12.3 C
Toronto
Saturday, April 18, 2026
spot_img
Homeਰੈਗੂਲਰ ਕਾਲਮਬਗਲਿਆਂ ਦੇ ਆਉਣ ਦੀ ਰੁੱਤ

ਬਗਲਿਆਂ ਦੇ ਆਉਣ ਦੀ ਰੁੱਤ

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ94174-21700
ਪੰਜਾਬ ਵਿੱਚ ਇਹਨੀਂ ਦਿਨੀਂ (ਮਾਲਵਾ ਖਿੱਤੇ ‘ਚ ਖਾਸ ਕਰਕੇ) ਬਗਲਿਆਂ ਦੀ ਭਰਮਾਰ ਹੈ। ਇਹ ਛੇ ਮਹੀਨੇ ਬਾਅਦ ਆਉਂਦੇ ਨੇ। ਇਹ ਅਸਮਾਨੀ ਬਗਲੇ ਹਨ, ਇਨਸਾਨੀ ਨਹੀਂ। ਇਹ ਸੱਚ ਹੈ ਕਿ ਕੁਝ ਬਗਲੇ ਧਰਤੀ ਉੱਤੇ ਵੀ ਫਿਰਦੇ ਨੇ, ਇਹ ਅਸਮਾਨੀ ਬਗਲਿਆਂ ਤੋਂ ਬੜੇ ਭਿੰਨ ਹਨ। ਅਸਮਾਨੀ ਬਗਲੇ ਚਿੱਟਮ-ਚਿੱਟੇ ਹਨ, ਦੁੱਧ ਧੋਤੇ ! ਧਰਤੀ ਉੱਤੇ ਫਿਰਨ ਵਾਲੇ ਬਗਲੇ ਰੰਗ-ਬਰੰਗੇ ਹਨ। ਧਰਤੀ ਉੱਤੇ ਫਿਰਦੇ ਬਹੁਤੇ ਬਗਲੇ ਵੋਟਾਂ ਵੇਲੇ ਨਿਕਲਦੇ ਨੇ ਜਾਂ ਫਿਰ ਨੋਟਾਂ ਵੇਲੇ। ਫਿਰ ਅਚਾਨਕ ਛਾਂਈ-ਮਾਂਈ ਹੋ ਜਦੇ ਨੇ। ਫਿਰ ਜਦੋਂ ਇਹਨਾਂ ਦੀ ਅਸਲੀ ਰੁੱਤ ਆਉਂਦੀ ਹੈ ਤਾਂ ਆਣ ਬਹੁੜੀਆਂ ਘੱਤਦੇ ਨੇ। ਚਲੋ ਖੈਰ….! ਆਪਾਂ ਇਨਸਾਨੀ ਬਗਲਿਆਂ ਦੀ ਗੱਲ ਕਿਸੇ ਹੋਰ ਸਮੇਂ ‘ਤੇ ਛੱਡੀਏ ਤੇ ਅਸਮਾਨੀ ਬਗਲਿਆਂ ਦੀ ਗੱਲ ਸਿਰੇ ਲਾਈਏ।  ਜੇ ਇਨਸਾਨੀ ਬਗਲੇ ਚਤੁਰ ਤੇ ਚੁਸਤ ਹਨ ਤਾਂ ਅਸਮਾਨੀ ਬਗਲੇ ਵੀ ਇਹਨਾਂ ਤੋਂ ਰਤਾ ਵੀ ਘੱਟ ਨਹੀਂ।
ੲੲੲ
ਮੀਂਹ ਪੈ ਕੇ ਹਟਿਆ ਹੀ ਸੀ ਤੇ ਮੌਸਮ ਵੀ ਹਾਲੇ  ਨਹੀਂ ਸੀ ਨਿੱਖਰਿਆ।  