਜ਼ੁੰਮੇਦਾਰੀਆਂ ਦਾ ਜੂਲ਼ਾ ਪਾ ਕੇ ਉਹਨਾਂ ਦੀ ਸੋਚ ਦਾ ਪਹੀਆ ਚੰਗੇ ਪਾਸੇ ਵੱਲ ਘੁੰਮਾਓ। ਆਪਾਂ ਇੱਕ “ਪਵਿੱਤਰ ਬਾਸੀ” ਤਾਂ ਗੁਆ ਲਿਆ ਹੈ, ਆਓ ਹੁਣ ਕੋਈ ਹੋਰ “ਪਵਿੱਤਰ” ਨਾ ਖੋਹ ਬਹਿਈਏ।
ਇਸ ਅਵੇਸਲ਼ੇ-ਪਣ ਦੀ ਮਦਰਾ ਦੇ ਨਸ਼ੇ ਵਿਚ ਇਕੱਲੇ “ਪਵਿੱਤਰ” ਦਾ ਘਰ ਹੀ ਬਰਬਾਦ ਨਹੀਂ ਹੋਇਆ, ਸਗੋਂ ਇਹ ਤਾਂਡਵ-ਨਾਚ ਨਚਾਕੇ ਮਾਸੂਮ ਜਿੰਦ ਦੇ ਖੂਨ ਵਿਚ ਹੱਥ ਰੰਗਣ ਵਾਲ਼ਿਆਂ ਦੇ ਖੁਦ ਆਪਣੇ ਟੱਬਰਾਂ ਦੀ 30-35 ਸਾਲਾਂ ਵਿਚ ਸਖ਼ਤ ਮਿਹਨਤ ਨਾਲ਼ ਜੋੜੀ ਪਾਈ-ਪਾਈ ਦੀ ਵੀ ਖੇਹ-ਖ਼ਰਾਬੀ ਹੋਈ ਹੈ। ਜਿੱਥੇ ਇਸ ਭਿਅੰਕਰ, ਹਿਰਦੇ-ਵੇਦਿਕ, ਅਤੇ ਡਰਾਉਣੇ ਵਾਕੇ ਨੇ ਸਦਮੇਂ ਦੀ ਖੌਫਨਾਕ ਲਪੇਟ ਵਿਚ ਆਏ ਸਾਰੇ ਟੱਬਰਾਂ ਦੇ ਸੁਖ-ਚੈਨ ਨੂੰ ਤਹਿਸ-ਨਹਿਸ ਕੀਤਾ ਹੈ, ਉੱਥੇ ਨਾਲ਼ ਨਾਲ਼ ਉਹਨਾਂ ਦੇ ਮਾਨਸਿਕ, ਆਰਥਿਕ, ਸਮਾਜਿਕ, ਅਤੇ ਭਾਈਚਾਰੇ ਵਿੱਚ ਕਈ ਤਰ੍ਹਾਂ ਦੇ ਰੰਗੀਨ ਸਵੈ-ਮਾਨੀ ਸੁਪਨਿਆਂ ਨੂੰ ਖੋਰਾ ਲਾ ਕੇ ਬਰਬਾਦੀ ਦੀ ਢਾਅ ਵੀ ਲਾਈ ਹੈ।ઠ
ਮੇਰਾ ਨਿੱਜੀ ਤਜ਼ਰਬਾ ਹੈ ਕਿ ਜੇਕਰ ਬੱਚਿਆਂ ਵਿੱਚ ਭੈੜੀ ਸੰਗਤ ਦੇ ਖ਼ਤਰਨਾਕ ਮਾਹੌਲ ਤੋਂ ਪਾਸਾ ਵੱਟ ਕੇ, ਅੱਗੇ ਵੱਧਣ ਦੀ ਸਮਝ ਵਾਲ਼ੇ ਉਸਾਰੂ ਗੁਣਾ ਦੀ ਥੁੜ ਹੈ, ਤਾਂ ਭਾਵੇਂ ਲੱਖ ਤਰ੍ਹਾਂ ਦੇ ਧਾਰਮਿਕ ਸਬਕਾਂ ਦੀ ਛਹਿਬਰ ਲਾ ਦੇਵੋ, ਉਹ ਸਭ ਬੇ-ਮਤਲਬ ਹਨ। ਆਓ! ਇਸ ਦਰਦਨਾਕ ਘਟਨਾ ਤੋਂ ਕੁੱਝ ਸਿੱਖ ਕੇ ਆਉਣ ਵਾਲ਼ੀਆਂ ਪੀੜ੍ਹੀਆਂ ਦਾ ਅੱਗਾ ਸਵਾਰ ਲਈਏ। ਇਸ ਤੋਂ ਪਹਿਲਾਂ ਕਿ ਸਾਡਾ ‘ਮਿੰਨੀ ਪੰਜਾਬ’—‘ਬਰੈਂਪਟਨ ਸ਼ਹਿਰ’ ਦੂਜਾ ਬਗ਼ਦਾਦ ਬਣ ਜਾਏ, ਸਾਨੂੰ ਧੜਾ-ਧੜ ਖੁੰਭਾਂ ਵਾਂਗੂੰ ਅ-ਦਿਸ ਉਗ ਰਹੇ ਨਿੱਕੇ-ਨਿੱਕੇ ਗਰੁੱਪਾਂ ਦੀ ਸ਼ਕਲ ਵਿਚ ਗੈਂਗਸਟਰਾਂ ਦੀਆਂ ਪੈੜਾਂ ਨੱਪਣੀਆਂ ਪੈਣਗੀਆਂ। ਕਿਤੇ ਦੇਰ ਨਾ ਹੋ ਜਾਏ! ਆਓ! ਆਪਾਂ ਸਾਰੇ ਰਲ਼ਕੇ, ਇਹਨਾਂ ਹਰਲ-ਹਰਲ ਕਰਦੇ ਰਾਹੋਂ ਭਟਕੇ, ਅਤੇ ਖੂੰਖਾਰ ਜ਼ਹਿਨੀਅਤ ਦੇ ਧਾਰਨੀ ਬਣ ਰਹੇ, ਸਾਡੇ ਆਪਣੇ ਹੀ ਇਹਨਾਂ ਭੁੱਲੜ ਨੌਜਵਾਨ ਬੱਚਿਆਂ ਨੂੰ ਸੇਧ ਦੇਣ ਦਾ ਤਹੱਈਆ ਕਰੀਏ ਅਤੇ ਸਾਡੇ ਹੁੰਦਲਹੇੜ, ਸ਼ਾਨਾ-ਮੱਤੇ ਭਾਈਚਾਰੇ ਨੂੰ ਅ-ਪਵਿੱਤਰ ਹੋਣੋਂ ਬਚਾ ਲਈਏ!
ਫੋਨ : 416-669-3434

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …