ਇੱਕ ਨਾਲ ਦਿਲ ਲਗਾਉਣਾ ਸਿੱਖ।
ਮਾਫ਼ੀ ਮੰਗ ਪਛਤਾਉਣਾ ਸਿੱਖ।
ਕੱਚਿਆਂ ਉੱਤੇ ਲਾ ਕੇ ਤਾਰੀ,
ਸੱਚਾ ਇਸ਼ਕ ਨਿਭਾਉਣਾ ਸਿੱਖ।
ਸਵਾਲੀ ਨਾ ਜਾਏ ਦਰ ਤੋਂ ਖਾਲੀ,
ਖ਼ੈਰ ਪਿਆਰ ਨਾਲ ਪਾਉਣਾ ਸਿੱਖ।
ਪਿਆਰ ਮੁਹੱਬਤ ਦੂਰ ਦੀਆਂ ਗੱਲਾਂ,
ਚੀਰ ਕੇ ਪੱਟ ਖੁਆਉਣਾ ਸਿੱਖ।
ਨਫ਼ਰਤ, ਸਾੜੇ ਕੰਮ ਨਾ ਆਉਣੇ,
ਪਿਆਰ ਦਾ ਹੱਥ ਵਧਾਉਣਾ ਸਿੱਖ।
ਸਭ ਦੇ ਭਲੇ ‘ਚ ਤੇਰਾ ਭਲਾ,
ਰਲ ਮਿਲ ਈਦ ਮਨਾਉਣਾ ਸਿੱਖ।
ਸੀਨੇ ਗ਼ਮ ਛੁਪਾ ਕੇ ਰੱਖੀਏ,
ਹੰਝੂਆਂ ਨੂੰ ਸਮਝਾਉਣਾ ਸਿੱਖ।
ਸਿਰ ਤੇ ਪੰਡ ਦੁੱਖਾਂ ਦੀ ਭਾਵੇਂ,
ਚੁੱਕ ਕੇ ਵੀ ਮੁਸਕ੍ਰਾਉਣਾ ਸਿੱਖ।
ਇਹ ਜੱਗ ਚਾਰ ਦਿਨਾਂ ਦਾ ਮੇਲਾ,
ਆਇਉਂ ਵਾਂਙ ਪ੍ਰਾਹੁਣਾ ਸਿੱਖ।
– ਸੁਲੱਖਣ ਮਹਿਮੀ +647-786-6329