ਸਾਰੇ ਗਲੀ-ਗੁਆਂਢ ਵਿਚ ਰੌਲਾ ਪੈਣ ਲੱਿਗਆ ਕਿ ਬਗਲੇ ਫਿਰ ਆ ਗਏ ਬਈ ਬਗਲੇ ਆ ਗਏ ਨੇ। ਅਹੁ ਵੇਖੋ, ਬਗਲੇ ਆ ਬੈਠੇ ਨੇ ਕਿੱਕਰਾਂ ਉਤੇ। ਸਾਡੇ ਮਾਲਵੇ ਖਿੱਤੇ ਵਿਚ  ਪਹਾੜੀ ਕਿੱਕਰਾਂ ਦੀ ਬਹੁਤਾਤ ਹੈ। ਹੁਣ ਤੁੱਕਿਆਂ ਵਾਲੀਆਂ ਤੇ ਖੱਟੇ ਵਾਸ਼ਨੀ ਫੁੱਲਾਂ ਵਾਲਅਿਾਂ ਕਿੱਕਰਾਂ ਦੀ ਨਸਲ ਖਤਮ ਹੋ ਰਹੀ ਹੈ ਤੇ ਪਹਾੜੀ ਕਿੱਕਰਾਂ ਨੇ ਥਾਂ-ਥਾਂ ਆਪਣੇ ਪੈਰ ਪਸਾਰ ਲਏ ਨੇ। ਤੁੱਕਿਆਂ ਵਾਲੀਆਂ ਕਿੱਕਰਾਂ ਜਿਵੇਂ ਕਹਿ ਰਹੀਆਂ ਹੋਣ ਕਿ ਹੁਣ ਸਾਡਾ ਏਥੇ ਕੀ ਕੰਮ …ਹੁਣ ਬੰਦਾ ਆਪੇ ਤੁੱਕੇ ਲਾਈ ਜਾਂਦਾ ਹੈ।
ਇਹਨਾਂ ਕਿੱਕਰਾਂ ਦੇ ਤੁੱਕਿਆਂ ਦਾ ਅਚਾਰ ਬੜਾ ਸਵਾਦੀ ਹੁੰਦਾ ਸੀ ਤੇ ਖੱਟੇ-ਖੱਟੇ ਫੁੱਲਾਂ ਦੀ ਵਾਸ਼ਨਾ ਅੱਜ ਵੀ ਯਾਦ ਆ ਰਹੀ ਹੈ। ਤੇ ਇਹ ਪਹਾੜੀ ਕਿੱਕਰਾਂ ਸਿਵਾਏ ਦੁੱਖ ਦੇਣ ਤੋਂ ਹੋਰ ਕੱਖ ਵੀ ਨਹੀਂ ਦੇਂਦੀਆਂ। ਨਾ ਸੁੱਕਦੀਆਂ ਨੇ। ਨਾ ਮੁੱਕਦੀਆਂ ਨੇ। ਜਿੰਨਾ ਮਰਜ਼ੀ ਤੇਜ਼ ਹਨੇਰ ਵੀ ਆ ਜਾਏ ਨਾ ਡਿੱਗਦੀਆਂ ਨੇ। ਬੇਢਬੀਆਂ ਜਿਹੀਆਂ।  ਆਪ ਮੁਹਾਰੀਆਂ ਜਿਹੀਆਂ। ਕੋਈ ਆਜੜੀ ਕਹਿਣ ਲੱਗਿਆ ਕਿ ਇਹ ਬੱਕਰੀਆਂ ਦੀਆਂ ਮੀਂਗਣਾ ਤੋਂ ਉਗਦੀਆਂ ਨੇ। ਸੋ, ਸਾਡੇ ਆਢ-ਗੁਆਂਢ ਤਾਂ ਬੱਕਰੀਆਂ ਵੀ ਬਹੁਤ ਨੇ।
ਸਵੇਰੇ ਗੁਰਦਵਾਰੇ ਭਾਈ ਜੀ ਹਾਲੇ ਬੋਲਿਆਂ ਨਹੀਂ ਹੁੰਦਾ, ਲਾਗਲੇ ਮੇਜਰ ਕੇ ਵਾੜੇ ਵਿਚੋਂ ਬੱਕਰੀਆਂ ਤੇ ਬੱਕਰਿਆਂ ਦੀ ਬੈਂ-ਬੈਂ ਪਹਿਲਾਂ ਸੁਣਨ ਪੱਗ ਪੈਂਦੀ ਹੈ।
ਮੇਰੇ ਚੁਬਾਰੇ ਦੇ ਨੇੜੇ ਕਰਕ ੇ ਇੱਕ ਵੱਡੀ ਪਹਾਂਵੀ ਕਿੱਕਰ ਖਾਸਾ ਫੈਲੀ ਹੋਈ ਹੈ, ਮੇਰੇ ਚੁਬਾਰੇ ਦੇ ਵਿਹੜੇ ਤੋਂ ਬਿਨਾਂ ਆਂਢ-ਗੁਆਂਢ ਦੇ ਵਿਹੜਿਆਂ ਤੱਕ ਤੇ ਗਲੀ ਦੇ ਵਿਚਕਾਰ ਵੀ ਫੈਲੀ ਹੋਈ ਹੈ। ਇਸ ਪਹਾਵੀ ਕਿੱਕਰ ਉਤੇ ਬੈਠੇ ਬਗਲਿਆਂ ਤੋਂ ਮੈਂ ਵੀ ਪੀੜਤ ਹਾਂ। ਇਹ ਬਗਲੇ ਪਹਿਲਾ ਕਦੀ ਨਹੀਂ ਸਨ ਬਹੁੜੇ। ਹੁਣੇ ਈ ਆਉਣ ਲੱਗੇ ਨੇ ਤਿੰਨ ਕੁ ਵਰ੍ਹਿਆਂ ਤੋਂ। ਮੈਂ ਬੜੀ ਰੀਝ ਨਾਲ ਵੇਖਿਆ ਹੈ। ਅਸਮਾਨੀ ਬਗਲੇ ਹਮੇਸ਼ਾ ਕੰਡਿਆਲੇ ਰੁੱਖਾਂ ਉੱਤੇ ਆਪਣੇ ਆਲ੍ਹਣੇ ਬਣਾਉਂਦੇ ਨੇ ਤੇ ਆਂਡੇ ਦੇ ਕੇ ਬੱਚੇ ਕੱਢਦੇ ਨੇ। ਗਰਮੀ ਮੁੱਕਣ ‘ਤੇ ਬੱਚੇ ਪੰਖੇਰੂ ਹੋਣ ‘ਤੇ ਵਤਨਾਂ ਵੱਲ ਉਡਾਰੀ ਮਾਰ ਜਾਂਦੇ ਨੇ। ਇਹ ਕੰਡਿਆਲੇ ਰੁੱਖਾਂ ਉੱਤੇ ਇਸ ਕਾਰਨ ਆਲ੍ਹਣੇ ਬਣਾਉਂਦੇ ਨੇ ਕਿ ਇੱਕ-ਇੱਕ  ਤੀਲਾ-ਤੀਲਾ ਇਕੱਠਾ ਕਰਕੇ ਚਿਣਦਿਆਂ-ਕਰਦਿਆਂ ਤੀਲੇ ਕੰਢਿਆਂ ਵਿੱਚ ਫਸਣ ਕਾਰਣ ਆਲ੍ਹਣਾ ਸੌਖਾ ਤੇ ਸਖ਼ਤ ਬਣ ਜਾਂਦਾ ਹੈ। ਦੂਜਾ ਇਹ ਕਿ ਕੰਡਿਆਲੇઠਰੁੱਖ ਉੱਤੇ ਕੋਈ ਜਨੌਰ (ਜੀਵ) ਇਹਨਾਂ ਦੇ ਅੰਡੇ ਭੰਨਣ-ਪੀਣ ਲਈ ਨਹੀਂ ਚੜ੍ਹਦਾ। ਤੀਜਾ, ਇਹ ਕਿ ਜਿਹੜੇ ਰੁੱਖ ਤੇ ਇੱਕ ਵਾਰੀ ਇਹ ਆ ਬੈਠੇ,ઠਹਰ ਸਾਲ ਉਸੇ ਉੱਤੇ ਹੀ ਆ ਕੇ ਡੇਰਾ ਲਗਾਉਣਗੇ, ਕਿਧਰੇ ਹੋਰ ਨਹੀ ਜਾਣਗੇ। ਇਹ ਸੋਚ ਕੇ ਤੇ ਦੇਖ ਕੇ ਹੈਰਾਨ ਹੁੰਦਾ ਹਾਂ ਕਿ ਕਿ ਇਹਨਾਂ ਨੂੰ ਇਉਂ ਇਹਨਾਂ ਕਿੱਕਰਾਂ ਦੇ ਸਿਰਨਾਵੇਂ ਕਿਵੇਂ ਚੇਤੇ ਰਹਿ ਜਾਦੇ ਨੇ? ਇਹਨਾਂ ਦਾ ਮੁਸ਼ਕ ਬੜਾ ਹੀ ਭੈੜਾ ਹੈ। ਨੱਕ ਨੂੰ ਬਹੁਤ ਹੀ ਬੁਰੀ ਤਰ੍ਹਾਂ ਚੜ੍ਹਦਾ ਹੈ। ਜਿੱਥੇ ਇਹ ਆਲ੍ਹਣੇ ਪਾਉਂਦੇ ਹਨ, ਉਥੇ ਨੇੜੇ-ਤੇੜੇ ਲੋਕਾਂ ਦਾ ਰਹਿਣਾ ਦੁੱਭਰ ਹੋ ਜਾਂਦਾ ਹੈ। ਇਹਨਾਂ ਦਿਨਾਂ ਵਿੱਚ ਮੀਹਾਂ ਦੀ ਭਾਰੀ ਆਮਦ ਹੁੰਦੀ ਹੈ। ਜਦੋਂ ਮੀਂਹ ਆਉਂਦਾ ਹੈ, ਇਹ ਬਗਲੇ ਰਲ-ਮਿਲਕੇ ਬੜੀ ਭੈੜੀ ਬੋਲੀ ਬੋਲਦੇ ਹਨ,ઠ”ਚੁਰ….ਚੁਰ..ਚੁਰ..