Breaking News
Home / ਰੈਗੂਲਰ ਕਾਲਮ / ਜੇ ਸਾਡੇ ਲਾਣੇਦਾਰ ਥੋੜ੍ਹੇ ਜਿਹੇ ਹੋਰ ਸਿਆਣੇ ਹੋ ਜਾਣ…

ਜੇ ਸਾਡੇ ਲਾਣੇਦਾਰ ਥੋੜ੍ਹੇ ਜਿਹੇ ਹੋਰ ਸਿਆਣੇ ਹੋ ਜਾਣ…

ਦੀਪਕ ਸ਼ਰਮਾ ਚਨਾਰਥਲ, 98152-52959
ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਰੌਲੇ ਰੱਪੇ ਦੀ ਭੇਟ ਚੜ੍ਹਦਿਆਂ, ਕੌੜੀਆਂ-ਮਿੱਠੀਆਂ ਯਾਦਾਂ ਸਮੇਟਦਿਆਂ ਕੁਝ ਚੰਗੇ ਤੇ ਕੁਝ ਵਿਵਾਦਤ ਫੈਸਲਿਆਂ ਦੇ ਰੂਪ ਵਿਚ ਅਗਲੇ ਸੈਸ਼ਨ ਤੱਕ ਲਈ ਉਠਾ ਦਿੱਤਾ ਗਿਆ। ਪਰ ਸਵਾਲ ਇਹ ਹੈ ਕਿ ਪੰਜਾਬ ਦੇ ਹਰ ਹਲਕੇ ਤੋਂ ਚੁਣ ਕੇ ਆਏ ਵਿਧਾਇਕ ਦੀ ਕੋਸ਼ਿਸ਼ ਇਹੋ ਹੋਣੀ ਚਾਹੀਦੀ ਹੈ ਕਿ ਮੈਂ ਜਿੱਥੇ ਪੰਜਾਬ ਦੀ ਗੱਲ ਕਰਾਂ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰਾਂ ਉਥੇ ਆਪਣੇ ਹਲਕੇ ਦੀ ਤਸਵੀਰ ਵੀ ਵਿਧਾਨ ਸਭਾ ਵਿਚ ਰੱਖਾਂ ਤੇ ਉਸ ਹਲਕੇ ਲਈ ਜੋ ਬਣ ਸਕੇ, ਉਹ ਕਰਵਾ ਸਕਾਂ। ਅਜਿਹਾ ਉਤਾਵਲਾਪਣ ਜਾਂ ਅਜਿਹੀ ਗੰਭੀਰ ਸੋਚ ਜ਼ਿਆਦਾਤਰ ਵਿਧਾਇਕਾਂ ਵਿਚ ਨਜ਼ਰ ਨਹੀਂ ਆਉਂਦੀ। ਚਾਹੇ ਸੱਤਾਧਾਰੀ ਧਿਰ ਹੋਵੇ, ਚਾਹੇ ਵਿਰੋਧੀ ਧਿਰ ਤੇ ਚਾਹੇ ਬਾਕੀ ਦਲਾਂ ਦੇ ਵਿਧਾਇਕ, ਸਾਰਿਆਂ ਵਿਚੋਂ ਅੱਠ-ਦਸ ਵਿਧਾਇਕ ਹੀ ਅਜਿਹੇ ਹਨ, ਜੋ ਮੁੱਦਿਆਂ ਦੇ ਅਧਾਰ ‘ਤੇ ਗੱਲ ਕਰਦੇ ਹਨ ਜਾਂ ਤੱਥਾਂ ਦੇ ਅਧਾਰ ‘ਤੇ ਆਪਣੀ ਤਕਰੀਰ ਰੱਖਦੇ ਹਨ। ਬਹੁਤੇ ਤਾਂ ਬੋਲਣੋ ਬਚਦੇ ਹਨ ਤੇ ਜਿਹੜੇ ਬੋਲਦੇ ਹਨ ਉਨ੍ਹਾਂ ‘ਚ ਕੁਝ ਅਜਿਹੇ ਹਨ ਜੋ ਚੁੱਪ ਹੀ ਨਹੀਂ ਹੁੰਦੇ, ਉਨ੍ਹਾਂ ਨੂੰ ਲੱਗਦਾ ਹੈ ਕਿ ਹਰ ਵਿਸ਼ੇ ਦੇ ਉਹੀ ਮਾਹਰ ਹਨ।
ਚੁਣਿਆ ਹੋਇਆ ਵਿਧਾਇਕ ਇਕ ਵਿਅਕਤੀ ਨਹੀਂ ਹੁੰਦਾ, ਉਹ ਆਪਣੇ ਹਲਕੇ ਦੇ ਲੱਖਾਂ ਲੋਕਾਂ ਦੀ ਨੁਮਾਇੰਦਗੀ ਕਰ ਰਿਹਾ ਹੁੰਦਾ ਹੈ। ਅਜਿਹੇ ਵਿਚ ਜਦੋਂ ਕਿਸੇ ਵਿਧਾਇਕ ਦਾ, ਕਿਸੇ ਮੰਤਰੀ ਦਾ ਕੋਈ ਸਾਹਮਣੇ ਤੋਂ ਦੂਸਰੀ ਪਾਰਟੀ ਦਾ ਲੀਡਰ ਮਜ਼ਾਕ ਉਡਾਵੇ ਤਾਂ ਬਾਕੀ ਸਾਰੇ ਮਿਲ ਕੇ ਹੱਸਣ ਤਾਂ ਇਹ ਮਜ਼ਾਕ ਉਸ ਲੀਡਰ ਦਾ, ਉਸ ਮੰਤਰੀ ਦਾ ਨਹੀਂ ਹੁੰਦਾ, ਇਹ ਮਜ਼ਾਕ ਤਾਂ ਉਸਦੇ ਹਲਕੇ ਦੇ ਲੱਖਾਂ ਲੋਕਾਂ ਦਾ ਵੀ ਹੁੰਦਾ ਹੈ। ਇਸ ਲਈ ਚਾਹੀਦਾ ਤਾਂ ਇਹ ਹੈ ਕਿ ਸਦਨ ਦੇ ਅੰਦਰ ਬੈਠੇ ਲੀਡਰ ਗੰਭੀਰਤਾ ਨਾਲ ਪੰਜਾਬ ਦੇ ਹਿੱਤਾਂ ਲਈ ਕਾਨੂੰਨ ਬਣਾਉਣ, ਪੰਜਾਬ ਦੇ ਹਿੱਤਾਂ ਲਈ ਨੀਤੀਆਂ ਲਾਗੂ ਕਰਨ ਨਾ ਕਿ ਇਕ-ਦੂਜੇ ਨੂੰ ਨੀਵਾਂ ਵਿਖਾਉਣ ਲਈ ਤਰਲੋ ਮੱਛੀ ਹੋਣ। ਕਹਿਣ ਨੂੰ ਇਹ ਸਾਡੇ ਲੰਬੜਦਾਰ ਹਨ, ਅਲੰਬਰਦਾਰ ਹਨ, ਪਰ ਉਹੋ ਜਿਹੀ ਇਹ ਸੂਝਬੂਝ ਕਿਉਂ ਨਹੀਂ ਵਿਖਾਉਂਦੇ। ਹਾਂ, ਇਸ ਵਾਰ ਦੇ ਬਜਟ ਸੈਸ਼ਨ ਵਿਚ ਜੋ ਚੰਗੀ ਗੱਲ ਹੋਈ, ਉਹ ਇਹ ਹੈ ਕਿ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਨੇ ਮਿਲ ਕੇ ਫੈਸਲਾ ਲਿਆ ਕਿ ਜਦੋਂ ਵਿਰੋਧੀ ਧਿਰ ਦਾ ਲੀਡਰ ਬੋਲੇਗਾ ਤਾਂ ਸਾਰਾ ਸਦਨ ਸ਼ਾਂਤੀਪੂਰਵਕ ਉਸ ਨੂੰ ਸੁਣੇਗਾ। ਇਸੇ ਤਰ੍ਹਾਂ ਜਦੋਂ ਪੰਜਾਬ ਦਾ ਮੁੱਖ ਮੰਤਰੀ ਸੰਬੋਧਨ ਕਰੇਗਾ ਤਦ ਵੀ ਸਦਨ ਗੰਭੀਰਤਾ ਨਾਲ ਉਸ ਨੂੰ ਸੁਣੇਗਾ। ਇਹ ਫੈਸਲਾ ਸ਼ਲਾਘਾਯੋਗ ਹੈ। ਇਸ ‘ਤੇ ਅਮਲ ਵੀ ਹੁੰਦਾ ਦਿਸਿਆ, ਪਰ ਇਹੋ ਰੂਲ ਸਮੁੱਚੀ ਕਾਰਗੁਜ਼ਾਰੀ ‘ਤੇ ਜੇਕਰ ਲਾਗੂ ਹੋ ਜਾਵੇ ਤਾਂ ਪੰਜਾਬ ਦਾ ਵੀ ਕੁਝ ਭਲਾ ਹੋ ਜਾਵੇ। ਇਸ ਲਈ ਸਾਡੀ ਤਾਂ ਸਾਰੇ ਲਾਣੇਦਾਰਾਂ ਨੂੰ ਇਹੋ ਬੇਨਤੀ ਹੈ ਕਿ ਤੁਸੀਂ ਸਿਆਣੇ ਹੋ, ਬਸ ਥੋੜ੍ਹੇ ਜਿਹੇ ਸਿਆਣੇ ਹੋਰ ਹੋ ਜਾਵੋ।

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 16ਵੀਂ ਸਹਿਜ-ਸੁਖਾਵੇਂ ਹਾਲਾਤ ਦੇ ਫਲਸਰੂਪ ਮੇਰੀ ਸੁੱਕ ਚੁੱਕੀ ਸਿਰਜਣਾਤਮਿਕ ਨਦੀ ਮੁੜ ਸਿੰਮ …