ਕੁਰੜ…ਕੁਰੜ…ਕੁਰੜ !” ਦਰਖੱਤ ਦੇ ਹੇਠਾਂ ਬਿੱਠਾਂ ਦੇ ਢੇਰ। ਹੁੰਮਸ ਵੱਧਣ ਨਾਲ ਹੋਰ ਵੀ ਔਖਾ ਹੋ ਜਾਂਦਾ ਹੈ। ਲੋਕ ਹਾਰ ਕੇ ਇਹਨਾਂ ਨੂੰ ਡਲੇ-ਵੱਟੇ ਸੁੱਟ ਕੇ, ਰੁੱਖਾਂ ਟਾਹਣੀਆਂ ਵੱਢਕੇ  ਭਜਾਉਣ ਦਾ ਯਤਨ ਕਰਦੇ ਨੇ ਪਰ ਇਹ ਬਗਲੇ ਢੀਠ ਹਨ ਪੂਰੇ । ਮੈਂ ਹਰ ਸਾਲ ਇਹਨਾਂ ਨੂੰ ਨੇੜਿਉਂ ਦੇਖਦਾ ਤੇ ਜਾਣਦਾ ਹਾਂ । ਮੈਨੂੰ ਵੀ ਇਹ ਡਾਹਢਾ ਦੁੱਖ ਦਿੰਦੇ ਹਨ। ਮੇਰੇ ਚੁਬਾਰਿਆ ਦੇ ਬੂਹੇ ਬੰਦ ਹੋ ਜਾਂਦੇ ਨੇ। ਕਿਸੇ ਮਹਿਮਾਨ ਨੂੰ ਘਰੇ ਨਹੀਂ ਵਾੜਦਾ। ઠਮੈਨੂੰ ਮੇਰੇ ਪਿੰਡ ਦੇ ਇੱਕ ਬਜ਼ੁਰਗ ਤਾਏ ਪ੍ਰੀਤਮ ਸਿੰਘ ਨੇ ਦੱਸਿਐ ਕਿ ਇਹ ਬੱਚੇ ਕੱਢਕੇ, ਉਡਾਰੂ ਕਰਕੇ ਨਾਲ ਹੀ ਉਡਾ ਲੈ ਜਾਂਦੇ ਨੇ, ਦੂਰੋਂ ਆਏ ਬੁੱਢੇ ਬਗਲੇ ਰਾਹ ਵਿੱਚ ਥੱਕ ਹਾਰ ਕੇ ਜਾਂ ਬਿਮਾਰ ਹੋ ਕੇ ਮਰ ਮੁੱਕ ਜਾਂਦੇ ਹਨ ਤੇ ਬੱਚੇ ਜੁਆਨ ਹੋ ਕੇ ਫਿਰ ਹਰ ਸਾਲ ਮਾਂ-ਪਿਉ ਦੇ ਬਣਾਏ ਆਲਣਿਆਂ ਉੱਤੇ ਆ ਟਿਕਦੇ ਨੇ। ਇਹ ਗੱਲਾਂ ਸੁਣਦਿਆਂ ਮੇਰੀ ਸੋਚ ਦੀ ਸੂਈ ਹਰੀ ਕੇ ਪੱਤਣ ਪੰਛੀਆਂ ਦੀ ਰੱਖ (ਵਰਲਡ ਸੈਂਚੁਰੀ) ਉਤੇ ਘੁੰਮਣ ਲੱਗ ਪਈ, ਜਿੱਥੇ ਵੱਖ-ਵੱਖ ਮੁਲਕਾਂ ਤੋਂ ਅਣਗਿਣਤ  ਵੰਨ-ਸੁਵੰਨੇ ਪੰਛੀ ਹਰ ਸਾਲ ਗਰਮੀ ਦੀਆਂ ਛੁੱਟੀਆਂ ਕੱਟਣ ਆਉਂਦੇ ਨੇ। ਆਪਣੀ ਡਾਇਰੀ ਦੇ ਪੰਨੇ ਲਿਖਦਾ ਹੋਇਆ ਆਪਣੇ ਸ਼ਾਇਰ ਮਿੱਤਰ ਡਾ. ਕੇਵਲ ਅਰੋੜਾ ਦੀਆਂ ਕਾਵਿ-ਤੁਕਾਂ ਵੀ ਸਾਂਝੀਆਂ ਕਰਦਾ ਜਾਵਾਂ :
ਰਹਿੰਦੇ ਵੀ ਸੀ ਹੰਸ ਏਥੇ
ਮੋਤੀ ਚੁਗ ਲੈ ਗਏ,
ਹੁਣ ਸਾਡੇ ਛੱਪੜਾਂ ‘ਤੇ,
ਬਗਲੇ ਹੀ  ਰਹਿ ਗਏ
[email protected]

RELATED ARTICLES
POPULAR POSTS